A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸਾਡਾ ਹੱਕ ? (ਨਿੱਕੀ ਕਹਾਣੀ)

ਸਾਨੂੰ ਇਨਸਾਫ਼ ਚਾਹੀਦਾ ਹੈ, ਸਾਨੂੰ ਗਰੀਬਾਂ ਨੂੰ ਇਥੇ ਧਰਮ ਅਸਥਾਨ ਵਿਚ ਪੰਜ-ਸੱਤ ਹਜ਼ਾਰ ਵਿਚ ਰਖਿਆ ਹੋਇਆ ਹੈ. ਤਨਖਾਹ ਵਧਾਉਣ ਦੀ ਗੱਲ ਕਰੋ ਤੇ ਨੌਕਰੀ ਤੋਂ ਕਢ ਦੇਣ ਦੀ ਧਮਕੀ ਦਿੰਦੇ ਹਨ. (ਗਰੀਬੜਾ ਜਿਹਾ ਦਿਸਦਾ ਹਰਨਾਮ ਸਿੰਘ ਦੱਸ ਰਿਹਾ ਸੀ)

ਦਲਜੀਤ ਸਿੰਘ : ਅੱਜ ਦੇ ਸਮੇਂ ਵਿਚ ਇਤਨੀ ਘੱਟ ਤਨਖਾਹ ? ਵਾਕਈ ਹੀ ਨਾਜਾਇਜ਼ ਗੱਲ ਹੈ ! ਤੁਸੀਂ ਇੱਕ ਕੰਮ ਕਰੋ, ਆਪਣੀ ਤਨਖਾਹ ਪੰਜ-ਸੱਤ ਜੋ ਵੀ ਹੈ, ਸਾਡੇ ਕੋਲ ਜਮਾ ਕਰਵਾ ਦਿਆ ਕਰੋ, ਤੇ ਸਾਡੀ ਸੰਸਥਾ ਤੁਹਾਨੂੰ ਆਪਣੇ ਕੋਲੋਂ ਹਰ ਮਹੀਨੇ ਪੈਂਤੀ ਤੋਂ ਚਾਲੀ ਹਜ਼ਾਰ ਰੁਪਏ ਦਿਆ ਕਰੇਗੀ, ਬਸ ਤੁਸੀਂ ਪਰਚਾਰ ਮਨਮਤ ਵਿਸਾਰ ਕੇ ਗੁਰਮਤ ਅਨੁਸਾਰ ਕਰਿਆ ਕਰੋ ਤੇ ਆਪਣੀ ਡਿਉਟੀ ਪੂਰੀ ਇਮਾਨਦਾਰੀ ਨਾਲ ਨਿਭਾਓ !

ਹਰਨਾਮ ਸਿੰਘ (ਖੁਸ਼ ਹੁੰਦਾ ਹੋਇਆ) : ਏ ਹੋਈ ਨਾ ਕੋਈ ਗੱਲ ! ਤੁਸੀਂ ਬੜਾ ਖਿਆਲ ਰਖਿਆ ਸਾਡੇ ਗਰੀਬਾਂ ਦਾ !

ਦਲਜੀਤ ਸਿੰਘ : ਬਸ ਇੱਕ ਨਿੱਕੀ ਜਿਹੀ ਸ਼ਰਤ ਹੈ !

ਹਰਨਾਮ ਸਿੰਘ : ਓਹ ਕੀ ?

ਦਲਜੀਤ ਸਿੰਘ : ਜੋ ਵੀ ਅਰਦਾਸ ਭੇਟਾ ਜਾਂ ਹੋਰ ਉਪਰਲੀ ਕਮਾਈ ਆਉਂਦੀ ਹੈ, ਓਹ ਗੁਰੂ ਘਰ ਦੀ ਗੋਲਕ ਵਿਚ ਮੱਥਾ ਟੇਕ ਕੇ ਪਾ ਦਿਆ ਕਰੋ, ਜਾਂ ਸਾਨੂੰ ਪਰਚਾਰ ਹਿਤ ਦੇ ਦਿਆ ਕਰੋ !

