ਸਜ਼ਾ ਜਾਂ ਮਜ਼ਾ ? (ਨਿੱਕੀ ਕਹਾਣੀ)
ਪੁੱਤਰ ਤੇਰੀ ਮੰਮੀ ਦਸ ਰਹੀ ਸੀ ਕਿ ਤੂੰ ਅੱਜ ਵੀ ਪਾਠ ਨਹੀਂ ਕੀਤਾ ! ਨਾ ਤੂੰ ਗੁਰਦੁਆਰੇ ਗਿਆ ਤੇ ਨਾ ਤੂੰ ਓਥੇ ਜਾ ਕੇ ਸੇਵਾ ਹੀ ਕੀਤੀ ! ਬੇਟਾ, ਰੋਜ਼ ਗੁਰਦੁਆਰੇ ਜਾਇਆ ਕਰ ਤੇ ਜੋੜੇ ਝਾੜਨ / ਪਾਲਿਸ਼ ਕਰਨ, ਭਾਂਡਿਆਂ ਜਾਂ ਸਫਾਈ ਆਦਿ ਦੀ ਸੇਵਾ ਕਰਿਆ ਕਰ ! (ਮਨਮੀਤ ਸਿੰਘ ਨੇ ਘਰ ਆ ਕੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਪੁਛਿਆ)
ਕੀ ਪਾਪਾ ? ਹੁਣ ਮੈਂ ਕੀ ਗਲਤੀ ਕੀਤੀ ਹੈ ਜੋ ਮੈਨੂੰ ਪਾਠ ਕਰਨ ਨੂੰ ਆਖ ਰਹੇ ਹੋ ? ਸੇਵਾ ਕਰਨ ਨੂੰ ਆਖ ਰਹੇ ਹੋ ? ਮੈਂ ਤਾਂ ਸਾਰੇ ਕੰਮ ਠੀਕ ਕਰਦਾ ਹਾਂ ! (ਗੁਰਪ੍ਰੀਤ ਸਿੰਘ ਨੇ ਆਪਣਾ ਪੱਖ ਰੱਖਿਆ)
ਮਨਮੀਤ ਸਿੰਘ ਦਾ ਦਿਮਾਗ ਘੁੰਮ ਗਿਆ .... ! (ਓਹ ਬੋਲਿਆ) ਬੇਟੇ ਪਾਠ ਅਤੇ ਸੇਵਾ ਤਾਂ ਇੱਕ ਸਿੱਖ ਦੀ ਜਿੰਦਗੀ ਦਾ ਸਭ ਤੋਂ ਚੰਗਾ ਪੱਖ ਹੈ ਤੇ ਇਸ ਨਾਲ ਮਨ ਨੀਵਾਂ ਅਤੇ ਮੱਤ ਉੱਚੀ ਹੁੰਦੀ ਹੈ ਤੇ ਜੀਵਨ ਵਿੱਚ ਨਿਮਰਤਾ ਅਤੇ ਚੜ੍ਹਦੀਕਲਾ ਦੋਵੇਂ ਭਰਪੂਰ ਆਉਂਦੀਆਂ ਹਨ ! ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਸ਼ਬਦ ਪੜ੍ਹਨਾ-ਵਿਚਾਰਨਾ ਅਤੇ ਹੱਥੀ ਸੇਵਾ ਹਾਸਿਲ ਹੁੰਦੀ ਹੈ !
ਪਰ ਪਾਪਾ ! ਅਜੇ ਕਲ ਹੀ ਮੈਂ ਟੀ.ਵੀ. ਤੇ ਵੇਖਿਆ ਹੈ ਕਿ ਇੱਕ ਸਿਆਸੀ ਆਗੂ ਨੂੰ ਉਸਦੀ ਘੋਰ ਗਲਤੀ ਕਰਕੇ ਪਾਠ ਅਤੇ ਸੇਵਾ ਦੀ ਸਜ਼ਾ ਹੋਈ ! ਪਹਿਲਾਂ ਵੀ ਸੁਣਿਆ ਹੈ ਕਿ ਪਾਠ ਕਰਨ ਜਾਂ ਹੱਥੀਂ ਸੇਵਾ ਦੀ ਸਜ਼ਾ ਲਾਈ ਗਈ ਸੀ ! ਹੁਣ ਕੀ ਸਮਝਾਂ, ਪਾਠ ਕਰਨਾ ਸਜ਼ਾ ਹੈ ਜਾਂ ਮਜ਼ਾ ?
ਮਨਮੀਤ ਸਿੰਘ ਸੁੰਨ ਹੋ ਗਿਆ ! ਤਨਖਾਹ ਦਾ ਸੰਬੰਧ ਸਿੱਖੀ ਜੀਵਨ ਜਿਉਂਦੇਆਂ ਹੋਈ ਭੁੱਲ ਨਾਲ ਸੀ ਨਾ ਕਿ ਸਿਆਸੀ ਮੁਫਾਦਾਂ ਕਰਕੇ ਜਾਨਬੂਝ ਕੀਤੇ ਗਏ ਕੁਕਰਮ ਜਾਂ ਗਲਤੀਆਂ ਨਾਲ ! ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ। ਆਮ ਸਿੱਖ ਦੀ ਰਹਿਣੀ ਭਾਵ ਜੀਵਨ ਜਾਚ ਦੀ ਗਲਤੀ ਦਾ ਪ੍ਰਾਸ਼ਚਿਤ ਹੈ ਪਾਠ ਜਾਂ ਹੱਥੀਂ ਸੇਵਾ ! ਪਰ ਦੂਜੇ ਪਾਸੇ ਕਿਸੀ ਵੀ ਸਿਆਸੀ ਲੀਡਰ (ਜਿੰਮੇਦਾਰ) ਦੀ ਸਜ਼ਾ ਮਹਾਰਾਜਾ ਰਣਜੀਤ ਸਿੰਘ ਵਾਲੀ ਹੀ ਹੋਣੀ ਚਾਹੀਦੀ ਹੈ !
0 Likes
Leave a Comment