ਚਿੱਟੀ ਸਿਉਂਕ ! (ਨਿੱਕੀ ਕਹਾਣੀ)
ਚੈਨਲ ਬਦਲਦਿਆਂ ਹਰਜੀਤ ਸਿੰਘ ਦੇ ਸਾਹਮਣੇ ਕ੍ਰਿਸ਼ੀ-ਦਰਸ਼ਨ ਪ੍ਰੋਗ੍ਰਾਮ ਆ ਗਿਆ, ਜੋ ਸਾਲਾਂ ਪਹਿਲਾਂ ਦੂਰ-ਦਰਸ਼ਨ ਦੇ ਜ਼ਮਾਨੇ ਸ਼ਾਮੀ 7 ਵਜੇ ਆਉਂਦਾ ਸੀ ! ਪੁਰਾਣੇ ਜ਼ਮਾਨੇ ਨੂੰ ਯਾਦ ਕਰਦਿਆਂ ਓਹ ਪ੍ਰੋਗ੍ਰਾਮ ਵੇਖਣ ਲੱਗਾ !
ਜਾਣਕਾਰ ਦਸ ਰਿਹਾ ਸੀ ਕਿ "ਸਿਉਂਕ ਜਿਸ ਨੂੰ ਆਮ ਤੌਰ 'ਤੇ ਚਿੱਟੀ ਕੀੜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ! ਇਹ ਕੀੜਾ ਝੁੰਡ ਦੇ ਰੂਪ ਵਿਚ ਇਕ ਵੱਡੇ ਭਾਈਚਾਰੇ ਦੇ ਰੂਪ ਵਿਚ ਜ਼ਮੀਨ ਹੇਠਾਂ ਮਿੱਟੀ ਦੇ ਘਰਾਂ ਵਿਚ ਯੋਜਨਾਬੱਧ ਤਰੀਕੇ ਨਾਲ ਰਹਿੰਦਾ ਹੈ। ਖਾਲੀ ਥਾਵਾਂ ਉੱਪਰ ਇਸ ਦੁਆਰਾ ਬਣਾਏ ਮਿੱਟੀ ਦੇ ਛੋਟੇ-ਛੋਟੇ ਕਿਲ੍ਹੇ ਆਮ ਦੇਖੇ ਜਾਂਦੇ ਹਨ, ਜਿਸ ਨੂੰ ਬਰਮੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਕੀੜਾ ਆਮ ਤੌਰ 'ਤੇ ਹਾੜ੍ਹੀ ਅਤੇ ਸਾਉਣੀ ਦੀਆਂ ਵੱਖ-ਵੱਖ ਫ਼ਸਲਾਂ, ਛਾਂ-ਦਾਰ ਦਰੱਖਤ, ਫਲਾਂ, ਸਬਜ਼ੀਆਂ, ਘਰਾਂ ਅਤੇ ਦਫ਼ਤਰਾਂ ਆਦਿ ਵਿਚ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।"
ਹਰਜੀਤ ਸਿੰਘ ਦੇ ਦਿਮਾਗ ਨੇ ਅਚਾਨਕ ਮੋੜਾ ਲਿਆ ਤੇ ਉਸਨੇ ਇਸ ਖਬਰ ਨੂੰ ਇਸ ਤਰੀਕੇ ਸਮਝਿਆ ਕਿ ....
"ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਗੁਰੂ ਸਿਧਾਂਤ ਵਾਲੀ ਸਿੱਖੀ ਦੀ ਖੇਤੀ ਵਿੱਚ ਚਿੱਟੇ ਚੋਲੇ ਪਾਏ ਸਰਕਾਰੀ ਸਹਾਇਤਾ ਪ੍ਰਾਪਤ ਕੁਝ ਬਾਜੀਗਰ ਬੰਦੇ ਪੈਦਾ ਹੋ ਗਏ ਜਿਨ੍ਹਾਂ ਨੂੰ ਆਮ ਤੌਰ 'ਤੇ ਸੰਤ ਸਮਾਜ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ! ਇਹ ਅਖੌਤੀ ਸੰਤ ਝੁੰਡ ਦੇ ਰੂਪ ਵਿਚ ਇਕ ਵੱਡੇ ਭਾਈਚਾਰੇ ਦੇ ਰੂਪ ਵਿਚ ਵੱਖ ਵੱਖ ਡੇਰਿਆਂ ਵਿਚ ਯੋਜਨਾਬੱਧ ਅਤੇ ਸ਼ਾਹੀ ਤਰੀਕੇ ਨਾਲ ਰਹਿੰਦੇ ਹਨ। ਹਾਈਵੇ ਅਤੇ ਪਹਾੜਾ ਉੱਪਰ ਇਨ੍ਹਾਂ ਦੁਆਰਾ ਬਣਾਏ ਡੇਰੇ ਜੋ ਕਿਸੀ ਬੰਦ ਕਿਲ੍ਹੇ ਵਾਂਗ ਭਾਸਦੇ ਹਨ, ਪਾਏ ਜਾਂਦੇ ਹਨ ! ਇਹ ਅਖੌਤੀ ਸੰਤ ਆਮ ਤੌਰ 'ਤੇ ਅਨਪੜ੍ਹ ਸਿੱਖਾਂ, ਬੀਬੀਆਂ, ਵਹਿਮਾਂ-ਭਰਮਾਂ ਵਿੱਚ ਫਸੀ ਅਤੇ ਗੁਰਬਾਣੀ ਨੂੰ ਤੰਤਰ-ਮੰਤਰ ਸਮਝਣ ਵਾਲੀ ਸੰਗਤ, ਜੋ ਕੀ ਵੱਡੀ ਗਿਣਤੀ ਵਿੱਚ ਹੈ ਤੇ ਸ਼ਬਦ ਗੁਰੂ ਦੇ ਸਿਧਾਂਤ ਤੋ ਕੋਰੀ ਹੈ, ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।"
ਕੀ ਬੇਕਾਰ ਜਿਹਾ ਪ੍ਰੋਗ੍ਗ੍ਰਾਮ ਵੇਖ ਰਹੇ ਹੋ ? (ਕੁਲਬੀਰ ਕੌਰ ਤੇ ਹਰਜੀਤ ਸਿੰਘ ਦੇ ਮੋਢੇ ਤੇ ਹੱਥ ਰਖਦਿਆਂ ਪੁਛਿਆ)
ਕੁਝ ਨਹੀਂ .... ਚਿੱਟੀ ਸਿਉਂਕ ਬਾਰੇ ਪ੍ਰੋਗ੍ਰਾਮ ਆ ਰਿਹਾ ਸੀ ! ਸ਼ਬਦ ਗੁਰੂ ਨਾਲ ਜੁੜ ਕੇ ਇਸ ਚਿੱਟੀ ਸਿਉਂਕ ਨੂੰ ਮਾਰਿਆ ਜਾ ਸਕਦਾ ਹੈ ! (ਚੈਨਲ ਬਦਲਦੇ ਹੋਏ ਹਰਜੀਤ ਸਿੰਘ ਨੇ ਕਿਹਾ)
ਤੁਹਾਡਾ ਦਿਮਾਗ ਕਿੱਥੇ ਹੈ ਸਰਦਾਰ ਜੀ ? ਚਿੱਟੀ ਸਿਉਕ ਨੂੰ ਮਾਰਣ ਲਈ ਦਵਾਈ ਦਾ ਛਿੜਕਾਓ ਹੁੰਦਾ ਹੈ ! ਥਕੇ ਹੋਏ ਲੱਗ ਰਹੇ ਹੋ, ਆਰਾਮ ਕਰ ਲੋ !
ਨੋਟ : ਇਨ੍ਹਾਂ ਅਖੌਤੀ ਸੰਤਾਂ ਦੀ ਡਾਰ ਵਿੱਚ ਕੁਝ ਕਰਣੀ ਵਾਲੇ ਸੰਤ ਵੀ ਜਰੂਰ ਹੋਣਗੇ, ਪਰ ਉਨ੍ਹਾਂ ਦੀ ਪਛਾਣ ਇੱਕ ਸਾਧਾਰਣ ਮਨੁੱਖ ਲਈ ਮੁਸ਼ਕਿਲ ਹੈ ! ਆਮ ਤੌਰ ਤੇ ਬਾਜੀਗਰ ਬਾਜ਼ੀ ਪਾ ਕੇ ਸੰਗਤਾਂ ਨੂੰ ਭਰਮਾ ਲੈਂਦੇ ਹਨ !
0 Likes
Leave a Comment