ਸ਼ਹੀਦ ਸਾਡਾ ਮਾਣ ! (ਨਿੱਕੀ ਕਹਾਣੀ)
ਸ਼ਾਮੀ ਆਉਂਦੇ ਹੋਏ ਬੱਚਿਆਂ ਲਈ ਪੇਸਟਰੀ ਲੈਂਦਾ ਆਵਾਂਗਾ ! (ਹਰਜੀਤ ਸਿੰਘ ਨੇ ਘਰਵਾਲੀ ਨੂੰ ਆਖਿਆ)
ਨਹੀਂ ! ਰਹਿਣ ਦੇਣਾ ਦੋ-ਚਾਰ ਦਿਨ ! ਸਾਹਿਬਜ਼ਾਦਿਆਂ ਦਾ ਸ਼ਹੀਦੀ ਹਫਤਾ ਹੈ, ਸਾਨੂੰ ਸੋਗ ਰਖਣਾ ਚਾਹੀਦਾ ਹੈ ! (ਵਰਿੰਦਰ ਕੌਰ ਨੇ ਕਿਹਾ)
ਹਰਜੀਤ ਸਿੰਘ (ਸਮਝਾਉਂਦੇ ਹੋਏ) : ਸਿੱਖੀ ਇਤਿਹਾਸ ਹਜ਼ਾਰਾਂ ਲੱਖਾਂ ਗੁਰੂ ਕੇ ਪੁੱਤਰਾਂ-ਸਿੱਖਾਂ ਦੀ ਸ਼ਹੀਦੀ ਨਾਲ ਸਿਰਜਿਆ ਗਿਆ ਹੈ ! ਸਾਨੂੰ ਆਪਣੇ ਸ਼ਹੀਦਾਂ ਦੀ ਸ਼ਹੀਦੀ ਤੇ "ਮਾਣ ਕਰਨਾ ਚਾਹੀਦਾ ਹੈ ਜਾਂ ਸੋਗ ਮਨਾਉਣਾ ਚਾਹੀਦਾ ਹੈ ?" ਓਹ ਸਾਨੂੰ ਸਿਖਾ ਗਏ ਹਨ ਕੀ ਸਾਡੇ ਜਾਣ ਤੇ ਰੋਣਾ ਨਾ ਬਲਕਿ ਸਾਡੇ ਪੂਰਨਿਆਂ ਤੇ ਚਲਣ ਦੀ ਕੋਸ਼ਿਸ਼ ਕਰਨਾ! ਸਿੱਖੀ ਵਿੱਚ ਜਨਮ ਹੋਵੇ ਭਾਵੇਂ ਮਰਣਾ .. ਦੋਹਾਂ ਵਿੱਚ ਅਸੀਂ "ਅਨੰਦੁ ਭਇਆ ਮੇਰੀ ਮਾਏ, ਸਤਿਗੁਰੂ ਮੈ ਪਾਇਆ" ਹੀ ਪੜਦੇ ਹਾਂ !
ਵਰਿੰਦਰ ਕੌਰ (ਸਮਝਦੇ ਹੋਏ) : ਦੁਨਿਆਵੀ ਮਨੁੱਖਾਂ ਨੂੰ ਇਹ ਗੱਲਾਂ ਸਮਝਣ ਵਿੱਚ ਇਤਨੀ ਸੋਖ ਨਹੀਂ ਹੁੰਦੀ, ਕਿਓਂਕਿ ਅਸੀਂ ਵਿਕਾਰਾਂ ਵਿੱਚ ਫਸੇ ਹੋਏ ਮਨੁੱਖ ਹਾਂ ! ਪਰ ਸ਼ਾਇਦ ਤੁਸੀਂ ਠੀਕ ਆਖਦੇ ਹੋ, ਜਨਮ-ਮਰਣ ਪਰਮੇਸ਼ਵਰ ਦੇ ਹੱਥ ਹੈ ਤੇ ਸ਼ਹੀਦ ਆਪਣਾ ਜਨਮ ਸਫਲਾ ਕਰ ਅਗਲੀਆਂ ਨਸਲਾਂ ਲਈ ਉਦਾਹਰਣ ਦੇ ਕੇ ਜਾਉਂਦੇ ਹਨ ਤੇ ਸੱਚੇ ਨਾਇਕ (HERO) ਅਖਵਾਉਂਦੇ ਹਨ ! ਸਾਨੂੰ ਇਨ੍ਹਾਂ ਨਾਇਕਾਂ (HEROES) ਤੇ ਮਾਣ ਕਰਣਾ ਚਾਹੀਦਾ ਹੈ ਤੇ ਇਨ੍ਹਾਂ ਦੀ ਬਹਾਦਰੀ ਦੇ ਸੋਹਲੇ ਗਾਉਣੇ ਚਾਹੀਦੇ ਹਨ ਨਾ ਕੀ ਸੋਗ ਮਨਾਉਣਾ ਚਾਹੀਦਾ ਹੈ !
ਇਹ ਹੋਈ ਨਾ ਕੋਈ ਗੱਲ ਸਿੰਘਣੀਏ ! (ਹਰਜੀਤ ਸਿੰਘ ਨੇ ਥਾਪੜਾ ਦਿੰਦੇ ਹੋਏ ਕਿਹਾ)
0 Likes
Leave a Comment