ਕਬਜ਼ਾ ਸਿਆਸਤ ਦਾ ! (ਨਿੱਕੀ ਕਹਾਣੀ)

ਚੱਲ ਬਈ ਮੁਖਤਿਆਰ ਸਿੰਘਾਂ, ਪੰਜ ਕੁ ਅਖਾਣ ਅੱਤੇ ਉਨ੍ਹਾਂ ਦੇ ਅਰਥ ਕਰ ਕੇ ਸੁਣਾ! (ਮਾਸਟਰ ਜੀ ਨੇ ਇਸ਼ਾਰਾ ਕੀਤਾ)

ਮੁਖਤਿਆਰ ਸਿੰਘ : ਮਾਸਟਰ ਜੀ, ਭਾਵ ਅਰਥ ਪੁਰਾਣੇ ਵਾਲੇ ਕਰਾਂ ਜਾਂ ਅੱਜ ਦੇ ਸਮੇਂ ਦੇ ?

ਮਾਸਟਰ ਜੀ : ਪੁਰਾਣੇ ਤੇ ਮੈਨੂੰ ਵੀ ਪਤਾ, ਚੱਲ ਤੂੰ ਨਵੇਂ ਅਰਥ ਕਰ ! 

ਮੁਖਤਿਆਰ ਸਿੰਘ : " ਰਾਈ ਦਾ ਪਹਾੜ ਬਣਾਉਣਾ " - ਸੀਸ ਗੰਜ ਸਾਹਿਬ ਦੇ ਪਿਆਊ ਵਾਲੇ ਮੁੱਦੇ ਤੇ ਸਿਆਸੀ ਆਗੂਆਂ ਅੱਤੇ ਪ੍ਰਸ਼ਾਸਨ ਨੇ ਨਿੱਕੀ ਜਿਹੀ ਗੱਲ ਨੂੰ ਆਪਣੇ ਗੈਰ-ਜਿੰਮੇਦਾਰ ਵਤੀਰੇ ਨਾਲ ਪਹਾੜ ਜਿੱਡਾ ਪੰਥਕ ਮਸਲਾ ਬਣਾ ਕੇ ਰੱਖ ਦਿੱਤਾ !

" ਅੱਗ ਲੈਣ ਆਈ ਘਰ ਵਾਲੀ ਬਣ ਬੈਠੀ " - ਸਿੱਖਾਂ ਨੇ ਇਹ ਕਮੇਟੀਆਂ ਗੁਰਦੁਆਰਾ ਪ੍ਰਬੰਧ ਦੀ ਸੇਵਾ ਕਰਨ ਨੂੰ ਬਣਾਈਆਂ ਸਨ, ਪਰ ਇਹ ਪ੍ਰਬੰਧਕ ਖੁਦ ਨੂੰ ਗੁਰਦੁਆਰਿਆਂ ਅੱਤੇ ਸਿੱਖਾਂ ਦੇ ਮਾਲਕ ਸਮਝਣ ਲੱਗੇ ਹਨ ਤੇ ਗੰਦੀ ਸਿਆਸਤ ਵਿੱਚ ਲਿਬੜ ਗਏ ਹਨ !