ਹਰਨਾਮ ਸਿੰਘ (ਲੋਹਾ-ਲਾਖਾ ਹੋਇਆ ਨੱਕ ਮੂੰਹ ਬਣਾ ਕੇ) : ਚਲੋ ਚਲੋ ਅੱਗੇ ਚਲੋ, ਵੱਡੇ ਆਏ ਮਦਦ ਕਰਨ ! ਤੁਸੀਂ ਕੀ ਚਾਹੁੰਦੇ ਹੋ ਕੀ ਅਸੀਂ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਈਏ ? ਅੱਗੇ ਹੋਵੋ !

ਦਲਜੀਤ ਸਿੰਘ ਹੈਰਾਨੀ ਨਾਲ ਉਸਦਾ ਮੁੰਹ ਵੇਖਣ ਲੱਗਾ ਤੇ ਇੱਕ ਲੰਮਾ ਸਾਹ ਲੈ ਕੇ ਸੋਚਣ ਲੱਗਾ ਕੀ ਉਸਨੇ ਗਲਤ ਕੀ ਕਿਹਾ ਹੈ ? ਪੰਜ-ਸੱਤ ਹਜ਼ਾਰ ਤੋਂ ਪੈਂਤੀ-ਚਾਲੀ ਹਜ਼ਾਰ ਵੀ ਘੱਟ ਨੇ ਜਾਂ ਸੰਗਤਾਂ ਵੱਲੋਂ ਦਿੱਤੀ ਜਾਉਂਦੀ ਅਰਦਾਸ ਭੇਂਟਾ ਨੂੰ ਇਹ ਲੋਗ "ਸਾਡਾ ਹੱਕ" ਸਮਝਦੇ ਨੇ ? (ਭੰਬਲਭੂਸੇ ਵਿਚ ਪਿਆ ਓਹ ਆਪਣੇ ਰਾਹ ਪਿਆ) !

(ਨੋਟ : ਇਸ ਕਹਾਣੀ ਦਾ ਮਕਸਦ ਕਿਸੀ ਦਾ ਦਿਲ ਦੁਖਾਉਣਾ ਜਾਂ ਕਿਸੀ ਉਤੇ ਕੋਈ ਇਲ੍ਜ਼ਾਮ ਲਗਾਉਣਾ ਨਹੀ ਹੈ ! ਇਹ ਇੱਕ ਸੱਚੀ ਘਟਨਾ ਤੇ ਅਧਾਰਿਤ ਕਹਾਣੀ ਹੈ ! ਵੱਡੇ ਅਸਥਾਨਾਂ ਤੇ ਇਨ੍ਹਾਂ ਦੇ ਢਿਡ ਵੀ ਵੱਡੇ ਹੋ ਚੁੱਕੇ ਨੇ ਪਰ ਛੋਟੇ ਜਾਂ ਦੂਰ ਦੇ ਇਲਾਕਿਆਂ ਦੇ ਧਰਮ ਅਸਥਾਨਾਂ ਵਿਚ ਸੇਵਾ ਕਰ ਰਹੇ ਸੇਵਾਦਾਰ ਜਾਂ ਗ੍ਰੰਥੀ ਸਿੰਘ ਵਾਕਈ ਹੀ ਬੱਸ ਆਪਣਾ ਗੁਜ਼ਾਰਾ ਹੀ ਮੁਸ਼ਕਿਲ ਨਾਲ ਚਲਾ ਪਾਉਂਦੇ ਹਨ ਤੇ ਸ਼ਾਇਦ ਗਰੀਬੀ ਦੇ ਲਕੀਰ ਤੋਂ ਵੀ ਥੱਲੇ ਦਾ ਜੀਵਣ ਵਤੀਤ ਕਰ ਰਹੇ ਹਨ ! ਇੱਕ ਸੇਵਾਦਾਰ ਦੀ ਤਨਖਾਹ ਪੰਦਰਾਂ ਸੌ ਰੁਪਏ ਅਤੇ ਗ੍ਰੰਥੀ ਸਿੰਘ ਦੀ ਤਨਖਾਹ ਦੋ ਹਜ਼ਾਰ ਜਾਂ ਪੱਚੀ ਸੌ ਤੋਂ ਵਧ ਨਹੀ ਹੈ !)

Leave a Comment

Reader Comments