ਊੜਾ - ਐੜਾ - ਈੜੀ ! (ਨਿੱਕੀ ਕਹਾਣੀ)
ਓਹੀ ਸਿਖਿਆ ਨਿੱਕੇ ਬੱਚੇ ਨੂੰ ! ਓਹੀ ਸਿਖਿਆ ਵੱਡੇ ਬੱਚੇ ਨੂੰ ! ਓਹੀ ਸਿਖਿਆ ਜਵਾਨ ਨੂੰ ਤੇ ਓਹੀ ਸਿਖਿਆ ਬੁੱਢੇ ਬੰਦੇ ਨੂੰ ! ਕੀ ਉਮਰ ਦੇ ਨਾਲ ਪ੍ਰਮਾਣ ਬਦਲ ਨਹੀਂ ਸਕਦੇ ? ਕੀ ਹੋ ਰਿਹਾ ਹੈ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ! (ਗੁਰਮੰਨ ਸਿੰਘ ਨੇ ਵਿਚਾਰ ਪੇਸ਼ ਕਰਦੇ ਹੋਏ ਕਿਹਾ)
ਗੁਰਪਿਆਰ ਸਿੰਘ : ਬਿਲਕੁਲ ਸਹੀ ਕਿਹਾ ਵੀਰ ! ਹੋਣਾ ਤਾਂ ਇਹ ਚਾਹੀਦਾ ਹੈ ਕਿ ਵੱਖ ਵੱਖ ਉਮਰ ਦੀ ਸੰਗਤ ਲਈ ਵੱਖ ਵੱਖ ਸਮੇਂ ਤੇ ਪ੍ਰੋਗ੍ਰਾਮ ਕੀਤੇ ਜਾਣ ਤੇ ਇਸੀ ਹਿਸਾਬ ਨਾਲ ਪ੍ਰਮਾਣ ਦੇ ਕੇ ਉਨ੍ਹਾਂ ਦੀ ਗੁਰਬਾਣੀ ਪ੍ਰਤੀ ਜਿਗਿਆਸਾ ਦਾ ਜਵਾਬ ਦਿੱਤਾ ਜਾਵੇ ! ਪਰ ਕੀ ਕਰੀਏ .. ਐਥੇ ਤਾਂ ਪ੍ਰਚਾਰਕਾਂ ਨੂੰ ਅਣਹੋਣੀ ਸਾਖੀਆਂ ਸੁਣਾਉਣ ਤੋ ਹੀ ਫੁਰਸਤ ਨਹੀਂ ! ਜਾਂ ਫਿਰ ਸਿਧਾ ਹੀ ਬੀ.ਏਡ. ਦੀ ਪੜ੍ਹਾਈ ਕਰਵਾਉਣ ਤੁਰ ਪੈਂਦੇ ਹਨ !
ਪਹਿਲਾਂ ਘਰਾਂ ਵਿੱਚ ਦਾਦੀਆਂ, ਨਾਨੀਆਂ, ਮਾਵਾਂ ਬੱਚੇ ਨੂੰ ਉਸ ਦੀ ਮਿੱਠੀ ਭਾਸ਼ਾ ਵਿੱਚ ਹੀ ਪਿਆਰ ਨਾਲ ਗੁਰ ਇਤਿਹਾਸ ਦੀਆਂ ਸਾਖੀਆਂ, ਪਾਠ ਅਤੇ ਉਸਦੇ ਅਰਥ ਦ੍ਰਿੜ੍ਹ ਕਰਵਾ ਦਿੰਦਿਆਂ ਸਨ ! ਪਰ ਅਜੋਕੇ ਮੋਬਾਇਲ - ਟੀ.ਵੀ. - ਇੰਟਰਨੇਟ ਦੇ ਯੁਗ ਵਿੱਚ ਇਹ ਆਪ ਹੀ ਰੁਝ ਗਈਆਂ ਹਨ ਤੇ ਦੂਜੇ ਪਾਸੇ ਗੁਰਦੁਆਰੇ ਦੀ ਸਟੇਜ ਤੋਂ ਵੀ ਇਨ੍ਹਾਂ ਬਾਬਤ ਸੋਚਿਆ ਨਹੀਂ ਜਾ ਰਿਹਾ ! ਛੁਟੀਆਂ ਵਿੱਚ ਕੈੰਪ ਲਾਉਣੇ ਮੁਬਾਰਕ ਹਨ ਪਰ ਬਾਕੀ ਪੂਰੇ ਸਾਲ ਉਨ੍ਹਾਂ ਬਚਿਆਂ ਨੂੰ ਜਾਣਕਾਰੀ ਕਿਵੇਂ ਆਵੇ ! ਦੂਜੇ ਪਾਸੇ ਜੋ ਅੱਜ ਬੁੱਢੇ ਹੋ ਚੁਕੇ ਹਨ ਤੇ ਉਨ੍ਹਾਂ ਨੂੰ ਆਤਮਿਕ ਤੌਰ ਤੇ ਹੋਰ ਵਧੇਰੀ ਜਾਣਕਾਰੀ ਹੋਣੀ ਚਾਹੀਦੀ ਹੈ ਪਰ ਓਹ ਵੀ ਅਜੇ ਵੀਹ-ਤੀਹ-ਚਾਲੀ ਸਾਲਾਂ ਤੋਂ ਰੋਜ਼ ਓਹੀ ਸੁਣ-ਸੁਣਾ ਰਹੇ ਹਨ ਤੇ ਉਨ੍ਹਾਂ ਦਾ ਆਤਮਿਕ ਜੀਵਨ ਅੱਗੇ ਨਹੀਂ ਵੱਧ ਰਿਹਾ !
