A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਗੁੱਸਾ ਤੇ ਕਿਰਪਾਨ ! (ਨਿੱਕੀ ਕਹਾਣੀ)

ਇਹ ਕੀ ? ਹਾਏ ਓਏ ! ਬਾਜ਼ ਸਿੰਘ ਨੂੰ ਹੱਥ ਵਿਚ ਕਿਰਪਾਨ ਫੜ ਕੇ ਦੋ ਮੁੰਡਿਆਂ ਨਾਲ ਗੁੱਥਮ-ਗੁੱਥਾ ਹੋਇਆ ਵੇਖ ਕੇ ਮਨਜੀਤ ਸਿੰਘ ਨੇ ਲੜਾਈ ਛੁਡਵਾ ਦਿੱਤੀ !

ਮਨਜੀਤ ਸਿੰਘ : ਲੜਾਈ ਕਿਉਂ ਕਰ ਰਹੇ ਸੀ ਬਾਜ਼ ਸਿੰਘ ?

ਬਾਜ਼ ਸਿੰਘ : ਕੁਛ ਖਾਸ ਨਹੀਂ ਵੀਰ ਜੀ, ਮੈਂ ਲੰਘ ਰਿਹਾ ਸੀ, ਤੇ ਪਿਛੋਂ ਇਨ੍ਹਾਂ ਨੇ ਟਿਚਕਰ ਕਿੱਤੀ ! ਬੱਸ ਮੈਨੂੰ ਗੁੱਸਾ ਆ ਗਿਆ ਤੇ ਮੈਂ ਪਾ ਲਿਆ ਲੰਮਾਂ ਫਿਰ !

ਮਨਜੀਤ ਸਿੰਘ : ਹੈ ? ਪਰ ਤੂੰ ਕਿਰਪਾਨ ਕਿਉਂ ਕੱਡੀ ਵੀਰ ? ਐਸਾ ਕੀ ਮੁਸ਼ਕਿਲ ਸਮਾਂ ਆ ਗਿਆ ਸੀ ? ਐਡਾ ਗੁੱਸਾ ?

ਬਾਜ਼ ਸਿੰਘ : ਅੰਮ੍ਰਿਤ ਛੱਕਿਆ ਹੋਇਆ ਹੈ ਨਾ, ਤੇ ਖੰਡੇ ਦੀ ਗਰਮੀ ਕਿਥੇ ਜਾਣੀ ਹੈ ! ਆਪਣੇ ਤੇ ਸੁਭਾ ਵਿਚ ਹੀ ਗੁੱਸਾ ਹੈ ਜੀ ! ਫਿਰ ਕਿਰਪਾਨ ਕਿਸ ਵਾਸਤੇ ਪਾਈ ਹੈ ? ਤੁਸੀਂ ਸੁਣਿਆ ਨਹੀਂ "ਜੇਹੜਾ ਵੀ ਅੱਗੇ ਖੰਗਿਆ ਸੀ, ਅਸੀਂ ਪੁੱਠਾ ਟੰਗਿਆ ਸੀ"

ਮਨਜੀਤ ਸਿੰਘ : ਵਾਹ ਵਾਹ ਵਾਹ ਸੱਦਕੇ ਤੇਰੇ ਵੀਰਾ ! ਤੈਨੂੰ ਗਲਤ ਕੰਮ ਕਰਨ ਵਿਚ ਵੀ ਕਾਰਣ ਲਭ ਗਿਆ ? ਤੈਨੂੰ ਪਾਣੀ ਵਿਚ ਫੇਰੇ ਖੰਡੇ ਨਾਲ ਗਰਮੀ ਚੜ੍ਹ ਗਈ ਪਰ ਉਸੇ ਪਾਣੀ ਵਿਚ ਜੋ ਪਤਾਸੇ ਘੋਲੇ ਸੀ "ਉਨ੍ਹਾਂ ਦੀ ਮਿਠਾਸ ਨੂੰ ਭੁਲ ਗਿਆਂ?" ਤੈਨੂੰ ਯਾਦ ਰਹੀ ਤੇ ਕੇਵਲ ਖੰਡੇ ਦੀ ਗਰਮੀ ?

ਇਹ ਜੋ ਕਿਰਪਾਨ ਤੈਨੂੰ ਬਖਸ਼ਿਸ਼ ਹੋਈ ਹੈ, ਓਹ ਇਸ ਲਈ ਨਹੀਂ ਹੋਈ ਕੀ ਤੂੰ ਆਪਣੇ ਕਰ ਕੇ ਸਭ ਨੂੰ ਬਦਨਾਮ ਕਰਦਾ ਫਿਰੇਂ!!! ਇਹ ਕਿਰਪਾਨ ਹੈ, ਇਹ ਬਖਸ਼ਿਸ਼ ਹੈ, ਇਹ ਕਿਰਪਾ ਹੈ, ਮਨੁੱਖ ਉੱਤੇ ਕੀ ਇੱਕ ਤਾਕਤ ਤੇਰੇ ਕੋਲ ਹੈ ! ਤੇ ਵੀਰ ਗੁਰੂ ਸਾਹਿਬ ਸਮਝਾਉਂਦੇ ਨੇ ਕੀ

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥

ਅਸੀਂ ਕਿਸੇ ਕੋਲੋਂ ਡਰਨਾ ਨਹੀਂ, ਪਰ ਨਾਲੇ ਹੀ ਜਿੰਮੇਵਾਰੀ ਹੈ ਕਿ ਕਿਸੀ ਨੂੰ ਡਰਾਉਣਾ ਵੀ ਨਹੀਂ ! ਕਿਰਪਾਨ ਚੁੱਕੋ ਪਰ ਮਜਲੂਮ ਦੀ ਰਖਿਆ ਵਾਸਤੇ, ਨਾ ਕਿ ਕਿਸੀ ਨੂੰ ਵੇਹਲੇ ਡਰਾਵਾ ਦੇਣ ਲਈ ! ਕਿਰਪਾਨ ਚੁੱਕੋ ਆਪਣੀ ਸੁਰੱਖਿਆ ਵਾਸਤੇ, ਪਰ ਗੱਲ ਗੱਲ 'ਤੇ ਕਿਰਪਾਨ ਨੂੰ ਹੱਥ ਪਾ ਲੈਣਾ ਸਿੱਖੀ ਨਹੀਂ, ਸਿਆਨਪ ਨਹੀਂ ! ਇਹ ਇੱਕ ਪ੍ਰਣ ਹੈ, ਇਹ ਇੱਕ ਸੰਦੇਸ਼ ਹੈ, ਗੁਰੂ ਦਾ ਕਿ ਤੇਰੇ 'ਤੇ "ਕਿਰਪਾ" ਹੋਈ ਹੈ, ਤੇ ਤੈਨੂੰ "ਮਾਣ" ਮਿਲਿਆ ਹੈ, ਤੇ ਜਿਸ ਕੋਲ ਮਾਣ ਹੁੰਦਾ ਹੈ ਓਹ ਜਲਦੀ ਗੁੱਸਾ ਨਹੀਂ ਖਾਉਂਦਾ !

ਬਾਜ਼ ਸਿੰਘ (ਰੋਂਦਾ ਹੋਇਆ) : ਬੱਸ ਕਰੋ ! ਬੱਸ ਕਰੋ ! ਵੀਰ ਜੀ ਬੱਸ ਕਰੋ ! ਮੈਨੂੰ ਸਮਝ ਆ ਗਈ, ਕਿ ਮੈਂ ਕਿਤਨਾ ਭੁਲੇਖੇ ਵਿਚ ਸੀ ! ਮੈਂ ਤੇ ਲੋਕਾਂ ਦੇ ਕਹਿਣ ਵਿਚ ਆ ਗਿਆ ਸੀ ! ਮੈਂ ਹੁਣ ਆਪਣੇ ਧਰਮ ਬਾਰੇ, ਇਤਿਹਾਸ ਬਾਰੇ, ਸਾਡੇ ਵਡੇ ਵਡੇਰਿਆਂ ਦੀਆਂ ਸਾਖੀਆਂ ਬਾਰੇ ਗਿਆਨ ਹਾਸਿਲ ਕਰਾਂਗਾ ! ਤੇ ਕੋਸ਼ਿਸ਼ ਕਰਾਂਗਾ ਕੀ ਮੇਰੇ ਕਰਕੇ ਮੇਰੇ ਗੁਰੂ ਉੱਤੇ ਕੋਈ ਦੋਸ਼ ਨਾ ਆਵੇ, ਤੇ ਪੰਥ ਵੀ ਸ਼ਰਮਿੰਦਾ ਨਾ ਹੋਵੇ ! ਮੈਨੂੰ ਅੱਜ ਅੰਮ੍ਰਿਤ ਦਾ ਮਤਲਬ ਸਮਝ ਆ ਗਿਆ ਹੈ !

Leave a Comment

Reader Comments