A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਵਾਏ ਖਾਲਸਾ ਵਾਏ ਫਤਿਹ ? (ਨਿੱਕੀ ਕਹਾਣੀ)

ਕੀ ਗੱਲ ਹੈ ਕਲ ਤਕ ਗੁਰੂ ਫਤਿਹ ਦਾ ਜਵਾਬ ਖਿੜੇ ਮਥੇ ਦੇਣ ਵਾਲਾ ਬਲਜੀਤ ਸਿੰਘ ਅੱਜ ਸਾਡੀ ਫਤਿਹ ਦਾ ਜਵਾਬ “ਸਤ ਸ਼੍ਰੀ ਅਕਾਲ” ਨਾਲ ਦੇ ਰਿਹਾ ਹੈ ? ਗੱਲ ਕੁਛ ਸਮਝ ਨਹੀਂ ਆ ਰਹੀ ! (ਕਰਮ ਸਿੰਘ ਪਰੇਸ਼ਾਨੀ ਵਿਚ ਬੋਲ ਰਿਹਾ ਸੀ)

ਆਓ ਉਸ ਕੋਲੋਂ ਹੀ ਪੁੱਛੀਏ ! (ਜਗਤਾਰ ਸਿੰਘ ਨੇ ਕਿਹਾ)

{ਦੋਵੇਂ ਬਲਜੀਤ ਸਿੰਘ ਕੋਲੋਂ ਜਾਉਂਦੇ ਹਨ}

ਜਗਤਾਰ ਸਿੰਘ : ਬਲਜੀਤ ਵੀਰ, ਤੈਨੂੰ ਇੱਕ ਗੱਲ ਪੁੱਛਣੀ ਹੈ, ਜੇਕਰ ਤੂੰ ਬੁਰਾ ਨਾ ਮੰਨੇ ਤਾਂ ?

ਬਲਜੀਤ ਸਿੰਘ : ਪੁੱਛੋ ਵੀਰ ਜੀ, ਮੈਂ ਭਲਾ ਕਿਓ ਬੁਰਾ ਮਨਾਉਣ ਲਗਾ ?

ਜਗਤਾਰ ਸਿੰਘ : ਤੁਸੀਂ ਅੱਜ ਸਾਡੀ ਫਤਿਹ ਦਾ ਜਵਾਬ “ਸਤ ਸ਼੍ਰੀ ਅਕਾਲ” ਨਾਮ ਦੇ ਰਹੇ ਹੋ ਤੇ ਫਤਿਹ ਨਹੀਂ ਗਜਾ ਰਹੇ ? ਕੀ ਗੱਲ ਹੈ ?

ਬਲਜੀਤ ਸਿੰਘ : ਹੈਂ ? ਤੁਸੀਂ ਫਤਿਹ ਕਦੋਂ ਗਜਾਈ ? ਮੈਂ ਤੇ ਨਹੀਂ ਸੁਣੀ ! (ਮੁਸਕੁਰਾਉਂਦਾ ਹੈ)

ਕਰਮ ਸਿੰਘ (ਵਿਚ ਆ ਕੇ) : ਲਓ ਇਹ ਕੀ ਬੋਲ ਰਹੇ ਹੋ ? ਮੇਰੇ ਸਾਹਮਣੇ ਤੁਹਾਨੂੰ ਸਭ ਨੇ ਫਤਿਹ ਬੁਲਾਈ ਸੀ !

ਬਲਜੀਤ ਸਿੰਘ : ਅੱਛਾ ? ਦੁਬਾਰਾ ਬੁਲਾਉਣਾ ਜਰਾ ! (ਫਿਰ ਮੁਸਕੁਰਾਉਂਦਾ ਹੈ)

ਕਰਮ ਸਿੰਘ (ਤੇਜ ਰਫਤਾਰ ਨਾਲ ਬੋਲਦਾ ਹੋਇਆ) : “ਵਾਏ ਖਾਲਸਾ ਵਾਏ ਫਤਿਹ” ।ਸੁਨਾਈ ਦੇਣਾ ਚਾਹੀਦਾ ਸੀ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”॥

ਬਲਜੀਤ ਸਿੰਘ : ਸਤਿ ਸ਼੍ਰੀ ਅਕਾਲ ਜੀ !

ਕਰਮ ਸਿੰਘ : ਲੈ, ਫਿਰ ਫਤਿਹ ਦਾ ਜਵਾਬ ਨਹੀਂ ਦੇ ਰਿਹਾ ? ਕਮਾਲ ਹੈ !

