ਸਿੰਘ v/s ਸਿੰਹ – ਸਾਡੀ ਨਾਸਮਝੀ ! (ਨਿੱਕੀ ਕਹਾਣੀ)
ਇੱਕ ਵਾਰੀ ਆਪਣਾ ਨਾਮ ਤੇ ਬਾਕੀ ਚੀਜਾਂ ਵੇਖ ਲਵੋ ! ਬਾਅਦ ਵਿਚ ਦਿੱਕਤ ਹੋਵੇਗੀ ! (ਅਧਾਰ ਕਾਰਡ ਬਣਾਉਣ ਵਾਲੇ ਰਮੇਸ਼ ਨੇ ਦਰਸ਼ਨ ਸਿੰਘ ਨੂੰ ਕਿਹਾ)!
ਦਰਸ਼ਨ ਸਿੰਘ (ਕੰਪਊਟਰ ਤੇ ਵੇਖਦਾ ਹੋਇਆ) : ਮੇਰੇ ਨਾਮ ਦੇ ਅੱਗੇ ਹਿੰਦੀ ਵਿਚ “ਸਿੰਹ - सिंह” ਹਟਾਓ ਤੇ “ਸਿੰਘ - सिंघ” ਲਿਖੋ ! "ਹ" ਹਟਾ ਕੇ "ਘ" ਲਗਾਓ ਜੀ !
ਰਮੇਸ਼ : ਭਾਈ ਸਾਹਿਬ, ਇਹ ਕਿਹੜੀ ਨਵੀਂ ਗੰਗਾ ਬਹਾ ਰਹੇ ਹੋ? ਮੈਂ ਤੇ ਸਭਨੂੰ “ਸਿੰਹ” ਹੀ ਲਿਖਦੇ ਵੇਖਿਆ ਹੈ !
ਦਰਸ਼ਨ ਸਿੰਘ (ਮੁਸਕੁਰਾਉਂਦਾ ਹੋਇਆ) : ਜੇਕਰ ਇੱਕ ਗਲਤੀ ਬਹੁਤ ਸਾਲਾਂ ਤੋਂ ਹੋ ਰਹੀ ਹੋਵੇ ਤੇ ਕੀ ਓਹ ਗਲਤੀ ਨਹੀਂ ਰਹਿੰਦੀ ? ਅਸਲ ਵਿਚ ਬਹੁਤ ਸਾਰੇ ਸਿੱਖ ਵੀਰ ਪੰਜਾਬੀ ਜਾਂ ਇੰਗਲਿਸ਼ ਤੇ ਚੰਗੀ ਤਰਾਂ ਜਾਣਦੇ ਨੇ, ਪਰ ਹਿੰਦੀ ਦੀ ਕੰਮ-ਚਲਾਉ ਜਾਣਕਾਰੀ ਹੋਣ ਕਰਕੇ “ਰਾਜਸਥਾਨ, ਬਿਹਾਰ, ਯੂ-ਪੀ” ਵਿਚ ਇਸਤੇਮਾਲ ਹੁੰਦੇ “ਸਿੰਹ” ਨੂੰ ਹੀ ਆਪਣਾ ਲੈਂਦੇ ਹਨ, ਕਿਓਂਕਿ ਉਥੇ ਓਹੀ ਸਹੀ ਸ਼ਬਦ ਹੈ ! ਸਿੰਘ ਦਾ ਅਖਰੀ ਅਰਥ ਸ਼ੇਰ ਹੁੰਦਾ ਹੈ ਤੇ ਹਿੰਦੀ ਵਿਚ ਸ਼ੇਰ ਨੂੰ सिंह ਕਹਿੰਦੇ ਹਨ, ਇਸ ਕਰਕੇ ਹੋ ਸਕਦਾ ਹੈ ਕੀ ਸਹਿਜੇ ਹੀ ਇਹ ਸ਼ੁਰੂ ਹੋ ਗਿਆ ਹੋਵੇ !