ਸ਼ਾਇਦ ਜਿਆਦਾਤਰ ਪ੍ਰਚਾਰਕਾਂ (ਹੈਡ ਗ੍ਰੰਥੀ, ਰਾਗੀ, ਪਾਠੀ, ਕਥਾਕਾਰ ਆਦਿ) ਨੂੰ ਖੁਦ ਧਰਮ ਦਾ ਊੜਾ-ਐੜਾ-ਈੜੀ ਹੀ ਪਤਾ ਹੈ ਭਾਵ ਉਨ੍ਹਾਂ ਨੇ ਆਪਣੇ ਗਿਆਨ ਵਿੱਚ ਵੀ ਵਾਧਾ ਕਰਨ ਦਾ ਕੋਈ ਜਤਨ ਨਹੀਂ ਕੀਤਾ (ਭਾਵੇਂ ਕੁਝ ਉੱਦਮੀ ਵੀ ਹਨ) ! ਫਿਲਹਾਲ ਤਾਂ ਹਾਲਤ ਇਹ ਹਨ ਕਿ 'ਰੋਟੀਆਂ ਕਾਰਨ ਹੀ ਉਹ ‘ਤਾਲ ਪੂਰਦੇ ਹਨ - ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਉਪਰਾਲੇ ।
ਅਡੰਬਰ ਪਸਰਿਆ ਹੋਇਆ ਹੈ ਤੇ ਕੋਈ ਨਹੀਂ ਚਾਹੁੰਦਾ ਕੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ਼ਬਦ ਨਾਲ ਸੰਗਤ ਸਿਧਾ ਜੁੜੇ ! ਬਹੁਤ ਥਾਵਾਂ ਤੇ ਹੈਡ ਗ੍ਰੰਥੀ ਅਤੇ ਪ੍ਰਚਾਰਕਾਂ ਨੂੰ ਗੁਰਮਤ ਦੀ ਗੱਲ ਕਰਣ ਤੋਂ ਰੋਕਿਆ ਜਾਂਦਾਂ ਹੈ ਤੇ ਸੰਗਤਾਂ ਚਾਹੁੰਦੀਆਂ ਹਨ ਜਾਂ ਸੰਗਤਾਂ ਖਿਲਾਫ਼ ਹੋ ਜਾਣਗੀਆਂ ਦੀ ਆੜ ਵਿਚ ਪ੍ਰਚਾਰ ਰੋਕ ਦਿੱਤਾ ਜਾਂਦਾ ਹੈ ! ਸ਼ਾਇਦ ਪ੍ਰਬੰਧਕਾਂ ਨੂੰ ਵੀ ਪਤਾ ਹੈ ਕਿਧਰੇ ਸੰਗਤਾਂ ਨੂੰ ਸੋਝੀ ਆ ਗਈ ਤੇ ਸਾਡੀ ਸਿਆਸਤ ਅਤੇ ਖੀਰ-ਪੂੜੀ ਦਾ ਕੀ ਬਣੇਗਾ ? ਓਹ ਭੁੱਲ ਕਰ ਰਹੇ ਹਨ ਕਿਓਂਕਿ ਚੰਗਾ ਵੰਡਣ ਨਾਲ ਚੰਗਾ ਹੀ ਵਾਪਿਸ ਆਉਂਦਾ ਹੈ ! ਕੱਚੀ-ਪੱਕੀ ਜਿਵੇਂ ਮਰਜ਼ੀ ਖੁਆਉਣ ਨਾਲ ਤਾਂ ਢਿੱਡ ਹੀ ਦੁਖਦਾ ਹੈ ! ਬਾਕੀ ਨੌਕਰੀ ਕੀ ਤੇ ਨਖਰਾ ਕੀ ? ਜਿਵੇਂ ਮਾਲਕ ਆਖਣਗੇ "ਕਾਮੇ" (ਮਾਫ਼ੀ ਸਹਿਤ) ਓਹੀ ਕਰਣਗੇ !
ਆਸ ਹੈ ਕਦੀ ਤਾਂ "ਊੜਾ-ਐੜਾ-ਈੜੀ" ਤੋਂ ਲੈ ਕੇ "ਪੈਂਤੀ ਅੱਖਰੀ" ਦੀ ਗੱਲ ਕੀਤੀ ਜਾਵੇਗੀ ਭਾਵ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੇ-ਵਡੇਰਿਆਂ ਤਕ ਉਨ੍ਹਾਂ ਦੇ ਲੇਵਲ ਦੇ ਹਿਸਾਬ ਨਾਲ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ !