A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਚਾਣਕ੍ਯ ਅੱਤੇ ਸਿੱਖ ! (ਨਿੱਕੀ ਕਹਾਣੀ)

ਚਾਣਕ੍ਯ ਇੱਕ ਬਹੁਤ ਹੀ ਵੱਡਾ ਕੂਟਨੀਤੀ ਦਾ ਮਾਲਕ ਸੀ ! (ਨਿਰਮਲ ਸਿੰਘ ਨੀਤੀਆਂ ਬਾਰੇ ਸਮਝਾਂਦੇ ਹੋਏ ਕਾਲੇਜ ਵਿੱਚ ਲੈਕਚਰ ਦੇ ਰਿਹਾ ਸੀ)

ਕੁਲਜੀਤ ਸਿੰਘ : ਕੋਈ ਗੱਲ ਸੁਨਾਵੋ ਇਸ ਗੱਲ ਨੂੰ ਸਾਬਿਤ ਕਰਨ ਲਈ !

ਨਿਰਮਲ ਸਿੰਘ (ਹਸਦਾ ਹੋਇਆ) ਕਾਕਾ, ਤੂੰ ਬਹੁਤ ਤੇਜ਼ ਹੈਂ! ਪੂਰਾ ਪੀਰੀਅਡ ਤੂੰ ਕਹਾਣੀ ਵਿੱਚ ਹੀ ਗੁਜਾਰਨ ਦੇ ਚੱਕਰ ਵਿੱਚ ਹੈਂ ? ਚੱਲ ਕੋਈ ਨਹੀਂ, ਸੁਣਾ ਦਿੰਦੇ ਹਾਂ ਇੱਕ ਕੂਟਨੀਤੀ ਦੀ ਕਹਾਣੀ !

ਇੱਕ ਵਾਰ ਚਾਣਕ੍ਯ ਆਪਣੇ ਵਿਦਿਆਰਥੀਆਂ ਨਾਲ ਕਿਧਰੇ ਜਾ ਰਿਹਾ ਸੀ ਤੇ ਅਚਾਨਕ ਹੀ ਰਾਹ ਵਿਚਲੇ ਇੱਕ ਕੰਡੇ ਦੀ ਝਾੜੀ ਨਾਲ ਉਸ ਦੀ ਧੋਤੀ ਫੱਟ ਗਈ ਤੇ ਨਾਲੇ ਹੀ ਲੱਤ 'ਤੇ ਝਰੀਟਾਂ ਆ ਗਈਆਂ ! ਚਾਣਕ੍ਯ ਬਹੁਤ ਗੁੱਸੇ ਵਾਲਾ ਸੀ, ਇਸ ਕਰਕੇ ਵਿਦਿਆਰਥੀ ਡਰ ਗਏ ਕੀ ਵੇਖੋ ਹੁਣ ਕੀ ਹੁੰਦਾ ਹੈ ? ਪਰ ਚਾਣਕ੍ਯ ਨੇ ਕੁਝ ਨਹੀਂ ਕਿਹਾ ਤੇ ਆਪਣੇ ਰਾਹ ਚਲਾ ਗਿਆ !

ਸ਼ਾਮੀਂ ਮੁੜਦੇ ਹੋਏ ਚਾਣਕ੍ਯ ਫਿਰ ਤੋਂ ਉਸ ਝੜੀ ਕੋਲੋਂ ਲੰਘਿਆ ਤੇ ਉਸ ਨੇ ਉਸ ਉੱਤੇ ਇੱਕ ਬਾਲਟੀ ਪਾਣੀ ਪਾ ਦਿੱਤਾ ! (ਵਿਦਿਆਰਥੀ ਹੈਰਾਨ ਹੋ ਗਏ ਕੀ ਇਹ ਕੀ ? ਪਰ ਕੁਝ ਬੋਲੇ ਨਾ) ! ਅਗਲੇ 5-6 ਦਿਨਾਂ ਵਿੱਚ ਚਾਣਕ੍ਯ ਉਸ ਝਾੜੀ ਕੋਲੋਂ ਆਉਂਦੇ-ਜਾਉਂਦੇ ਹੋਏ ਲੰਘਿਆ ਤੇ ਹਰ ਵਾਰ ਬਾਲਟੀ ਲੈ ਕੇ ਉਸ ਉੱਤੇ ਪਾਣੀ ਪਾਈ ਗਿਆ ! (ਵਿਦਿਆਰਥੀ ਹੈਰਾਨ ਹੋ ਕੇ ਵੇਖਦੇ ਰਹੇ) !

7ਵੇਂ ਦਿਨ ਜਦੋਂ ਉਹ ਫਿਰ ਉਸ ਝਾੜੀ ਕੋਲੋਂ ਗੁਜ਼ਰੇ ਤਾਂ ਚਾਣਕ੍ਯ ਨੇ ਉਸ ਝਾੜੀ ਨੂੰ ਆਪਣੇ ਇੱਕ ਹੱਥ ਨਾਲ ਇੱਕ ਦੰਮ ਉਖਾੜ ਸੁੱਟਿਆ ! ਝਾੜੀ ਜੜ ਸਮੇਤ ਜ਼ਮੀਨ ਤੋਂ ਬਾਹਰ ਆ ਗਈ ! ਚਾਣਕ੍ਯ ਨੇ ਮੁੜ ਕੇ ਆਪਣੇ ਵਿਦਿਆਰਥੀਆਂ ਵੱਲ ਵੇਖਿਆ ਤੇ ਕਿਹਾ ਕੀ ਇਸ ਝਾੜੀ ਨੇ ਮੈਨੂੰ ਚੋਟ ਪਹੁੰਚਾਈ ਸੀ ਤੇ ਮੈਂ ਇਸ ਝਾੜੀ ਨੂੰ ਜੜ-ਸਮੇਤ ਉਖਾੜ ਸੁੱਟਿਆ ਹੈ, ਤਾਂਕਿ ਅੱਗੇ ਤੋਂ ਇਹ ਝਾੜੀ ਕਦੀ ਮੇਰੇ ਰਾਹ ਵਿੱਚ ਨਾ ਆ ਪਾਵੇ, ਤੇ ਨਾ ਹੀ ਮੇਰੇ ਖਿਲਾਫ਼ ਦੋਬਾਰਾ ਖੜੀ ਹੋ ਸਕੇ !

ਕੁਲਜੀਤ ਸਿੰਘ ਦੀਆਂ ਅੱਖਾਂ ਅੱਗੇ ਇੱਕ ਫਿਲਮ ਚਲਣ ਲੱਗ ਪਈ, ਉਸਨੂੰ ਲੱਗਿਆ ਕੀ ਜਿਵੇਂ ਪਿਛਲੇ ਸੌ ਤੋਂ ਵੱਧ ਸਾਲਾਂ ਤੋਂ ਸਿੱਖ ਧਰਮ ਵਿੱਚਲੇ "ਵਿਵਾਦਿਤ ਮੁੱਦੇ" ਹੱਲ ਨਾ ਕੀਤੇ ਜਾਣ ਪਿੱਛੇ ਅਜੇਹੀ ਕੋਈ ਚਾਣਕ੍ਯ ਨੀਤੀ ਨਾ ਹੋਵੇ, ਤੇ ਪੰਥ ਦੀਆਂ ਜੜਾਂ ਵਿੱਚ ਇੱਕ ਇੱਕ ਬਾਲਟੀ ਪਾਣੀ ਵਾਂਗ ਇੱਕ ਇੱਕ ਮੁੱਦਾ ਆਪਸੀ-ਫੁੱਟ ਦੇ ਰੂਪ ਵਿੱਚ ਪਾਇਆ ਜਾ ਰਿਹਾ ਹੈ, ਤਾਂ ਜੋ ਇੱਕ ਦਿਨ "ਪੰਥਕ ਜੜਾਂ" ਇਤਨੀਆਂ ਕੱਚੀਆਂ ਹੋ ਜਾਣ ਕਿ "ਇੱਕ ਝੱਟਕੇ ਵਿੱਚ ਹੀ ਉਸ ਨੂੰ ਪੁੱਟ ਦਿੱਤਾ ਜਾਵੇ" ਤਾਂ ਜੋ ਓਹ ਦੋਬਾਰਾ ਖੜੀ ਹੋਣ ਜੋਗੀ ਨਾ ਰਹੇ ! (ਉਸ ਦੀਆਂ ਅੱਖਾਂ ਵਿੱਚ ਸਹਿਜ਼-ਸੁਭਾਏ ਹੰਝੂ ਤੁਰ ਚੱਲੇ...) ਕਦੋਂ ਏਕਾ ਹੋਵੇਗਾ ? ਕਦੋਂ ਏਕਾ ਹੋਵੇਗਾ ?

ਕੀ ਹੋਇਆ ਹੈ ਤੈਨੂੰ ਕਾਕਾ ? (ਕੁਲਜੀਤ ਦੇ ਮੋਢੇ 'ਤੇ ਹੱਥ ਰੱਖ ਕੇ ਨਿਰਮਲ ਸਿੰਘ ਪੁਛ ਰਿਹਾ ਸੀ) ਇੱਕ ਦਮ ਕੁਲਜੀਤ ਸਾਵਧਾਨ ਹੋ ਕੇ ਬੈਠ ਗਿਆ ! ਉਸ ਦੀਆਂ ਅੱਖਾਂ ਲਾਲ ਸਨ ਤੇ ਚਿਹਰਾ ਹੰਝੂਆਂ ਨਾਲ ਭਰਿਆ ਹੋਇਆ ਸੀ ! (ਨਿਰਮਲ ਸਿੰਘ ਹੈਰਾਨੀ ਨਾਲ ਉਸ ਨੂੰ ਵੇਖਦਾ ਹੀ ਰਹਿ ਗਿਆ) !

Leave a Comment

Reader Comments