A space for stories that matter

Every life hides a powerful story

Short stories, poems & fearless ideas

Balvinder Singh Bison

ਮਛੁਲੀ ਜਾਲੁ ਨ ਜਾਣਿਆ !

ਮੁੱਦਾ : ਨਸ਼ਿਆਂ ਦੇ ਸੌਦਾਗਰ ਵੱਲੋਂ ਖਾਲਿਸ ਘਿਓ ਦੇ ਗੁਣਾਂ ਬਾਰੇ ਵਿਚਾਰ-ਚਰਚਾ ਦਾ ਖੁੱਲਾ ਸੱਦਾ ਆਇਆ ਹੈ ! ਜਿਸ ਵਿੱਚ ਪੀਲੇ ਪੀਲੇ ਖਾਲਿਸ ਘਿਓ ਵਿੱਚ ਪੀਲੀ ਪੀਲੀ ਸ਼ਰਾਬ ਦੀ ਮਿਲਾਵਟ ਕਰਦੇ ਹੋਏ ਕਿਵੇਂ ਆਮ ਜਨਤਾ ਨੂੰ ਮੂਰਖ ਬਣਾ ਕੇ ਸ਼ਰਾਬੀ ਬਣਾਉਣਾ ਹੈ ਬਾਰੇ ਸ਼ਰਾਬ ਦੇ ਕਪਟੀ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਵੇਗੀ !

ਸਵਾਲ : ਕੁਝ ਖਾਲਿਸ ਘਿਓ ਵਰਤਣ ਵਾਲੇ ਸੱਜਣ ਜਾਣਕਾਰੀ ਮੰਗ ਰਹੇ ਹਨ ਕਿ ਸਾਨੂੰ ਓਥੇ ਜਾਣਾ ਚਾਹੀਦਾ ਹੈ ? ਅਸੀਂ ਤਾਂ ਘਿਓ ਖੁਸ਼ ਹੋ ਕੇ ਵਰਤਦੇ ਹਾਂ, ਆਪਾਂ ਸ਼ਰਾਬ ਤੋਂ ਕੀ ਲੈਣਾ ਹੈ ? ਆਪਾਂ ਘਿਓ ਘਿਓ ਛੱਕ ਲਵਾਂਗੇ ... ਜੇਕਰ ਸ਼ਰਾਬ ਦੀ ਗੱਲ ਉੱਠੀ ਤਾਂ ਵਿਰੋਧ ਦਰਜ ਕਰਵਾਂਗੇ !

ਜਵਾਬ : ਪਹਿਲੀ ਗੱਲ ਕੀ ਸ਼ਰਾਬ ਦੇ ਸੌਦਾਗਰ ਪਾਸੋਂ ਘਿਓ ਦੇ ਗੁਣਾਂ ਦੀ ਗੱਲ ਹੋਣ ਦੀ ਗੱਲ ਹੀ ਅਨਹੋਣੀ ਹੈ ! ਜੇਕਰ ਓਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੁਲਾ ਹੀ ਰਿਹਾ ਹੈ ਤਾਂ ਯਾਦ ਰਖਣਾ ਕਿ " ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ !! ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ !! " 

ਦੂਜੀ ਗੱਲ, ਸ਼ਰਾਬ ਦੇ ਸੌਦਾਗਰ ਦਾ ਪੁਰਾਣਾ ਰਿਕਾਰਡ ਵੀ ਖਰਾਬ ਹੀ ਹੈ ਕਿਓਂਕਿ ਇਸ ਤੋਂ ਪਹਿਲਾਂ ਓਹ ਖਾਲਿਸ ਦੁੱਧ ਭਾਵ ਪਰਮਾਤਮਾਂ ਦੇ ਗੁਣਾਂ ਤੋਂ ਬਣੇ ਪੀਲੇ ਪੀਲੇ ਖਾਲਿਸ ਘਿਓ ਰੂਪੀ ਧਰਮ ਨੂੰ ਸੜੇ ਹੋਏ ਅੰਗੂਰਾਂ ਨਾਲ ਬਣੀ ਕਪਟੀ ਪੀਲੀ ਪੀਲੀ ਸ਼ਰਾਬ ਦੀ ਔਲਾਦ ਵੱਜੋ ਪ੍ਰਚਾਰਦਾ ਆ ਰਿਹਾ ਹੈ !

