ਸਨ ਆਫ਼ ਸਰਦਾਰ ! (ਨਿੱਕੀ ਕਹਾਣੀ)
Buraaah …. ਇੱਕ ਗਲਾਸੀ .. ਦੋ ਗਲਾਸੀ .. ਤਿੰਨ ਗਲਾਸੀ ... ਚਾਰ ! (ਗਾਣਾ ਗਾਉਂਦੇ ਹੋਏ ਕੁਲਜੀਤ ਬੜਕਾਂ ਮਾਰ ਰਿਹਾ ਸੀ) ! ਸ਼ਰਾਬ ਦਿਮਾਗ ਤੇ ਚੜ੍ਹਦੀ ਗਈ ਤੇ ਗਾਣੇ ਚਲਦੇ ਰਹੇ .... “ਬੜੀ ਦੂਰੋਂ ਹੀ ਪਛਾਣੇ ਜਾਂਦੇ ... ਪੁੱਤ ਸਰਦਾਰਾਂ ਦੇ ........... “ “ਹਮਕਾ ਪੀਨੀ ਹੈ ਪੀਨੀ ਹੈ ਹਮਕਾ ਪੀਨੀ ਹੈ” ........”ਸਿੰਘ ਇਸ ਕਿੰਗ ...... ਸਿੰਘ ਇਸ ਕਿੰਗ ...... ਸਿੰਘ ਇਸ ਕਿੰਗ” .............“ਕਭੀ ਕਭੀ ਮੇਰੇ ਦਿਲ ਮੈਂ ਖਿਆਲ ਆਤਾ ਹੈ ... ਕਿ ਦੁਨੀਆਂ ਮੈਂ ਸਰਦਾਰ ਨਾ ਹੋਤੇ ਤੋ ਕਿਆ ਹੋਤਾ ?” Buraaah ….!!
ਢਾਬੇ ਦੇ ਸਾਹਮਣੇ ਦੁਕਾਨਦਾਰ ਬਲਜੀਤ ਸਿੰਘ ਪਿਛਲੇ ਕੁਛ ਦਿਨ ਤੋਂ ਉਸਦੀਆਂ ਹਰਕਤਾਂ ਧਿਆਨ ਨਾਲ ਵੇਖ ਰਿਹਾ ਸੀ ! ਸਿਰ ਦੇ ਕੇਸ਼ ਤੇ ਦਾਹੜੀ ਕੱਟੀ, ਕਦੀ ਸਿਰ ਤੇ ਟੋਪੀ, ਕਦੀ ਪਟਕਾ, ਕਦੀ ਪਗੜੀ ... ਹੱਥ ਵਿਚ ਮੋਟਾ ਕੜਾ, ਸੱਜੇ ਮੋਢੇ ਤੇ ਖੰਡੇ ਦਾ ਵੱਡਾ ਟੈਟੂ ! ਗੱਲ ਗੱਲ ਤੇ ਗੁੱਸਾ ਤੇ ਮਾਰ ਕੁਟਾਈ ! ਮੂੰਹ ਤੇ ਮਾਂ-ਭੈਣ ਦਿਆਂ ਗੰਦੀਆਂ ਗਾਲਾਂ ! ਸੰਗਤ ਨਿਰੀ ਕੁਪੱਤੀ !
(ਕੁਲਜੀਤ ਦੀਆਂ ਹਰਕਤਾਂ ਵੇਖ ਵੇਖ ਬਲਜੀਤ ਅਫਸੋਸ ਜਾਹਿਰ ਕਰਦਾ, ਫਿਰ ਉਸ ਨੂੰ ਇੱਕ ਖਿਆਲ ਆਇਆ ! ਉਸਨੇ ਕੁਲਜੀਤ ਨਾਲ ਦੋਸਤੀ ਕਰਨ ਦਾ ਫੈਸਲਾ ਕੀਤਾ ਤਾਂਕਿ ਉਸਦੀ ਸੰਗਤ ਨੂੰ ਕੁਝ ਬਦਲ ਸੱਕੇ ! ਉਸ ਨੇ ਇਹ ਵੀ ਫੈਸਲਾ ਕੀਤਾ ਕੀ ਓਹ ਕੁਲਜੀਤ ਨੂੰ ਮਾੜੇ ਬੋਲ ਨਹੀ ਬੋਲੇਗਾ ਤੇ ਕੇਵਲ ਗੁਰੁ ਦੀ ਗੱਲ ਕਰਕੇ ਕੁਝ ਸਮਾਂ ਉਸ ਨਾਲ ਵਤੀਤ ਕਰੇਗਾ)
ਦੋਸਤੀ ਹੋਣ ਤੋਂ ਬਾਅਦ ... ਸਹਿਜੇ ਸਹਿਜੇ ਉਸ ਨੇ ਕੁਲਜੀਤ ਨੂੰ ਮਨਾ ਲਿਆ ਕੀ ਓਹ ਉਸ ਨਾਲ ਸਵੇਰੇ “ਆਸਾ ਕੀ ਵਾਰ” ਸਰਵਣ ਕਰਣ ਚਲੇਗਾ ... ਪਹਿਲਾਂ ਪਹਿਲਾਂ ਓਹ ਸਿਰਫ ਪੰਦਰਾਂ ਕੁ ਮਿੰਟ ਬਹਿੰਦੇ ! ਫਿਰ ਹੌਲੇ ਹੌਲੇ ਪੋਥੀ ਨਾਲ ਰੱਖ ਕੇ ਬੈਠਣ ਲੱਗੇ ... ਫਿਰ ਨਾਲ ਨਾਲ ਆਸਾ ਕੀ ਵਾਰ ਗਾਇਣ ਕਰਨ ਲੱਗੇ ..... !
