ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ! (ਨਿੱਕੀ ਕਹਾਣੀ)
ਲੈ ਬਈ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਵੀ ਆ ਗਈ ਬਿਨਾ ਸ਼ਰਤ ਮਾਫ਼ੀ ਲਈ ! "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਆਖ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਹੀ ਮੁਆਫੀ ਦੇਣ ਵਾਲੇ ਜੱਥੇਦਾਰ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਤੋਂ ਬਾਅਦ "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਆਖ ਕੇ ਮੁਆਫੀ ਦੇਣਗੇ ? (ਹਰਜੀਤ ਸਿੰਘ ਨੇ ਪੁਛਿਆ)
ਹਰਪਾਲ ਸਿੰਘ : ਜਲ੍ਹਿਆਂਵਾਲੇ ਬਾਗ਼ ਦੇ ਗੁਨਾਹਗਾਰ ਜਨਰਲ ਡਾਇਰ ਦਾ ਅਕਾਲ ਤਖ਼ਤ ਤੇ ਸਨਮਾਨ ਕੀਤੇ ਜਾਣ ਦੀ ਮਿਸਾਲ ਸਾਡੇ ਸਾਹਮਣੇ ਹੀ ਹੈ ਜਿਸਨੂੰ ਬਿਨਾ ਸ਼ਰਣ ਆਏ ਨੂੰ ਘਰ ਬੈਠੇ ਮਾਫ਼ ਕਰ ਦਿੱਤਾ ਗਿਆ, ਤੇ ਮਜੀਠੀਆ ਵਰਗੀ ਮਿਸਾਲ ਵੀ ਹੈ ਜਿਸਨੂੰ ਨਿੱਕੀ ਜਿਹੀ ਗਲਤੀ ਆਖ ਕੇ ਮਾਫੀਨਾਮਾ ਮਿਲ ਗਿਆ ।
ਦੂਜੇ ਪਾਸੇ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ, ਪ੍ਰੋਫੇਸਰ ਦਰਸ਼ਨ ਸਿੰਘ ਆਦਿ ਵਰਗੇ ਕੇਸ ਵੀ ਸਾਹਮਣੇ ਹਨ, ਜਿਨ੍ਹਾਂ ਵਿੱਚ "ਜੋ ਸ਼ਰਣ ਆਵੇ ਤਿਸ ਕੰਠ ਲਾਏ" ਸਿਧਾਂਤ ਭੁਲਾ ਦਿੱਤਾ ਗਿਆ ! ਇਸ ਤੋਂ ਸਾਫ ਪਤਾ ਲਗਦਾ ਹੈ ਕਿ ਗੁਰੂ ਸਿਧਾਂਤ ਨੂੰ ਭੁਲਾ ਕੇ ਅੱਜਕਲ ਹੁਕਮਨਾਮੇ ਮਹਿਜ ਵੋਟ ਰਾਜਨੀਤੀ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਜਾਂਦੇ ਹਨ। ਸਾਡੇ ਸਾਹਮਣੇ ਭਾਈ ਘਨਈਆ ਜੀ ਦਾ ਉਦਾਹਰਣ ਹੈ ਜਿਨ੍ਹਾਂ ਨੇ ਦੁਨਿਆਵੀ ਧਾਰਣਾ ਵਿੱਚ ਨਿਸ਼ਕਾਮ ਸੇਵਾ ਕਰਕੇ "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਨੂੰ ਹੰਡਾ ਕੇ ਵਿਖਾਇਆ ਤੇ ਦੂਜੇ ਪਾਸੇ ਗੁਰੂ ਦੀ ਮੱਤ ਨੂੰ ਆਪਨੇ ਜੀਵਨ ਵਿੱਚ ਢਾਲਣ ਕਰਕੇ ਗੁਰੂ ਜੀ ਨੇ "ਜੋ ਸ਼ਰਣ ਆਵੇ ਤਿਸ ਕੰਠ ਲਾਏ" ਭਾਵ ਹੁਕਮ ਵਿੱਚ ਰਹਿਣ ਕਰਕੇ ਉਨ੍ਹਾਂ ਨੂੰ ਆਪਣੇ ਗੱਲ ਨਾਲ ਲਾਇਆ!