ਤੀਜੀ ਗੱਲ, ਸੌਦਾਗਰ ਵੱਲੋ ਕੀਤੀ ਗਈ ਮਿਲਾਵਟ 1% ਤੋਂ ਵੱਧਦੇ-ਵੱਧਦੇ ਇਤਨੀ ਜਿਆਦਾ ਵੱਧ ਗਈ ਹੈ ਕਿ ਹੁਣ ਉਸ ਦੇ ਪ੍ਰਚਾਰ ਵਿੱਚ ਖਾਲਿਸ ਘਿਓ ਦੇ ਗੁਣ ਦਿਸਣੇ ਬੰਦ ਹੋ ਰਹੇ ਹਨ ਤੇ ਸ਼ਰਾਬ ਦੀ ਵਾਹਵਾਹੀ ਨਾਲ ਕਿਤਾਬਾਂ ਭਰੀਆਂ ਜਾ ਰਹੀਆਂ ਹਨ ! ਜਿਵੇਂ "ਨਗਾਰ-ਖਾਨੇ ਵਿੱਚ ਤੂਤੀ ਦੀ ਆਵਾਜ਼ ਕੋਈ ਨਹੀਂ ਸੁਣਦਾ" ਉਸੀ ਤਰੀਕੇ ਜੇਕਰ ਤੁਸੀਂ ਉਸ ਪ੍ਰੋਗ੍ਰਾਮ ਵਿੱਚ ਆਪਣਾ ਵਿਰੋਧ ਦਰਜ ਵੀ ਕਰਵਾਇਆ ਤਾਂ "ਮੈਂ ਨਾ ਮਾਨੂੰ' ਦੇ ਅਨੁਸਾਰ ਉਨ੍ਹਾਂ ਨੇ ਇਸ ਨੂੰ ਮੰਨਣਾ ਨਹੀਂ ਤੇ ਕਿਸੀ ਵੀ ਮੀਡਿਆ ਨੇ ਤੁਹਾਡਾ ਵਿਰੋਧ ਦਰਜ ਹੋਇਆ ਦਿਖਾਉਣਾ ਨਹੀਂ ਕਿਓਂਕਿ ਮੀਡਿਆ ਲਾਬੀ ਵੀ ਸ਼ਰਾਬ ਦੇ ਸੌਦਾਗਰ ਦੇ ਨਾਲ ਖੜੀ ਦਿਸਦੀ ਹੈ !

ਚੌਥੀ ਤੇ ਆਖਿਰੀ ਗੱਲ, ਤੁਹਾਡੇ ਵਰਗੇ ਰੂਪ ਅਤੇ ਦਿੱਖ ਵਾਲੇ ਲੋਕਾਂ ਅਤੇ ਲੀਡਰਾਂ ਰਾਹੀਂ ਓਹ ਤੁਹਾਨੂੰ ਲੁਭਾਉਣਗੇ ਕਿਓਂਕਿ ਉਨ੍ਹਾਂ ਦੇ ਵਪਾਰ ਨੂੰ ਵਧਾਉਣ ਵਿੱਚ ਓਹ ਸਹਾਇਕ ਹਨ ਤੇ ਇੱਕ ਤਰੀਕੇ ਨਾਲ ਸ਼ਰਾਬ ਦੇ ਸੌਦਾਗਰ ਵੱਲੋਂ ਓਹ ਚਾਰੇ ਵਾਂਗ ਇਸਤੀਮਾਲ ਕੀਤੇ ਜਾ ਰਹੇ ਹਨ ! ਇਹ ਨਾ ਹੋਵੇ ਕਿ ਅੰਤ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਕਿ ਅਸੀਂ ਕੀ ਕਰ ਬੈਠੇ ! ਯਥਾ "ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥".