A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਮੇਰੇ ਕੰਨਾਂ ਨੂੰ ਪਿਆਰਾ ਰਾਗੀ ! (ਨਿੱਕੀ ਕਹਾਣੀ)

ਕਲ ਤੇ ਸੁਆਦ ਹੀ ਆ ਗਿਆ “ਫਲਾਣੇ ਸਿੰਘ” ਰਾਗੀ ਜੀ ਦੇ ਕੀਰਤਨ ਦਾ ! ਨੌਜਵਾਨਾਂ ਨੂੰ ਕਾਬੂ ਕਰਨਾ ਇੱਕ ਚਮਤਕਾਰ ਤੋਂ ਘਟ ਨਹੀਂ ਹੈ ਤੇ ਇਨ੍ਹਾਂ ਰਾਗੀ ਸਿੰਘ ਜੀ ਨੇ ਤੇ ਕਮਾਲ ਹੀ ਕਿੱਤੀ ਹੈ ! (ਹਰਕੀਰਤ ਦੱਸ ਰਿਹਾ ਸੀ !)

ਅੱਛਾ ? ਤੇ ਉਨ੍ਹਾਂ ਤੋਂ ਪਹਿਲੇ ਜਾਂ ਬਾਅਦ ਵਿਚ ਨਹੀਂ ਸੁਣਿਆ ਤੁਸੀਂ ਕੀਰਤਨ ? (ਹਰਜੋਤ ਸਿੰਘ ਨੇ ਪੁਛਿਆ)

ਹਰਕੀਰਤ : ਨਹੀਂ ਜੀ, ਅਸੀਂ ਤੇ ਬਸ ਜਿਥੇ ਇਨ੍ਹਾਂ ਫਲਾਣੇ ਸਿੰਘ ਜੀ ਦਾ ਕੀਰਤਨ ਹੁੰਦਾ ਹੈ, ਉਸ ਤੋਂ ਪੰਜ ਮਿਨਟ ਪਹਿਲਾਂ ਪੁੱਜ ਜਾਂਦੇ ਹਾਂ ਤੇ ਫਿਰ ਨਾਲ ਹੀ ਵਾਪਿਸ ! ਬਾਕੀ ਰਾਗੀ ਤੇ ਬੋਰ ਕਰਦੇ ਹਨ ! ਇਹ ਹਨ ਜੋ ਵਾਹਿਗੁਰੂ ਵਾਹਿਗਰੂ ਕਰਕੇ ਸਮਾਂ ਬੰਨ ਦਿੰਦੇ ਹਨ ਤੇ ਅਨੰਦੁ ਹੀ ਆ ਜਾਂਦਾ ਹੈ !

ਹਰਜੋਤ ਸਿੰਘ : ਵੀਰ, ਤੁਸੀਂ ਗੁਰੂ ਜੱਸ ਸਰਵਣ ਕਰਨ ਜਾਉਂਦੇ ਹੋ ਜਾਂ ਕੰਨ ਰਸ ਪੂਰਾ ਕਰਨ ? ਕੀ ਇਸ ਤਰਾਂ ਅਸੀਂ ਗੁਰਬਾਣੀ ਦੀ ਨਿਰਾਦਰੀ ਨਹੀਂ ਕਰ ਰਹੇ ? ਇੱਕ ਰਾਗੀ ਦਾ ਸ਼ਬਦ ਚੰਗਾ ਤੇ ਇੱਕ ਰਾਗੀ ਦਾ ਸ਼ਬਦ ਬੋਰ (ਉਬਾਊ) ? ਗੁਰੂ ਦੇ ਸਿਖ ਬਨਣਾ ਸੀ, ਪਰ ਅਸੀਂ ਬਣ ਗਏ ਹਾਂ ਪਸ਼ੁ ਢੋਰ ! ਸਾਨੂੰ ਤੇ ਗੁਰੂ ਸਾਹਿਬ ਨੇ ਆਪ ਹੀ ਕੀਰਤਨ ਕਰਨ ਦੀ ਦਾਤ ਬਕ੍ਸ਼ਿਸ਼ ਕਿੱਤੀ ਸੀ ਪਰ ਪਤਾ ਨਹੀਂ ਕਿਓਂ, ਕਿਸ ਮਜਬੂਰੀ ਵਿਚ ਅਸੀਂ ਇਸ ਸ਼ਬਦ ਦੇ ਵਪਾਰ ਵਿਚ ਪੈ ਗਏ ਹਾਂ ? ਅਸੀਂ ਖਰੀਦ ਰਹੇ ਹਾਂ ਤੇ ਓਹ ਵੇਚ ਰਹੇ ਹਨ!