ਬਲਜੀਤ ਸਿੰਘ : ਵੀਰ, ਕਿਓੰਕਿ ਤੁਸੀਂ ਆਪ ਹੀ ਫਤਿਹ ਨਹੀਂ ਬੁਲਾ ਰਹੇ ਤੇ ਜਵਾਬ ਫਤਿਹ ਕਿਵੇਂ ਲਵੋਗੇ ? ਤੁਸੀਂ ਘਾਹ ਵੱਡ ਰਹੇ ਹੋ ! ਤੁਸੀਂ ਕਹਿ ਰਹੇ ਹੋ “ਵਾਏ ਖਾਲਸਾ ਵਾਏ ਫਤਿਹ” ! ਤੇ ਵੀਰ ਜੀ ਤੁਸੀਂ ਤੇ ਆਪ ਹੀ ਪ੍ਰਸ਼ਨ-ਚਿਨ੍ਹ ਲਗਾ ਰਹੇ ਹੋ “ਵਾਏ-ਵਾਏ” ਕਰ ਕੇ !

ਆਪ ਜੀ ਨੂੰ ਪਤਾ ਹੈ ਕੇ ਸਾਨੂੰ ਫਤਿਹ ਕਿਓ ਬਖਸ਼ਿਸ਼ ਹੋਈ ਸੀ, ਤਾਂ ਜੋ ਇੱਕ ਸਿੰਘ ਦੂਜੇ ਸਿੰਘ ਨੂੰ ਫਤਿਹ ਬੁਲਾਏ ਤਾਂ ਦੋ-ਦੋ ਵਾਰ ਸਹਿਜ ਸੁਭਾਏ ਦੋਨਾ ਦੇ ਮੂੰਹ ਤੋਂ ਵਾਹਿਗੁਰੂ ਨਿਕਲੇ ! ਮਿਲਾਪ ਵੀ ਹੋ ਜਾਏ ਤੇ “ਮਨ ਨੀਵਾਂ ਤੇ ਮੱਤ ਉੱਚੀ” ਦਾ ਸਿਧਾਂਤ ਚੇਤੇ ਆਉਂਦਾ ਰਹੇ, ਕਿਓਂਕਿ ਖਾਲਸਾ ਵੀ ਵਾਹਿਗੁਰੂ ਜੀ ਦਾ ਹੈ, ਤੇ ਫਤਿਹ ਵੀ ਵਾਹਿਗੁਰੂ ਜੀ ਦੀ ਹੈ ! ਸਿੱਖ ਦਾ ਆਪਣਾ ਕੁਛ ਵੀ ਨਹੀਂ ! ਮੇਰੇ ਭਾਣੇ ਤੇ ਇਹੀ ਮੰਤਵ ਸੀ !

ਕਰਮ ਸਿੰਘ ਤੇ ਜਗਤਾਰ ਸਿੰਘ (ਮੱਥੇ ਤੇ ਹੱਥ ਮਾਰ ਕੇ) : ਭਾਈ ! ਗੱਲ ਤੇ ਬੜੀ ਨਿੱਕੀ ਜਿਹੀ ਸੀ ਪਰ ਮਤਲਬ ਬੜਾ ਵੱਡਾ ਨਿਕਲ ਰਿਹਾ ਹੈ ! ਵਾਕਈ ਹੀ, ਜੇਕਰ ਮਨ ਨੀਵਾਂ ਤੇ ਮੱਤ ਉੱਚੀ ਰਖਣੀ ਹੈ ਤਾਂ ਫਤਿਹ ਤਰੀਕੇ ਨਾਲ ਹੀ ਗਜਾਉਣੀ ਚਾਹੀਦੀ ਹੈ ! ਵੈਸੇ ਤੁਸੀਂ ਹੈਗੇ ਬੜੇ ਸ਼ੈਤਾਨ ਤੇ ਨਟਖਟ ਹੋ ! ਬੜੀ ਘੁਮਾ-ਫਿਰਾ ਕੇ ਗੱਲ ਸਮਝਾਈ !

(ਤਿੰਨੋ ਹਸਦੇ ਹਨ ਤੇ ਬੋਲਦੇ ਹਨ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !

{ਨੋਟ : ਬਹੁਤ ਲੋਕ ਅੱਜਕਲ ਇਸ ਤਰਾਂ ਹੀ ਬੋਲਣ ਲੱਗ ਪਏ ਨੇ, ਭਾਵੇਂ ਬੇਧਿਆਨੇ ਹੀ ਬੋਲ ਜਾਂਦੇ ਨੇ! ਕੋਈ ਹੋਰ ਸੁਣ ਰਿਹਾ ਹੋਵੇ ਤੇ ਸਮਝ ਨਹੀਂ ਪਾਉਂਦਾ ਜਿਵੇਂ ਕੀ ਬਹੁਤ ਲੋਗ “ਸਤਿ ਸ਼੍ਰੀ ਅਕਾਲ” ਨੂੰ ਵੀ “ਸਸ ਰਿਆ ਕਾਲ” ਬੋਲਣ ਲੱਗ ਪਏ ਨੇ !}

Leave a Comment

Reader Comments