ਮੋਮਬੱਤੀ ਬਾਲ ਕੇ ਮੈਂ ਥੜੇ ਉਤੇ ਰਖਦੀ ਹਾਂ ! (ਨਿੱਕੀ ਕਹਾਣੀ)
ਆਓ ਭੈਣ ਜੀ ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੂ ਨੂੰ ਖੁਸ਼ ! (ਪ੍ਰਬੰਧਕ ਕਮੇਟੀ ਤੋਂ ਲਿੱਤੇ ਸਟਾਲ 'ਤੇ ਮੋਮਬਤੀਆਂ ਵੇਚ ਰਿਹਾ ਦੁਕਾਨਦਾਰ ਬੋਲਿਆ) !
ਹਰਨਾਮ ਕੌਰ : ਹੈ ? ਗੁਰਪੁਰਬ ਦੇ ਮੌਕੇ 'ਤੇ ਮੋਮਬੱਤੀ ਜਲਾਉਣ ਨਾਲ ਗੁਰੂ ਸਾਹਿਬ ਖੁਸ਼ ਹੋ ਜਾਂਦੇ ਨੇ ? (ਜਾਣ-ਬੂਝ ਕੇ ਅਨਜਾਣ ਬਣਦੀ ਹੈ!) ਪਹਿਲਾਂ ਕਿਓਂ ਨਹੀ ਦਸਿਆ ਵੀਰ ? ਮੈਂ ਤੇ ਸੋਚਦੀ ਸੀ ਕੀ ਚੰਗਾ ਜੀਵਨ ਜੀਉਣ ਨਾਲ ਅਤੇ ਗੁਰਬਾਣੀ ਦੇ ਰਾਹ ਤੇ ਚਲਣ ਨਾਲ ਗੁਰੂ ਸਾਹਿਬ ਖੁਸ਼ ਹੁੰਦੇ ਨੇ !
ਦੁਕਾਨਦਾਰ : ਇਹ ਦੋ ਮੋਮਬਤੀਆਂ ਬੱਚੇ ਵਾਸਤੇ ਵੀ ਲਵੋ .. ਤਾਂਕਿ ਇਹ ਵੀ ਗੁਰੂ ਘਰ ਨਾਲ ਜੁੜ ਸਕਣ !
(ਇਤਨੇ ਵਿਚ ਉਨ੍ਹਾਂ ਦੇ ਕੋਲੋਂ ਹੇਡ-ਗ੍ਰੰਥੀ ਗੁਰਨਾਮ ਸਿੰਘ ਜੀ ਨਿਕਲਦੇ ਹਨ... ਹਰਨਾਮ ਕੌਰ ਉਨ੍ਹਾਂ ਨੂੰ ਰੋਕ ਲੈਂਦੀ ਹੈ )
ਹਰਨਾਮ ਕੌਰ : ਭਾਈ ਸਾਹਿਬ ਜੀ, ਇੱਕ ਗੱਲ ਦੱਸੋ ਕਿ ਜੱਦ ਤੁਹਾਨੂੰ ਖੁਦ ਨੂੰ ਪਤਾ ਹੈ ਕੀ ਇਹ ਸਭ ਕਰਮ ਮਨਮੱਤ ਹਨ ਤੇ ਫਿਰ ਤੁਸੀਂ ਕਿਓਂ ਨਹੀ ਇਨ੍ਹਾਂ ਮਨਮਤਾਂ ਨੂੰ ਰੋਕਦੇ ?
ਗੁਰਨਾਮ ਸਿੰਘ : ਭੈਣ ਜੀ, ਮੈਂ ਸ਼ੁਰੂ ਸ਼ੁਰੂ ਵਿਚ ਕੋਸ਼ਿਸ਼ ਕਿੱਤੀ ਸੀ, ਪਰ ਪ੍ਰਬੰਧਕਾਂ ਨੇ ਬਹੁਤ ਡਾਂਟਿਆ ਕੀ ਸੰਗਤਾਂ ਦਿਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ ! ਜੋ ਪ੍ਰੇਮ ਨਾਲ ਕਰ ਰਿਹਾ ਹੈ ਕਰਨ ਦਿਓ, ਆਪਣੀ ਗੁਰਮਤ ਸਾਂਭ ਕੇ ਰਖੋ`, ਵਰਨਾ ਕਿਧਰੇ ਹੋਰ ਨੌਕਰੀ ਵੇਖੋ ! ਹੁਣ ਅਸੀਂ ਵੀ ਬੱਚੇ ਪਾਲਨੇ ਨੇ ਭੈਣ, ਇਨ੍ਹਾਂ ਪ੍ਰਬੰਧਕਾਂ ਦੇ ਮੂੰਹ ਕੌਣ ਲੱਗੇ ? ਦੁਖ ਤੇ ਸਾਨੂੰ ਵੀ ਬਹੁਤ ਹੁੰਦਾ ਹੈ ਕੀ ਇਹ ਮਨਮਤ ਕਿਵੇਂ ਫੈਲ ਰਹੀ ਹੈ ! ਕੀਮਤੀ ਸੰਗਮਰਮਰ ਲਗਾ ਕੇ ਫਿਰ ਉਸਨੂੰ ਮੋਮ ਤੇ ਅੱਗ ਨਾਲ ਖਰਾਬ ਕਰ ਦੇਣਾ ਕਿਥੋਂ ਦੀ ਸਿਆਨਪ ਹੈ ? ਬਸ ਵੇਖਾ ਵੇਖੀ ਭੇੜਚਾਲ ਚੱਲ ਰਹੀ ਹੈ ! ਪ੍ਰਬੰਧਕ ਚਾਹੁਣ ਤੇ ਇਹ ਦੁਕਾਨਦਾਰ ਇਥੇ ਨਜ਼ਰ ਨਾ ਆਉਣ ਪਰ ....... (ਠੰਡਾ ਹਉਕਾ ਭਰਦਾ ਹੈ ...)
ਹਰਨਾਮ ਕੌਰ : ਆਮ ਸਿੱਖ ਗੁਰਮਤ ਆਪ ਜੀ ਪਾਸੋਂ ਹੀ ਸਿਖਦਾ ਹੈ, ਪਰ ਆਪ ਹੀ ਨੌਕਰੀ ਦੇ ਡਰ ਨਾਲ ਚੁੱਪ ਬੈਠੇ ਹੋ, ਤੇ ਫਿਰ ਤੇ ਗੁਰਮਤ ਦਾ ਭੋਗ ਪੈਣਾ ਪੱਕਾ ਹੈ ! ਵਾੜ ਹੀ ਖੇਤ ਨੂੰ ਖਾ ਰਹੀ ਹੈ! ਰਖਵਾਲਾ ਹੀ ਬਾਗ ਦਾ ਦੁਸ਼ਮਨ ਬਣ ਬੈਠਾ ਹੈ !
ਗੁਰਨਾਮ ਸਿੰਘ : ਭੈਣੇ, ਮੈਂ ਸ਼ਰਮਿੰਦਾ ਹਾਂ ... ਮੈਂ ਜਾਣਦਾ ਹਾਂ ਕੀ ਗੁਰਮਤ ਨੂੰ ਵਿਸਾਰ ਕੇ ਹੀ ਮੇਰੀ ਪੇਟ ਦੀ ਭੁਖ ਸ਼ਾਂਤ ਹੋ ਰਹੀ ਹੈ, ਪਰ ਮੈਂ ਮਜਬੂਰ ਹਾਂ ! ਮੈਂ ਅੱਜ ਕੁਛ ਕਹਾਂਗਾ ਤੇ ਕੱਲ ਹੀ ਕੋਈ ਦੂਜਾ ਗ੍ਰੰਥੀ ਆ ਜਾਵੇਗਾ, ਮੇਰੇ ਤੋਂ ਵੀ ਘਟ ਤਨਖਾਹ ਤੇ ਕੰਮ ਕਰਨ ਲਈ ! ਫਿਰ ਨੌਕਰੀ ਕੀ ਤੇ ਨਖਰਾ ਹੀ ? ਜੋ ਮਾਲਕ ਕਹੇ ਅਸੀਂ ਤੇ ਓਹੀ ਕਰ ਰਹੇ ਹਾਂ ... !
ਹਰਨਾਮ ਕੌਰ ਦੁਖ ਨਾਲ ਭਰੀ ਉਨ੍ਹਾਂ ਵਾਲ ਵੇਖਦੀ ਹੈ ਤੇ ਬੋਲਦੀ ਹੈ .. “ਮਾਲਕ ਕਹੇਗਾ ਕੀ ਖੂੰਹ ਵਿਚ ਛਾਲ ਮਾਰੋ, ਤੇ ਕੀ ਮਾਰ ਦਵੋਗੇ ?
ਗੁਰਨਾਮ ਸਿੰਘ ਗੱਲ ਨੂੰ ਸਮਝਦਾ ਹੋਇਆ ਅੱਖਾਂ ਨੀਵੀਆਂ ਪਾ ਕੇ ਇੱਕ ਪਾਸੇ ਤੁਰ ਪੈਂਦਾ ਹੈ ! ਹਰਨਾਮ ਕੌਰ ਵੀ ਮਨਮਤ ਦਾ ਭੰਗੜਾ ਵੇਖ ਦੇ ਆਪਣੇ ਰਾਹ ਪੈਂਦੀ ਹੈ !
ਦੁਕਾਨਦਾਰ ਦੀ ਆਵਾਜ਼ ਮਨਮਤ ਦੇ ਢੋਲ ਵਾਂਗ ਗੂੰਜਦੀ ਹੈ ..... “ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੂ ਨੂੰ ਖੁਸ਼ !”
Leave a Comment