(ਇਸ ਦੌਰਾਨ ਹੋਰ ਕੋਈ ਵੀ ਕੌੜੀ ਗੱਲ ਕੁਲਜੀਤ ਦੇ ਦਾਹੜੀ ਕੱਟਣ ਬਾਰੇ ਜਾਂ ਸ਼ਰਾਬ ਪੀਣ ਬਾਰੇ ਬਲਜੀਤ ਨੇ ਨਹੀ ਕੀਤੀ ! ਕੁਲਜੀਤ ਸ਼ਰਾਬ ਪਹਿਲਾਂ ਵਾਂਗ ਹੀ ਪੀਂਦਾ ਰਿਹਾ .. ਪਰ ਉਸ ਦੀਆਂ ਹਰਕਤਾਂ ਬਦਲਣ ਲੱਗ ਪਈਆਂ ! ਹੁਣ ਓਹ ਪਹਿਲਾਂ ਵਾਂਗ ਗਾਲਾਂ ਨਹੀ ਸੀ ਕਢਦਾ ... )
ਤਕਰੀਬਨ ਛੇ ਮਹੀਨੇ ਬਾਅਦ ....
ਕੁਲਜੀਤ : ਵੀਰ ਮੈਂ ਆਪਣੀ ਸ਼ਰਾਬ ਛੱਡਣ ਦੀ ਸੋਚ ਰਿਹਾ ਹਾਂ ਤੇ ਕੇਸ਼ ਵਾਪਿਸ ਰਖਣ ਦਾ ਵਿਚਾਰ ਪੱਕਾ ਕਰ ਲਿਆ ਹੈ !
ਬਲਜੀਤ : ਕੀ ਹੋਇਆ ਵੀਰ ?
ਕੁਲਜੀਤ : ਮੈਂ ਜਦੋਂ ਵੀ ਤੇਰੀ ਸੰਗਤ ਵਿਚ ਹੁੰਦਾ ਹਾਂ ਤਾਂ ਮੈਨੂੰ ਸਕੂਨ ਮਿਲਦਾ ਹੈ ! ਚੰਗੇ ਵਿਚਾਰ ਮਿਲਦੇ ਹਨ ! ਸੁੱਚਜੀ ਭਾਸ਼ਾ ਸੁਣਨ ਨੂੰ ਮਿਲਦੀ ਹੈ ! ਸ਼ਾਂਤੀ ਦਾ ਇਹਸਾਸ ਹੁੰਦਾ ਹੈ ! ਜੋ ਸ਼ਾਂਤੀ ਮੈਂ ਸ਼ਰਾਬ ਵਿਚ ਤੇ ਕੁੜੀਆਂ ਵਿਚ ਲਭਣ ਦੀ ਆਸ ਵਿੱਚ ਗੁਰੁ ਤੋਂ ਦੂਰ ਹੋ ਗਿਆ ਸੀ ਓਹ ਸ਼ਾਂਤੀ ਮੈਨੂੰ ਉਥੇ ਨਹੀ ਲਭੀ ... ਨਸ਼ਾ ਉਤਰਣ ਤੋਂ ਬਾਅਦ ਫਿਰ ਤੋਂ ਓਹੀ ਦੁਖ, ਦਿਖਾਵੇ ਵਾਲੇ ਦੋਸਤ ਤੇ ਕੁੜੀਆਂ, ਸਭ ਦੀ ਨਜ਼ਰ ਮੇਰੀ ਜੇਬ ਤੇ, ਮੇਰੀ ਮੁਫ਼ਤ ਸ਼ਰਾਬ ਤੇ ! (ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ) ! ਸਵੇਰੇ ਆਸਾ ਕੀ ਵਾਰ ਸੁਣਦਿਆਂ ਅੱਜ ਮੈਨੂੰ ਮਹਿਸੂਸ ਹੋਇਆ ਕਿ ਜਿਸ ਨਿਰਾਸ਼ਾ ਵਿਚ ਮੈਂ ਸੀ, ਉਸ ਵਿਚੋਂ ਮੈਨੂੰ ਇਸ ਆਸਾ ਕੀ ਵਾਰ ਨੇ ਕਢ ਲਿਆ ਹੈ ... ਇਹ ਨਿਰਾਸ਼ ਤੋਂ ਨਿਰਾਸ਼ ਨੂੰ ਵੀ ਆਸਾ ਦਿੰਦੀ ਹੈ .. ਜੀਵਣ ਜੀਣ ਦੀ ! ਮੈਨੂੰ ਸਿੱਖ ਦੀ ਜੀਵਨ ਜਾਚ ਦਾ ਝਲਕਾਰਾ ਦਿਸਿਆ ਹੈ ਇਸ ਵਿਚੋਂ ! ਮੈਂ ਹੁਣ ਵਾਕਈ ਹੀ "ਸਨ ਆਫ਼ ਸਰਦਾਰ" ਬਣਨਾ ਚਾਹੁੰਦਾ ਹਾਂ !
ਬਲਜੀਤ ਸਿੰਘ : ਜਿਵੇਂ ਤੂੰ ਕਹੇ ਵੀਰ, ਮੈਂ ਤੇਰੇ ਨਾਲ ਹਾਂ ! (ਅੰਦਰੋਂ ਆਪਣੇ ਗੁਰੁ ਦਾ ਸ਼ੁਕਰਾਨਾ ਕਰਦਾ ਹੈ, ਚੰਗੀ ਸੰਗਤ ਦੀ ਰੰਗਤ ਦਾ ਪ੍ਰਭਾਵ ਵੇਖ ਕੇ !)