ਰਮੇਸ਼ : ਕੀ ਫ਼ਰਕ ਹੈ ਸਿੰਘ ਜਾਂ ਸਿੰਹ ਵਿਚ ?
ਦਰਸ਼ਨ ਸਿੰਘ : ਗੱਲ ਨਿੱਕੀ ਹੈ, ਪਰ ਫ਼ਰਕ ਵੱਡਾ ਹੈ ! ਸਾਡਾ ਨਾਮ ਇੱਕ ਐਸੀ ਚੀਜ਼ ਹੈ ਜੋ ਭਾਵੇਂ ਜਿਸ ਵੀ ਭਾਸ਼ਾ ਵਿੱਚ ਬੋਲਿਆ ਜਾਵੇ, ਪਰ ਉਸਦਾ ਉਚਾਰਣ ਇੱਕੋ ਜਿਹਾ ਹੀ ਰਹਿੰਦਾ ਹੈ, ਤੇ ਲਿਖਣ ਤੋਂ ਬਾਅਦ ਵੀ ਉਸਦਾ ਉਚਾਰਣ ਇੱਕੋ ਹੀ ਰਹਿਣਾ ਚਾਹੀਦਾ ਹੈ ? ਹੈ ਕੇ ਨਹੀਂ?
ਰਮੇਸ਼ : ਹਾਂ ਗੱਲ ਤੇ ਤੁਹਾਡਾ ਸ਼ਤ ਪ੍ਰਤੀਸ਼ਤ ਸਹੀ ਹੈ !
ਦਰਸ਼ਨ ਸਿੰਘ : ਫਿਰ ਦੱਸੋ ਕੀ ਪੰਜਾਬੀ ਵਿਚ “ਦਰਸ਼ਨ ਸਿੰਘ”, ਇੰਗਲਿਸ਼ ਵਿੱਚ “Darshan Singh” ਤੇ ਫਿਰ ਹਿੰਦੀ ਵਿਚ “दर्शन सिंघ” ਕਿਓਂ ਨਹੀਂ, ਤੇ दर्शन सिंह ਕਿਉਂ ?
ਰਮੇਸ਼ : ਮੈਂ ਤੇ ਕਦੀ ਸੋਚਿਆ ਹੀ ਨਹੀਂ ਸੀ ਇਸ ਬਾਰੇ, ਵਾਕਈ ਹੀ ਗੱਲ ਦਿੱਸਣ ਵਿਚ ਤੇ ਨਿੱਕੀ ਹੀ ਜਾਪਦੀ ਹੈ ਪਰ ਹੈ ਬੜੀ ਹੀ ਅਸਰਦਾਰ ! ਮੈਂ ਹੁਣੇ ਹੀ ਆਪਣੇ ਰਿਕਾਰਡਾਂ ਵਿਚ ਤੁਹਾਡਾ ਨਾਮ “दर्शन सिंघ” ਬਦਲ ਦਿੰਦਾ ਹਾਂ, ਤੇ ਅੱਗੇ ਤੋਂ ਜੋ ਵੀ ਸਿੱਖ ਆਉਣਗੇ ਉਨ੍ਹਾਂ ਨੂੰ ਵੀ ਇਹ ਗੱਲ ਦੱਸਾਂਗਾ ਤਾਂਕਿ ਓਹ ਆਪਣਾ ਨਾਮ ਅਨਜਾਨੇ ਵਿਚ ਗਲਤ ਨਾ ਲਿਖਵਾਉਣ !
ਦਰਸ਼ਨ ਸਿੰਘ : ਧੰਨਵਾਦ ਵੀਰ, ਤੁਸੀਂ ਤੇ ਸਮਝ ਗਏ ਪਰ ਪਤਾ ਨਹੀਂ ਇਹ ਗੱਲ ਅਸੀਂ ਕਦੋਂ ਸਮਝਾਂਗੇ ! ਵੇਖਦੇ ਹਾਂ !
Leave a Comment