A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸੇਵਾ ਤੇ ਕਬਜਾ ! (ਨਿੱਕੀ ਕਹਾਣੀ)

ਕੁਲਜੀਤ ਸਿੰਘ ਨੂੰ ਧੱਕਾ ਦਿੰਦੇ ਹੋਏ ਮਨਜੀਤ ਸਿੰਘ ਬੋਲਿਆ “ਵੀਰ ਜੀ, ਪਿੱਛੇ ਹੱਟ ਜਾਓ ! ਕੋਈ ਹੋਰ ਸੇਵਾ ਕਰੋ!”

ਕੁਲਜੀਤ ਸਿੰਘ : ਹੈਂ? ਕੋਈ ਹੋਰ ਸੇਵਾ? ਕੀ ਕਹਿਣਾ ਚਾਹੁੰਦੇ ਹੋ ਵੀਰ?

ਅਸੀਂ ਪਿਛਲੇ ਪੱਚੀ ਸਾਲਾਂ ਤੋਂ ਇਹ ਸੇਵਾ ਕਰ ਰਹੇ ਹਾਂ, ਤੇ ਕੋਈ ਹੋਰ ਹੁਣ ਇਹ ਸੇਵਾ ਨਹੀਂ ਕਰ ਸਕਦਾ, ਗੁੱਸੇ ਨਾਲ ਮਨਜੀਤ ਸਿੰਘ ਬੋਲਿਆ! ਸਾਡਾ ਜੱਥਾ ਹੀ ਕੇਵਲ ਇਹ ਸੇਵਾ ਕਰੇਗਾ! ਤੁਸੀਂ ਸੇਵਾ ਕਰਨੀ ਹੈ, ਤੇ ਕੋਈ ਹੋਰ ਕਰੋ, ਨਹੀਂ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ! ਵੇਖਦੇ ਹੀ ਵੇਖਦੇ ਪੰਜ-ਛੇ “ਚਿੱਟੇ ਬਗੁਲੇ” ਜਿਨ੍ਹਾਂ ਨੇ “ਚਿੱਟੇ ਹੰਸਾਂ” ਦੀ ਦਿਖ ਰੱਖੀ ਹੋਈ ਸੀ, ਓਹ ਨਾਲ ਆਣ ਖਲੋਤੇ, ਤੇ ਲੱਗੇ ਧਮਕਾਉਣ ਕੁਲਜੀਤ ਸਿੰਘ ਨੂੰ, ਨਿੱਕੀ ਜਿਹੀ ਗੱਲ ਨੇ ਗਾਲੀ-ਗਲੌਚ ਦਾ ਰੂਪ ਧਾਰ ਲਿਆ! ਇਸ ਮਨਮੱਤ ਅੱਗੇ ਕੁਲਜੀਤ ਦੀ ਇੱਕ ਨਾ ਚੱਲੀ, ਤੇ ਧੱਕੇ ਖਾ ਕੇ ਰੁਆਂਸਾ ਜਿਹਾ ਹੋਇਆ ਓਹ ਬਾਹਰ ਆ ਗਿਆ !

ਅੱਖਾਂ ਵਿੱਚ ਪਾਣੀ ਲਈ ਕੁਲਜੀਤ ਇੱਕ ਪਾਰਕ ਵਿਚ ਜਾ ਕੇ ਬਹਿ ਗਿਆ, ਤੇ ਇੱਕ ਫਿਲਮ ਵਾਂਗੂ ਉਸਦੇ ਅੱਗੇ ਸਲਾਇਡ ਸ਼ੋ ਚਲਣ ਲੱਗਾ ... “ਸੇਵਾ ਕਰਨ ਨਾਲ ਹਉਮੈ ਕੱਟੀ ਜਾਂਦੀ ਹੈ, ਤੇ ਫਿਰ ਇਨ੍ਹਾਂ ਦੀ ਹਉਮੈ ਕਿਉਂ ਨਹੀਂ ਕੱਟੀ ਗਈ ?”

ਦੂਰ ਕਿਤੋਂ ਗੁਰੂਦੁਆਰਾ ਸਾਹਿਬ ਤੋਂ ਕੀਰਤਨ ਦੀ ਆਵਾਜ਼ ਆ ਰਹੀ ਸੀ “ਸੇਵਾ ਕਰਤ ਹੋਇ ਨਿਹਕਾਮੀ !! ਤਿਸ ਕਉ ਹੋਤ ਪਰਾਪਤਿ ਸੁਆਮੀ !!”

ਕੁਲਜੀਤ ਨੂੰ ਸਮਝ ਆਉਣ ਲੱਗੀ ਕੀ ਸੇਵਾ ਕਰਨ ਵੇਲੇ ਮਨ ਵਿਚ ਜੇਕਰ ਨਿਮਾਣਾਪਨ ਹੈ, ਤੇ ਸੇਵਾ ਵਿਚ ਵੀ ਨਿਮਾਣਾਪਨ ਆਵੇਗਾ, ਪਰ ਜੇਕਰ ਜਗਤ ਦਿਖਾਵੇ ਜਾਂ ਹਉਮੈ ਨੂੰ ਪਠੇ ਪਾਉਣ ਲਈ ਸੇਵਾ ਕਿੱਤੀ ਜਾ ਰਹੀ ਹੈ, ਤਾਂ ਮਿੱਠੇ ਜਹਿਰ ਵਾਂਗੂ ਇਹ ਅੰਦਰ ਵੜ ਜਾਂਦੀ ਹੈ ਤੇ ਇੱਕ ਇੱਕ ਹੱਡੀ ਨੂੰ ਖੋਖਲਾ ਕਰ ਦਿੰਦੀ ਹੈ, ਤੇ ਅਖੀਰ ਵਿਚ ਹਉਮੈ ਦਾ ਕੋਹੜ ਇਨਸਾਨ ਨੂੰ ਘੇਰ ਲੈਂਦਾ ਹੈ !

ਠੰਡੀ ਸਾਹ ਭਰ ਕੇ ਕੁਲਜੀਤ ਆਪਣੀ ਰਾਹ ਪਿਆ ! ਵਾਹਿਗੁਰੂ ਜੀ ਇਨ੍ਹਾਂ ਨੂੰ ਸੁਮੱਤ ਬਖਸ਼ਿਸ਼ ਕਰਨਾ !

Leave a Comment

Reader Comments