ਯਾਦਗਾਰ ! (ਨਿੱਕੀ ਕਹਾਣੀ)
ਕਿਓਂ ਨਹੀਂ ਬਣਨ ਦੇਣੀ ਯਾਦਗਾਰ ? (ਗੁੱਸੇ ਵਿਚ ਭਰੇ ਮਨਜੋਤ ਸਿੰਘ ਨੇ ਗਾਲ ਕਢਦੇ ਕਢਦੇ ਹੋਏ ਕਿਹਾ) ਇਸ ਯਾਦਗਾਰ ਨਾਲ ਸਾਡਾ ਅਕਸ ਅਤੇ ਸਾਡੇ ਤੇ ਹੋਏ ਜੁਲਮ ਦੁਨੀਆਂ ਅੱਗੇ ਆਉਣਗੇ ! ਕੀ ਇਹ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ? (ਭੈੜਾ ਜਿਹਾ ਮੂੰਹ ਬਣਾਉਂਦਾ ਹੈ) !
ਕੁਲਜੀਤ ਸਿੰਘ ਬੜੇ ਧਿਆਨ ਨਾਲ ਉਸਦੀਆਂ ਗੱਲਾਂ ਸੁਣ ਰਿਹਾ ਸੀ !
ਮਨਜੋਤ ਸਿੰਘ : ਸਾਡੇ ਲੀਡਰ ਕੋਈ ਝੱਲੇ ਥੋੜੇ ਹਨ ਜੋ ਜੀ ਜਾਨ ਲਗਾ ਕੇ ਇਸ ਨੂੰ ਬਣਾਉਣਾ ਚਾਹੁੰਦੇ ਹਨ ?
ਕੁਲਜੀਤ ਸਿੰਘ : ਭਾਵੇਂ ਗੁਰੂ ਦੀ ਚਲਦੀ ਫਿਰਦੀ ਯਾਦਗਾਰ ਖਤਮ ਹੋਣ ਦੇ ਨੇੜੇ ਪੁੱਜ ਗਈ ਹੈ, ਪਰ ਇਹ ਇੱਟ-ਪਥਰਾਂ ਦੀ ਯਾਦਗਾਰ ਬਣਾਉਂਦੀ ਜਰੂਰੀ ਹੈ ? ਪਹਿਲਾਂ ਗੁਰੂ ਸਾਹਿਬਾਨ ਅਤੇ ਸਮੂਹ ਸ਼ਹੀਦਾਂ ਦੀ ਯਾਦਗਾਰ ਤੇ ਸੰਭਾਲ ਲਵੋ !
ਮਨਜੋਤ ਸਿੰਘ : ਹੈਂ ? ਕੀ ਗੱਲ ਕਰ ਰਹੇ ਹੋ ? ਹੋਸ਼ ਘਰ ਛੱਡ ਆਏ ਹੋ ? ਕੀ ਕਹਿਣਾ ਚਾਹੁੰਦੇ ਹੋ ? ਕੀ ਤੁਸੀਂ ਵੀ ਯਾਦਗਾਰ ਦੇ ਖਿਲਾਫ਼ ਹੋ ?
ਕੁਲਜੀਤ ਸਿੰਘ (ਮੁਸਕੁਰਾਉਂਦਾ ਹੈ) : ਹਾਂ ਮੈਂ ਯਾਦਗਾਰ ਦੇ ਖਿਲਾਫ਼ ਹਾਂ ਜੇਕਰ ਓਹ ਮੇਰੇ ਗੁਰੂ ਦੀ ਸਿੱਖੀ ਦੀ ਕਬਰ ਤੇ ਬਣ ਰਹੀ ਹੈ !
ਮਨਜੋਤ ਸਿੰਘ (ਥੋੜੀ ਜਿਹੀ ਉਲਝਨ ਵਿਚ) : ਯਾਰ, ਖੁਲ ਕੇ ਕਹੋ ਨਾ ! ਇਤਨਾ ਦਿਮਾਗ ਨਹੀਂ ਹੈ ਮੇਰੇ ਵਿਚ !
