ਟੋਕਰੀ ! (ਨਿੱਕੀ ਕਹਾਣੀ )
ਪਿੰਡ ਵਿੱਚ ਚੋਣਾਂ ਦਾ ਮਾਹੌਲ ਸੀ। ਇੱਕ ਧਾਰਮਿਕ ਸਿਆਸੀ ਪਾਰਟੀ ਵਾਲੇ ਗਰੀਬਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਸਨ।
ਕਿੱਟ ਫੜਾਉਂਦਿਆਂ ਆਗੂ ਨੇ ਕਿਹਾ,
“ਸੰਗਤ ਜੀ, ਰਾਸ਼ਨ ਤਾਂ ਸੇਵਾ ਵਾਸਤੇ ਹੈ... ਪਰ ਵੋਟ ਸਾਡੇ ਆਗੂ ਦੇ ਚੋਣ ਨਿਸ਼ਾਨ ਟੋਕਰੀ ਨੂੰ ਹੀ ਪਾਇਓ।”
ਬਾਬਾ ਅਨਪੜ ਸਿੰਘ ਜੀ ਕੋਲ ਖੜ੍ਹੇ ਸਨ। ਉਨ੍ਹਾਂ ਨੇ ਕਿੱਟ ਵੱਲ ਵੇਖਿਆ ਤੇ ਕਿਹਾ,
“ਪੁੱਤ, ਜੇ ਸੇਵਾ ਦੇ ਬਦਲੇ ਵੋਟ ਮੰਗਣੀ ਪਵੇ, ਫਿਰ ਇਹ ਸੇਵਾ ਕਿਹੜੀ ਹੋਈ?”
ਆਗੂ ਹੱਸ ਕੇ ਬੋਲਿਆ,
“ਬਾਬਾ ਜੀ, ਸਿਆਸਤ ਵਿੱਚ ਥੋੜ੍ਹਾ ਬਹੁਤ ਤਾਂ ਚੱਲਦਾ ਹੈ।”
ਅਨਪੜ ਸਿੰਘ ਜੀ ਨੇ ਕਿਹਾ,
“ਥੋੜ੍ਹਾ-ਥੋੜ੍ਹਾ ਕਰਕੇ ਹੀ ਤਾਂ ਜ਼ਮੀਰ ਸਾਰਾ ਵਿਕ ਜਾਂਦਾ ਹੈ।” ! ਵਿੱਕ ਜਾਂਦਾ ਕਿ ਹੈ , ਵਿਕਿਆ ਹੀ ਦਿਸਦਾ ਹੈ !
ਆਗੂ ਚੁੱਪ ਹੋ ਗਿਆ।
ਬਾਬਾ ਜੀ ਨੇ ਰਾਸ਼ਨ ਦੀ ਕਿੱਟ ਲੈਣ ਤੋਂ ਇਨਕਾਰ ਨਹੀਂ ਕੀਤਾ। ਬੱਸ ਇੰਨਾ ਕਿਹਾ,
“ਭੁੱਖੇ ਦਾ ਢਿੱਡ ਭਰਨਾ ਸੇਵਾ ਹੈ, ਪਰ ਉਸ ਸੇਵਾ ਨੂੰ ਹਥਿਆਰ ਬਣਾ ਕੇ ਵੋਟ ਖਰੀਦਣਾ ਸੌਦਾ ਹੈ।”
ਫਿਰ ਹੌਲੀ ਜਿਹੇ ਬੋਲੇ—
“ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥”
ਤੇ ਬਾਬਾ ਜੀ ਤੁਰਦੇ-ਤੁਰਦੇ ਮੁੜ ਕੇ ਬੋਲੇ,
“ਰਾਸ਼ਨ ਦੀ ਟੋਕਰੀ ਘਰ ਲੈ ਜਾਇਓ ਪੁੱਤਰ...
ਪਰ ਆਪਣੀ ਵੋਟ ਦੀ ਟੋਕਰੀ ਕਿਸੇ ਨੂੰ ਨਾ ਫੜਾਇਓ।”
Leave a Comment