A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਜੈਸਾ ਧਨ, ਵੈਸਾ ਅੰਨ ! (ਨਿੱਕੀ ਕਹਾਣੀ)

“ਜੈਸਾ ਖਾਵੇ ਅੰਨ, ਵੈਸਾ ਹੋਵੇ ਮਨ।”

ਬਜ਼ੁਰਗ ਨੇ ਰੋਟੀ ਦੀ ਬੁਰਕੀ ਤੋੜਦਿਆਂ ਕਿਹਾ।

ਨਾਲ ਬੈਠੇ ਹਰਵਿੰਦਰ ਨੇ ਤੁਰੰਤ ਪੁੱਛ ਲਿਆ,

“ਗੱਲ ਤਾਂ ਠੀਕ ਆ ਬਾਬਾ ਜੀ… ਪਰ ਇਹ ਅੰਨ ਖਰੀਦਿਆ ਕਿਹੜੇ ਧਨ ਨਾਲ ?”

ਬਜ਼ੁਰਗ ਨੇ ਬੁਰਕੀ ਮੂੰਹ ਵਿੱਚ ਪਾਉਂਦਿਆਂ ਹੱਥ ਰੋਕ ਲਿਆ।

“ਓਏ ! ਤੂੰ ਤਾਂ ਰੋਟੀ ਨੂੰ ਵੀ ਆਮਦਨ ਟੈਕਸ ਵਿਭਾਗ ਦਾ ਵਿਸ਼ਾ ਬਣਾ ਦਿੱਤਾ!”

ਸਾਰੇ ਹੱਸ ਪਏ।

ਹਰਵਿੰਦਰ ਨੇ ਕਿਹਾ,

“ਨਹੀਂ ਬਾਬਾ ਜੀ, ਗੱਲ ਗੰਭੀਰ ਆ। ਅੰਨ ਸਿਰਫ਼ ਖੇਤ ਵਿੱਚ ਨਹੀਂ ਉੱਗਦਾ। ਉਸ ਨੂੰ ਖਰੀਦਣ ਲਈ ਧਨ ਵੀ ਚਾਹੀਦਾ। ਫਿਰ ਸਵਾਲ ਇਹ ਹੈ—ਜੈਸਾ ਧਨ, ਵੈਸਾ ਅੰਨ… ਤੇ ਜੈਸਾ ਅੰਨ, ਵੈਸਾ ਮਨ। ਤਾਂ ਫਿਰ ਇਸ ਅਖਾਣ ਕੁਝ ਇਸ ਤਰੀਕੇ ਵੀ ਹੋ ਸਕਦਾ ਹੈ ਕਿ "ਜੈਸਾ ਧਨ, ਵੈਸਾ ਮਨ"

ਬਜ਼ੁਰਗ ਨੇ ਸਿਰ ਹਿਲਾਇਆ।

“ਸੱਚ ਆ। ਜੇ ਧਨ ਕਿਸੇ ਦਾ ਹੱਕ ਮਾਰ ਕੇ, ਧੋਖਾ ਦੇ ਕੇ, ਰਿਸ਼ਵਤ ਲੈ ਕੇ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਕਮਾਇਆ ਹੋਵੇ, ਤਾਂ ਰੋਟੀ ਦੀ ਥਾਲੀ ਭਾਵੇਂ ਕਿੰਨੀ ਵੀ ਮਹਿੰਗੀ ਕਿਓਂ ਨਾ ਹੋਵੇ, ਮਨ ਕਿਵੇਂ ਸਾਫ਼ ਰਹੇਗਾ? ਉਹ ਅੰਨ ਤਾਂ ਬਿਮਾਰੀਆਂ ਅਤੇ ਵਿਕਾਰ ਹੀ ਲੈ ਕੇ ਆਵੇਗਾ !”

ਹਰਵਿੰਦਰ ਬੋਲਿਆ,
“ਮਤਲਬ ਫਿਰ ਪਲੇਟ ਵਿੱਚ ਪਈ ਦਾਲ ਤੋਂ ਪਹਿਲਾਂ ਪੈਸੇ ਦੀ ਚਾਲ ਵੇਖਣੀ ਪਊ?”

ਬਜ਼ੁਰਗ ਹੱਸ ਪਿਆ।

“ਹਾਂ ਪੁੱਤ! ਕਈ ਵਾਰ ਬੰਦਾ ਰੋਟੀ ਤਾਂ ਘਿਓ ਨਾਲ ਖਾਂਦਾ ਹੈ, ਪਰ ਘਿਓ ਦਾ ਪੈਸਾ ਕਿਸੇ ਹੋਰ ਦੇ ਹੱਕ ਨੂੰ ਨਿਚੋੜ ਕੇ ਆਇਆ ਹੁੰਦਾ ਹੈ!”

ਫਿਰ ਉਸ ਨੇ ਗੁਰਬਾਣੀ ਦੀ ਗੱਲ ਯਾਦ ਕਰਵਾਈ—

“ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥”

“ਮਿਹਨਤ ਦੀ ਕਮਾਈ ਕਰਨੀ, ਉਸ ਵਿੱਚੋਂ ਵੰਡ ਕੇ ਖਾਣਾ—ਇਹੀ ਅਸਲ ਗੱਲ ਹੈ।”
“ਬੱਸ! ਹੁਣ ਰੋਟੀ ਖਾ ਲੈ… ਨਹੀਂ ਤਾਂ ਵਿਚਾਰ ਕਰਦਿਆਂ ਕਰਦਿਆਂ ਅੰਨ ਵੀ ਠੰਢਾ ਹੋ ਜੂ!”

ਰੋਟੀ ਗਰਮ ਸੀ, ਪਰ ਗੱਲ ਦਿਲ ਵਿੱਚ ਉਤਰ ਕੇ ਉਸ ਨੂੰ ਠੰਡਾ ਕਰ ਗਈ।

Leave a Comment

Reader Comments