ਅਕਲੀ ਕੀਚੈ ਦਾਨੁ ! (ਨਿੱਕੀ ਕਹਾਣੀ)
ਸਭ ਵੇਚ ਕੇ ਖਾ ਗਏ ਇਹ ਪ੍ਰਧਾਨ ਤੇ ਕਮੇਟੀਆਂ ! ਸਾਨੂੰ ਗੋਲਕਾਂ ਵਿੱਚ ਪੈਸੇ ਪਾਉਣੇ ਬੰਦ ਕਰਨੇ ਪੈਣਗੇ ਤਾਂਹੀ ਇਹ ਮਾਇਆ ਦੇ ਪੁੱਤਰ ਗੁਰਦੁਆਰੇਆਂ ਤੋਂ ਲਾਂਭੇ ਹੋਣਗੇ ! (ਗੁੱਸੇ ਵਿੱਚ ਭਰਿਆ ਗੁਣਦੋਸ਼ ਸਿੰਘ ਬੋਲਦਾ ਜਾ ਰਿਹਾ ਸੀ)
ਮੇਰੇ ਵੀਰ ! ਗੱਲ ਤੇ ਤੇਰੀ ਸੋਹਣੀ ਹੈ, ਪਰ ਜ਼ਿੰਦਗੀ ਦੇ ਹਰ ਰਾਹ ਵਿੱਚ ਪੈਸਾ ਅੱਤ ਜਰੂਰੀ ਹੈ! ਗੁਰਦੁਆਰਾ ਪ੍ਰਬੰਧ ਵੀ ਪੈਸੇ ਨਾਲ ਹੀ ਹੋ ਸਕਦਾ ਹੈ! ਗੋਲਕ ਵਿੱਚ ਪੈਸਾ ਪਾਉਣਾ ਬੰਦ ਕਰ ਕੇ ਵੀ ਹੱਲ ਨਹੀਂ ਹੋਣਾ, ਕਿਓਂਕਿ ਬਿਨਾ ਪੈਸੇ ਦੇ ਗੁਰਦੁਆਰਾ ਪ੍ਰਬੰਧ ਚਲਾਉਣਾ ਨਾਮੁਮਕਿਨ ਹੋ ਜਾਵੇਗਾ ! ਪੈਸਾ ਚੋਰੀ ਹੋਣ ਤੋਂ ਰੋਕਣ ਲਈ "ਚੋਰ ਮੋਰੀਆਂ" ਬੰਦ ਕਰਨੀਆਂ ਪੈਣਗੀਆਂ ! (ਗੱਲ ਸਮਝਾਉਂਦੇ ਹੋਏ ਗੁਣਸਾਂਝ ਸਿੰਘ ਬੋਲਿਆ)
ਗੁਣਦੋਸ਼ ਸਿੰਘ (ਹੈਰਾਨੀ ਨਾਲ) : ਚੋਰਮੋਰੀਆਂ ? ਓਹ ਕਿਵੇਂ ਬੰਦ ਹੋਣਗੀਆਂ ? ਫਿਲਹਾਲ ਤਾਂ "ਅੰਨੀ ਪੀਹ ਰਹੀ ਹੈ ਤੇ ਕੁੱਤੇ ਚੱਟ ਰਹੇ ਹਨ !"
ਗੁਣਸਾਂਝ ਸਿੰਘ (ਹਸਦੇ ਹੋਏ) : ਸਾਰੇ ਗੁਰੂਦੁਆਰਿਆਂ ਵਿੱਚ ਗੋਲਕਾਂ ਚੁੱਕ ਕੇ ਕ੍ਰੇਡਿਟ ਕਾਰਡ, ਡੇਬਿਟ ਕਾਰਡ ਦੀਆਂ ਮਸ਼ੀਨਾਂ ਲਾ ਦੇਣੀਆਂ ਚਾਹੀਦੀਆਂ ਹਨ, ਜਿਸਨੇ ਜੋ ਮਾਇਆ ਮੱਥਾ ਟੇਕਣਾ ਹੋਵੇ ਓਹ ਕਾਰਡ ਤੋਂ ਦੇ ਦੇਵੇ ਇਸ ਨਾਲ ਸਾਰਾ ਹਿਸਾਬ ਇੱਕ ਨੰਬਰ ਵਿੱਚ ਆ ਜਾਵੇਗਾ ਤੇ ਇੱਕ ਵੱਡੀ ਚੋਰ ਮੋਰੀ ਬੰਦ ਹੋ ਜਾਵੇਗੀ !
ਗੁਣਦੋਸ਼ ਸਿੰਘ (ਜੋਸ਼ ਨਾਲ) : ਤੇ ਫਿਰ ਜੇਕਰ ਕਿਸੀ ਕੋਲ ਕ੍ਰੇਡਿਟ ਕਾਰਡ ਜਾਂ ਡੇਬਿਟ ਕਾਰਡ ਨਾ ਹੋਵੇ ਤੇ ਓਹ ਕੀ ਕਰੇ ? ਲੰਗਰ, ਕਾਰ ਸੇਵਾ ਫੰਡ ਵਿੱਚ ਵੀ ਤਾਂ ਮਾਇਆ ਦੇਣੀ ਹੁੰਦੀ ਹੈ ! ਹੁਣ ਕਾਰਡਾਂ ਨਾਲ ਤਾਂ ਵੱਡੇ ਦਾਨ ਨਹੀਂ ਹੋ ਸਕਦੇ !
ਗੁਣਸਾਂਝ ਸਿੰਘ : ਚੈਕ ਅੱਤੇ ਡੀਮਾਂਡ ਡਰਾਫਟ ਕਿਸ ਦਿਨ ਕੰਮ ਆਉਣਗੇ ? ਆਨ੍ਲਾਈਨ ਪੇਮੰਟ ਗੇਟਵੇ ਦਾ ਇਸਤੀਮਾਲ ਹੋਵੇ ! ਹੋਰ ਵੱਡੀ ਚੋਰ ਮੋਰੀ ਬੰਦ ਕਰਨ ਲਈ ਗੁਰੂਦੁਆਰਾ ਪ੍ਰਬੰਧ ਨੂੰ "ਆਰ. ਟੀ. ਆਈ. " ਦੇ ਹੇਠ ਕਰ ਦੇਣਾ ਚਾਹੀਦਾ ਹੈ ਤਾਂਕਿ ਸੰਗਤਾਂ ਆਪਣੀ ਖੂਨ-ਪਸੀਨੇ ਦੀ ਕਮਾਈ ਦਾ ਪੂਰਾ ਇਸਤੀਮਾਲ ਵੇਖ ਸਕੇ !
ਗੁਣਦੋਸ਼ ਸਿੰਘ (ਖੁਸ਼ ਹੁੰਦੇ ਹੋਏ) : ਨਾ ਨੌ ਮਨ ਤੇਲ ਹੋਵੇਗਾ, ਤੇ ਨਾ ਰਾਧਾ ਨੱਚੇਗੀ ! "ਨਾ ਨਕਦ ਦਿੱਸੇਗਾ, ਨਾ ਪ੍ਰਬੰਧਕਾ ਦਾ ਮਨ ਡਿੱਗੇਗਾ !" (ਖਿੜ-ਖਿੜ ਕੇ ਹਸਦਾ ਹੈ)