" ਸੋਚ ਕਰੇ ਸੋ ਸੁੱਘੜ ਨਰ, ਕਰ ਸੋਚੇ ਅਸਲ ਖਰ " - ਜੇਕਰ ਅਦਾਲਤ ਦੇ ਫੈਸਲੇ ਅੱਤੇ ਪੁਲਿਸ ਦੇ ਮਸ਼ਵਰੇ 'ਤੇ ਵਿਚਾਰ ਕਰ ਕੇ ਸਮੇਂ ਸਿਰ ਮੌਕਾ ਸੰਭਾਲ ਲਿਆ ਹੁੰਦਾ ਤੇ ਪਿਆਊ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕਰ ਲਿਆ ਜਾਂਦਾ, ਤਾਂ ਇਤਨਾ ਵੱਡਾ ਸਿਆਸੀ ਹੰਗਾਮਾ ਨਹੀਂ ਹੋਣਾ ਸੀ, ਪਰ ਸਿਆਸੀ ਰੋਟੀਆਂ ਲਈ ਪਹਿਲਾਂ ਗੱਲ ਵਧਾ ਲਈ ਤੇ ਹੁਣ ਪੰਥ ਉੱਤੇ ਖਤਰਾ ਕੂਕ ਕੂਕ ਕੇ ਆਮ ਸੰਗਤ ਨੂੰ ਵਖਤਾ ਪਾਇਆ ਹੋਇਆ ਹੈ ਤੇ ਸਿੱਖਾਂ ਦਾ ਅਕਸ ਸਮਾਜਿਕ ਤੌਰ 'ਤੇ ਵਿਗਾੜਨ ਦੀ ਕੁਨੀਤੀ ਖੇਡ ਦਿੱਤੀ ਗਈ ਹੈ ! ਪਹਿਲਾਂ ਲੰਮੀ ਨਦਰ ਰੱਖੀ ਹੁੰਦੀ ਤਾਂ ਬਾਅਦ ਵਿਚ ਇਹ ਸਮਾਂ ਨਾ ਵੇਖਣਾ ਪੈਂਦਾ ! ਮੋਰਚੇ ਪਹਿਲਾਂ ਵੀ ਲੱਗਦੇ ਰਹੇ ਨੇ ਤੇ ਸਿੰਘਾਂ ਨੇ ਗੁਰੂ ਦੀ ਲੜ ਲੱਗ ਕੇ ਫਤਿਹ ਹੀ ਪਾਈ ਹੈ !

" ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ " - ਬਹੁਤ ਅਸਾਨ ਹੈ ਵੱਡੇ ਵੱਡੇ ਬੋਲ ਤੇ ਬੜਕਾਂ ਮਾਰ ਕੇ ਮਾਹੌਲ ਖਰਾਬ ਕਰਨਾ, ਪਰ ਬਾਅਦ ਵਿੱਚ ਹੋਣ ਵਾਲੇ ਨਤੀਜਿਆਂ ਬਾਰੇ ਵੀ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਤੇ ਇਸ ਬਾਬਤ ਤਕਰੀਬਨ ਸਾਰੀਆਂ ਹੀ ਧਿਰਾਂ ਨੇ ਕੋਈ ਸੁਚੱਜਾ ਰੁੱਖ ਨਹੀਂ ਵਿਖਾਇਆ ! ਹੁਣ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਸਾਰੀਆਂ ਧਿਰਾਂ ਬਰੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ !

" ਕੁੱਕੜ ਖੇਹ ਉਡਾਈ, ਆਪਣੇ ਹੀ ਸਿਰ ਪਾਈ " - ਸਿੱਖਾਂ ਦੀ ਗੁੜਤੀ ਵਿੱਚ ਹੀ ਦੇਸ਼ ਸੇਵਾ, ਪੰਥ ਸੇਵਾ ਪ੍ਰਧਾਨ ਹੈ ! ਸਿੱਖਾਂ ਨੇ ਆਪਨੇ ਦੇਸ਼ ਅੱਤੇ ਧਰਮ ਲਈ ਹਮੇਸ਼ਾ ਸਿਰ ਤਲੀ ਤੇ ਰਖਿਆ ਹੈ ! ਪਰ ਇਸ ਮਸਲੇ ਵਿੱਚ ਇਨ੍ਹਾਂ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਸਿਆਸੀਆਂ ਨੇ ਦੂਰ ਦ੍ਰਿਸ਼ਟੀ ਨਾਲ ਕੰਮ ਨਾ ਲੈ ਕੇ ਤੇ ਫੋਕੀ ਵਾਹ ਵਾਹੀ ਲੁੱਟਣ ਲਈ ਇਸ ਪੂਰੇ ਮਸਲੇ ਨੂੰ ਗਲਤ ਢੰਗ ਨਾ ਪ੍ਰੋਜੇਕਟ ਕੀਤਾ ਤੇ ਆਪਣੇ ਨਾਲ ਨਾਲ ਸਰਬਤ ਸੰਗਤਾਂ ਨੂੰ ਵੀ ਨਮੋਸ਼ੀ ਵਿਖਾਈ ! ਜੇਕਰ ਪਿਆਊ ਪਹਿਲਾਂ ਹੀ ਕਾਨੂਨੀ ਦਾਇਰੇ ਵਿੱਚ ਸੀ ਤਾਂ ਤੋੜਨ ਕਿਓਂ ਦਿੱਤਾ ? ਤੇ ਜੇਕਰ ਕਾਨੂਨੀ ਦਾਇਰੇ ਦੇ ਬਾਹਰ ਸੀ ਤਾਂ ਪਹਿਲਾਂ ਹੀ ਇਲਾਜ ਕਿਓਂ ਨਾ ਕੀਤਾ ਤੇ ਦੁਬਾਰਾ ਕਿਓਂ ਬਣਾਇਆ ? ਹੁਣ ਧਰਮ ਦੀ ਰਖਿਆ ਦੇ ਨਾਮ ਤੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ !

ਲੋ ਮਾਸਟਰ ਜੀ.. ਹੋ ਗਏ ਪੂਰੇ ਪੰਜ ... ਹੋਰ ਸੁਣਾਵਾਂ ?

ਮਾਸਟਰ (ਅੱਖਾਂ ਅੱਡਦਾ ਹੋਇਆ) : ਕਾਕੇ, ਤੂੰ ਕੁਝ ਜਿਆਦਾ ਹੀ ਸਿਆਣਾ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ? ਮੈਂ ਤੈਨੂੰ ਕੁਝ ਕਿਹਾ ਤੇ ਤੂੰ ਆਪਣੀਆਂ ਉਲਟੀਆਂ ਕਰਨ ਲੱਗਾ ?

ਮੁਖਤਿਆਰ ਸਿੰਘ : ਮੈਂ ਤੇ ਸਿਰਫ "ਚੋਰਾਂ ਨੂੰ ਕਿਹਾ ਕੀ ਲੱਗੋ ਰਹੋ, ਸਾਧਾਂ ਨੂੰ ਕਿਹਾ ਕਿ ਜਾਗੋ" ! ਅਖੀਰ ਜਾਗਣਾ ਤਾਂ ਆਮ ਜਨਤਾ ਭਾਵ ਸੰਗਤਾਂ ਨੂੰ ਪੈਣਾ ਹੈ ! ਇਨ੍ਹਾਂ ਦੇ ਭਰੋਸੇ ਸੁੱਤੇ ਰਹਾਂਗੇ ਤਾਂ "ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ" ਵਾਲੀ ਗਲ ਹੋ ਜਾਵੇਗੀ ! ਗੁਰੂ ਦੀ ਮੱਤ ਵਿਸਾਰ ਕੇ ਜਦੋਂ ਆਪਣੀ ਮੱਤ ਸਾਹਮਣੇ ਰੱਖੀ ਜਾਂਦੀ ਹੈ ਤਾਂ ਇਸ ਤਰੀਕੇ ਦੀ ਨਮੋਸ਼ੀ ਸਾਹਮਣੇ ਆਉਂਦੀ ਹੈ ! ਗਲਤੀ ਸਰਕਾਰ ਅੱਤੇ ਪ੍ਰਸ਼ਾਸਨ ਦੀ ਵੀ ਹੈ ਤੇ ਸਿੱਖਾਂ ਦੀ ਲੀਡਰਾਂ ਦੀ ਵੀ ! ਦੋਹਾਂ ਨੂੰ ਇਸ ਮਸਲੇ ਨੂੰ ਤਾਕਤ ਨਾਲ ਨਹੀਂ, ਬਲਕਿ ਆਪਸੀ ਗੱਲ ਬਾਤ ਨਾਲ ਸੁਲਝਾਉਣਾ ਚਾਹੀਦਾ ਸੀ !

ਚਲ ਬਈ ਸਿੰਘ ਜਸਵਿੰਦਰ, ਦੋ ਕੁ ਚੁਟਕੁਲੇ ਹੀ ਸੁਣਾ ਦੇ ! ਥੋੜਾ ਮਾਹੋਲ ਬਦਲ ਜਾਵੇਗਾ ! ਤੁਸੀਂ ਬੈਠੋ ਬਾਬਾ ਜੀ ! (ਮਾਸਟਰ ਜੀ ਨੇ ਮੁਖਤਿਆਰ ਵੱਲ ਇਸ਼ਾਰਾ ਕਰਦਿਆਂ ਕਿਹਾ)