ਹਰਕੀਰਤ : ਕੀ ਗੱਲ ਕਰਦੇ ਹੋ ਵੀਰ ਜੀ, ਇਤਨੇ ਵਧੀਆ ਰਾਗੀ ਹਨ ਕੀ ਇਕਵੰਜਾ ਹਜਾਰ ਭੇਟਾਂ ਹੈ ਉਨ੍ਹਾਂ ਦੀ ! ਓਹ ਪਹੁੰਚ ਜਾਣ ਤੇ ਪੰਡਾਲ ਵਿਚ ਜਗਾਹ ਨਹੀਂ ਮਿਲਦੀ ! ਉਨ੍ਹਾਂ ਦੇ ਜਾਂਦੇ ਹੀ ਪੰਡਾਲ ਅੱਧਾ ਖਾਲੀ ਹੋ ਜਾਂਦਾ ਹੈ !

ਹਰਜੋਤ ਸਿੰਘ : ਇਸਦਾ ਮਤਲਬ ਹੈ ਵੀਰ ਕਿ ਆਪ ਜੀ ਗੁਰੂ ਕੇ ਸਿਖ ਨਹੀਂ ਹੋ ਬਲਕਿ ਉਨ੍ਹਾਂ ਰਾਗੀ ਸਿੰਘ ਜੀ ਦੇ ਸਿਖ ਹੋ ! ਵੈਸੇ ਤੁਹਾਡੀ ਗਿਆਤ ਲਈ ਇਨ੍ਹਾਂ ਫਲਾਣੇ ਸਿੰਘ ਜੀ ਨੂੰ ਸਾਡੇ ਇੱਕ ਮਿਤਰ ਨੇ ਫੋਨ ਕਿੱਤਾ ਕੀ ਸਾਡੇ ਪਾਸ ਸੰਗਤਾਂ ਦੇ ਇੱਕੀ ਹਜਾਰ ਰੁਪੇ ਹਨ ਤੇ ਆਪ ਜੀ ਕੀਰਤਨ ਕਰ ਦੇਓ ਤੇ ਇਨ੍ਹਾਂ ਦਾ ਜਵਾਬ ਸੀ ਕੀ “ਜੇਕਰ ਤੁਹਾਡਾ ਹਿਸਾਬ ਨਹੀਂ ਹੈ ਤੇ ਸਾਨੂੰ ਕਿਓਂ ਬੁਲਾ ਰਹੇ ਹੋ ? ਸਾਨੂੰ ਤੇ ਇਕਵਿੰਜਾ ਹਜਾਰ ਹੀ ਚਾਹੀਦੇ ਹਨ” !

ਹਰਕੀਰਤ : ਏ ਹੋਈ ਨਾ ਕੋਈ ਗੱਲ ! ਸਾਡੇ ਫਲਾਣੇ ਸਿੰਘ ਵਰਗਾ ਹੋਰ ਕੋਈ ਨਹੀਂ ! (ਹਸਦਾ ਹੈ) !

ਹਰਜੋਤ ਸਿੰਘ (ਸਿਰ ਤੇ ਹੱਥ ਰਖ ਕੇ) : “ਅਜੇਹੇ ਬੰਦੇ ਨੂੰ ਸਮਝਾਉਣ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮਕਿਨ ਹੈ ਜੋ ਕੀ ਸੋਚ ਕੇ ਬੈਠਾ ਹੈ ਕੀ ਮੈਂ ਸਮਝਣਾ ਹੀ ਨਹੀਂ !“ ਚੰਗਾ ਵੀਰ ! ਰੱਬ ਰਾਖਾ ! ਰੱਬ ਸਾਨੂੰ ਸੁਮੱਤ ਬਕ੍ਸ਼ਿਸ਼ ਕਰੇ!

Leave a Comment

Reader Comments