ਕੁਲਜੀਤ ਸਿੰਘ : ਤੁਹਾਨੂੰ ਪੰਜਾਬ ਵਿਚ ਕਿਤਨੇ ਕੁ ਪੂਰਨ ਕੇਸ਼ਾਂਧਾਰੀ ਸਿੱਖ ਨਜ਼ਰ ਆਉਂਦੇ ਹਨ ? ਤੁਹਾਨੂੰ ਵਿਦੇਸ਼ਾਂ ਵਿਚ ਕਿਤਨੇ ਕੁ ਪੂਰਨ ਕੇਸ਼ਾਂਧਾਰੀ ਸਿੱਖ ਨਜ਼ਰ ਆਉਂਦੇ ਹਨ ? ਨਾਮ ਨਾਲ ਸਿੰਘ ਲਗਾ ਕੇ ਕੇਸ਼ ਕਤਲ ਕਰਾ ਕੇ, ਸ਼ਰਾਬਾਂ, ਮੁੰਹ ਵਿਚ ਗਾਲਾਂ ਦਾ ਭੰਡਾਰ, ਦਿਮਾਗ ਤੋਂ ਕੋਰੇ, ਗੁਰਬਾਣੀ ਤੋ ਦੂਰ, ਵਹਿਮਾਂ-ਭਰਮਾਂ ਦੇ ਵਿਚ ਖਚਿਤ ! ਮਾਰ ਕੁਟਾਈ ਵਿਚ ਮਹਾਰਥ ਤੇ ਆਪਣੇ ਗੁਰੂ ਦੇ ਵਿਰਸੇ ਉੱਤੇ ਫੋਕਾ ਦਿਖਾਵੇ ਵਾਲਾ ਅਭਿਮਾਨ ਕੀ ਅਸੀਂ ਸਿੱਖ ਪਰਿਵਾਰ ਵਿਚ ਜਨਮ ਲਿਆ ਹੈ ਤੇ ਸਭ ਜਾਣਦੇ ਹਾਂ (ਭਾਵੇਂ ਮੁਹਰੇ ਹੋ ਕੇ ਦੁਨਿਆਵੀ ਸੁਖਾਂ ਲਈ ਤੇ ਸੋਸਾਇਟੀ ਦੇ ਨਾਮ ਤੇ ਗੁਰੂ ਨੂੰ ਬੇਦਾਵਾ ਦੇ ਦਿੱਤਾ ਹੈ ਭਾਵੇ ਕੇਸ਼ ਕਤਲ ਕਰ ਦਿੱਤੇ ਹਨ) !
ਮਨਜੋਤ ਸਿੰਘ : ਗੱਲ ਕੀ ਹੋ ਰਹੀ ਹੈ ਤੇ ਤੁਸੀਂ ਕੀ ਗੱਲ ਲੈ ਕੇ ਬੈਠ ਗਏ ! ਗੱਲ ਯਾਦਗਾਰ ਦੀ ਹੋ ਰਹੀ ਹੈ ਤੇ ਤੁਹਾਨੂੰ ਪਤਿਤਪੁਣਾ ਸੂਝ ਰਿਹਾ ਹੈ ?
ਕੁਲਜੀਤ ਸਿੰਘ (ਥੋੜਾ ਜਿਹਾ ਗੰਭੀਰ ਹੋ ਕੇ ) : ਇੱਕ ਸਿੱਖ ਨੂੰ ਵੇਖਣ ਨਾਲ ਲੋਕਾਂ ਨੂੰ ਉਸ ਦਾ ਗੁਰੂ ਯਾਦ ਆਣਾ ਚਾਹੀਦਾ ਸੀ ! ਇੱਕ ਸਿੱਖ ਦੇ ਬੋਲਣ ਨਾਲ ਲੋਕਾਂ ਨੂੰ ਉਸ ਵਿਚੋਂ ਗੁਰੂ ਨਜ਼ਰ ਆਣਾ ਚਾਹੀਦਾ ਸੀ ਤੇ ਗੁਰੂ ਦੀ ਯਾਦ ਤਾਜ਼ਾ ਹੋਣੀ ਚਾਹੀਦੀ ਸੀ ! ਪਰ ਅਸੀਂ ਲੋਕਾਂ ਨੇ ਆਪਣੇ ਗੁਰੂ ਦੀ ਯਾਦਗਾਰ (ਸਿੱਖੀ ਸਰੂਪ ਅੱਤੇ ਸਿੱਖੀ ਗੁਣ) ਨੂੰ ਵਿਸਾਰ ਦਿੱਤਾ ਹੈ !
(ਰੋਹ ਵਿਚ ਬੋਲਦਾ ਰਹਿੰਦਾ ਹੈ)
ਯਾਦਗਾਰ ਬਣਾਉਣੀ ਹੈ ਤੇ ਸਭ ਤੋਂ ਪਹਿਲਾਂ ਆਪਣੀ ਪਛਾਣ ਨੂੰ ਗੁਰੂ ਦੀ ਯਾਦਗਾਰ ਬਣਾਓ ! ਯਾਦਗਾਰ ਬਣਾਉਣੀ ਹੈ ਤੇ ਸਭ ਤੋਂ ਪਹਿਲਾਂ ਆਪਣੇ ਪੁਰਾਤਨ ਸਿੱਖ ਸ਼ਹੀਦਾਂ ਜਿਨ੍ਹਾਂ ਨੇ ਆਪਣੀ ਸਿੱਖੀ ਕੇਸ਼ਾਂ-ਸੁਵਾਸਾਂ ਨਾਲ ਨਿਭਾਈ, ਉਨ੍ਹਾਂ ਪੂਰਨਿਆਂ ਤੇ ਚੱਲ ਕੇ ਕੇਸ਼ਾ ਧਾਰੀ ਅਤੇ ਗੁਰਮਤ ਜੀਵਨ ਵਸਾ ਕੇ ਆਪਣੀ ਪਛਾਣ ਨੂੰ ਸ਼ਹੀਦਾਂ ਦੀ ਯਾਦਗਾਰ ਬਣਾਓ ! ਤੁਸੀਂ ਚੱਲੋ ਤੇ ਲੋਕਾਂ ਨੂੰ ਤੁਹਾਡੇ ਵਿਚੋਂ ਤੁਹਾਡੇ ਗੁਰੂ ਦੀ ਯਾਦ ਆਵੇ ਐਸੀ ਯਾਦਗਾਰ ਚਾਹੀਦੀ ਹੈ ਅੱਜ ਦੇ ਸਮੇਂ ਵਿਚ ! ਸਿੱਖ ਪੂਰੀ ਦੁਨੀਆਂ ਵਿਚ ਹਨ ਤੇ ਇੱਕ ਇੱਕ ਸਿੱਖ ਆਪਣੇ ਆਪ ਵਿੱਚ ਗੁਰੂ ਦੀ ਅੱਤੇ ਸ਼ਹੀਦਾਂ ਦੀ ਯਾਦਗਾਰ ਹੋਣਾ ਚਾਹੀਦਾ ਹੈ ! ਬਾਕੀ ਸਭ ਸਿਆਸਤ ਹੈ !
(ਅੱਖਾਂ ਵਿਚ ਹੰਝੂ ਭਰ ਕੇ ਪੁਛਦਾ ਹੈ) .. ਵੀਰ, ਕੀ ਅਜੇਹੀ ਯਾਦਗਾਰ ਬਣਾਉਣ ਦੇ ਹੱਕ ਵਿਚ ਹੋ ?
Leave a Comment