ਦੇਸੀ ਘਿਓ ! (ਨਿੱਕੀ ਕਹਾਣੀ)
ਚਲ ਖੜਾ ਹੋ ਜਾ ! ਕਿਧਰੇ ਹੋਰ ਚਲ ਕੇ ਦੇਸੀ ਘਿਓ ਦੇ ਪਰਾਂਠੇ ਖਾਵਾਂਗੇ ! ਐਥੇ ਨਹੀਓ ਖਾਣੇ ! (ਰਣਜੀਤ ਸਿੰਘ ਨੇ ਗੁੱਸੇ ਵਿੱਚ ਕਿਹਾ)
ਕੀ ਹੋਇਆ ? (ਹਰਸ਼ ਨੇ ਪੁਛਿਆ)
ਮੈਂ ਵੇਖ ਕੇ ਆਇਆਂ ਹੁਣੇ ! ਇਹ ਬੰਦਾ ਪਰਾਂਠੇ ਤੇ ਠੋਕ ਕੇ ਰਿਫ਼ਾਇੰਡ ਲਗਾ ਰਿਹਾ ਹੈ ਤੇ ਉੱਤੇ ਉੱਤੇ ਖੁਸ਼ਬੋ ਖਾਤਰ ਦੇਸੀ ਘਿਓ ਦੀ ਪਰਤ ਚੜਾ ਰਿਹਾ ਹੈ ! ਖੋਤੇ ਦੇ ਪੁੱਤ ਨੇ ਬਾਹਰ ਵੱਡਾ ਬੋਰਡ ਲਾਇਆ ਹੈ ਕਿ ਸ਼ੁਧ ਦੇਸੀ ਘਿਓ ਦੇ ਪਰਾਂਠੇ !
ਬੈਠ ਜਾ ਭਾਈ ! ਬੈਠ ਜਾ ... ਜਿੱਥੇ ਵੀ ਜਾਵਾਂਗੇ ਸਭਨਾ ਦਾ ਇਹੀ ਹਾਲ ਹੈ ! ਤੁਹਾਨੂੰ ਅਜੋਕੇ ਸਮੇਂ ਵਿੱਚ ਦੇਸੀ ਘਿਓ ਪੂਰਾ ਪਾ ਦੇਣ ਤਾਂ ਤੁਸਾਂ ਹਜ਼ਮ ਹੀ ਨਹੀਂ ਕਰ ਪਾਉਣਾ ਤੇ ਟੱਟੀਆਂ ਕਰ ਕਰ ਆਖੋਗੇ ਕੀ ਫੂਡ ਪੁਆਈਸਿਨਿੰਗ ਹੋ ਗਈ ਹੈ ! ਭਾਵੇਂ ਆਪ ਉੱਦਮ ਨਾ ਕਰਨ ਕਰਕੇ ਹਾਜ਼ਮਾ ਤੁਹਾਡਾ ਆਪਣਾ ਖਰਾਬ ਹੈ ! ਇਨ੍ਹਾਂ ਦੀ ਝੂਠੀ ਮਾਰਕਟਿੰਗ ਵੀ ਠਗੀ ਵਾਲੀ ਕਲਾਕਾਰੀ ਹੈ !
ਯਾਰ ਇੱਕ ਗੱਲ ਸਮਝ ਆਈ ਇਸ ਗੱਲ ਤੋਂ ਕਿ ਸਿਆਸਤ ਵਿੱਚ ਮੁੱਦੇਆਂ ਦੇ ਪਰਾਂਠੇ ਉੱਤੋ ਜਿਆਦਾ ਝੂਠ ਦਾ ਰਿਫ਼ਾਇੰਡ ਤੇ ਮਾੜਾ ਜਿਹਾ ਸਚ ਦਾ ਦੇਸੀ ਘਿਓ ਛਿੜਕ ਕੇ ਦਮਗੱਜੇ ਪੂਰਨ ਦੇਸੀ ਘਿਓ ਦੇ ਪਰਾਂਠੇ ਦੇ ਮਾਰੇ ਜਾਂਦੇ ਹਨ ! ਆਮ ਜਨਤਾ ਵੀ ਇਨ੍ਹਾਂ ਝੂਠ ਦੇ ਪਰਾਂਠੇਆਂ ਨੂੰ ਵਾਹ ਵਾਹ ਕਰ ਖਾਂਦੀ ਹੈ ਤੇ ਜਦੋਂ ਕੋਈ ਬੰਦਾ ਸੱਚਾਈ ਪ੍ਰਗਟ ਕਰਦਾ ਹੈ ਤਾਂ ਫਿਰ ਜਨਤਾ ਦੇ ਨਾਲ ਨਾਲ ਇਨ੍ਹਾਂ ਆਗੂਆਂ ਨੂੰ ਵੀ ਟੱਟੀਆਂ ਲੱਗ ਜਾਂਦੀਆਂ ਹਨ ! ਪਰ ਅਫਸੋਸ ਜਨਤਾ ਸਮਝਦੀ ਹੈ ਕਿ ਉਸ ਨੂੰ ਵਹਿਮ ਦੀ ਫੂਡ ਪੁਆਈਸਿਨਿੰਗ ਹੋ ਗਈ ਹੈ ਤੇ ਦੂਜੇ ਪਾਸੇ ਲੀਡਰਾਂ ਦਾ ਹਾਜਮਾਂ ਜਨਤਾ ਦੀ ਕਮਜੋਰੀ ਕਾਰਣ ਹੋਰ ਮਜਬੂਤ ਹੋ ਨਿਬੜਦਾ ਹੈ !
ਸੋ ਭਾਈ ! ਦਿੱਕਤ ਦੇਸੀ ਘਿਓ ਦੀ ਨਹੀਂ ਹੈ ਦਿੱਕਤ ਤਾਂ ਹਾਜ਼ਮੇ ਦੀ ਹੈ ! ਇਹੀ ਹਾਲ ਸੋਸ਼ਲ ਮੀਡਿਆ ਤੇ ਜਨਤਾ ਦਾ ਹੈ ! ਕੋਈ ਮਾੜਾ ਜਿਹਾ ਦੇਸੀ ਘਿਓ ਵਾਲਾ ਸਚ ਦਾ ਸ਼ੀਸ਼ਾ ਵਿਖਾ ਦੇਵੇ ਫਿਰ ਵੇਖੋ ਤਮਾਸ਼ਾ ਬਲਾਕਿੰਗ ਜਾਂ ਗਾਹਲਾਂ ਵਾਲੀ ਫੂਡ ਪੁਆਈਸਿਨਿੰਗ ! ਓਹ ਗੱਲ ਹੋਰ ਹੈ ਕਿ ਕੁਝ ਬੰਦਿਆਂ ਦਾ ਜਨਮ-ਜਾਤ ਹਾਜਮਾਂ ਕਮਜੋਰ ਹੁੰਦਾ ਹੈ !
ਛੱਡੋ ਯਾਰ ਹੁਣ ! ਚਾਰ ਲੱਸੀ ਵੀ ਲਿਆਵੀਂ ਕਾਕੇ ! (ਪਰਾਂਠੇ ਰਖਣ ਆਏ ਵੇਟਰ ਨੂੰ ਹਰਸ਼ ਨੇ ਕਿਹਾ)