ਹਰਜੀਤ ਸਿੰਘ : ਆਪਣੀ ਕੁੱਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ? ਮੈਨੂੰ ਭਾਰੀ ਅਫਸੋਸ ਹੈ ਕੀ ਮੈਂ ਆਪਣੇ ਬੱਚਿਆਂ ਸਾਹਮਣੇ ਇਹ ਨਹੀਂ ਆਖ ਸਕਦਾ ਕੀ ਅਜੋਕੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸਿਆਸਤ ਦਾ ਕੇਂਦਰੀ ਅਸਥਾਨ ਹੈ ਕਿਓਂ ਕੀ "ਨਾ ਤਾਂ ਓਥੇ ਸਿੱਖ ਬੈਠਦੇ ਹਨ ਨਾ ਗੁਰਮਤ ਅਨੁਕੂਲ ਸਿਆਸਤ ਦੀ ਕੋਈ ਬਾਨਗੀ ਦਿਖਦੀ ਹੈ .... ਕਹਿੰਦੇ ਹਨ ਕੀ ਮਨੁੱਖੀ ਸ਼ਰੀਰ ਵਿੱਚੋਂ ਜਦੋਂ ਧੁਰਾ ਭਾਵ ਨਾਭੀ ਹਿਲ ਜਾਂਦੀ ਹੈ ਤਾਂ ਧਰਨ ਪੈ ਜਾਂਦੀ ਹੈ ਜਿਸ ਨਾਲ ਮਨੁੱਖ ਦੀ ਹਾਲਤ ਮਾੜੀ ਹੋ ਜਾਂਦੀ ਹੈ, ਭਾਵੇਂ ਦਿਸਣ ਵਿੱਚ ਮਨੁੱਖ ਸਿਹਤਮੰਦ ਨਜਰੀ ਆਉਂਦਾ ਹੈ ! ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੁੰਦੀ ਸਿੱਖ ਸਿਆਸਤ ਵੀ ਇਸ ਵੇਲੇ ਆਪਣਾ ਧੁਰਾ ਛੱਡ ਚੁਕੀ ਹੈ ਤੇ ਬੀਮਾਰ ਪੈ ਗਈ ਹੈ !
ਹਰਪਾਲ ਸਿੰਘ : ਜਿਹੜੀਆਂ ਕੌਮਾਂ ਆਪਣਿਆਂ ਨਾਲ ਇਨਸਾਫ਼ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਆਪਣੇ ਨਾਲ ਹੋਈ ਬੇਇਨਸਾਫੀ ਦਾ ਗਿਲਾ ਨਹੀਂ ਕਰਨਾ ਚਾਹੀਦਾ ! "ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ" ਨੂੰ ਸਮਝ ਕੇ ਸਿੱਖਾਂ ਨੂੰ ਆਪਸੀ ਏਕੇ ਵੱਲ ਵਧਣਾ ਚਾਹੀਦਾ ਹੈ ਵਰਨਾ ਅੱਜ ਕਲ ਤਾਂ ਹਾਲਾਤ "ਆਪਣੀਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ" ਵਾਲਾ ਹਾਲ ਵਾਲੀ ਹੈ !
"ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ" ਵਾਂਗ ਮਨਮਤ ਜਿਆਦਾ ਹੈ ਤੇ ਗੁਰਮਤ ਘੱਟ, ਤਾਂ ਫਿਰ ਗੁਰਮਤ ਅਨੁਕੂਲ ਫੈਸਲੇ ਕਿਵੇਂ ਆਉਣਗੇ ? ਅੱਜ ਵੀ ਨਾਂ ਜਾਗੇ ਤਾਂ ਫਿਰ "ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।" ਵਾਲਾ ਹਾਲ ਹੋਵੇਗਾ ! ਭਾਰੀ ਅਫਸੋਸ ਹੈ ! (ਅੱਖਾਂ ਦੀ ਗਿੱਲੀ ਨੁੱਕਰ ਸਾਫ਼ ਕਰਦੇ ਹੋਏ ਹਰਜੀਤ ਸਿੰਘ ਨੇ ਕਿਹਾ)