ਸੱਚੇ ਮਾਰਗ ਚਲਦਿਆਂ ! (ਨਿੱਕੀ ਕਹਾਣੀ)
ਅਸੀਂ ਕਰ ਰਹੇ ਹਾਂ ਮਦਦ ! ਜਦੋਂ ਵੀ ਕੋਈ ਬਿਪਤਾ ਆਉਂਦੀ ਹੈ ਲੋਕਾਈ ਤੇ ਤਾਂ ਅਸੀਂ ਹੀ ਉਠਦੇ ਹਾਂ ਮਦਦ ਲਈ । ਬਾਕੀਆਂ ਸਭ ਤੋਂ ਜਿਆਦਾ ਮਦਦ ਅਤੇ ਭਲਾਈ ਅਸੀਂ ਹੀ ਕਰਦੇ ਹਾਂ । ਵੇਖੋ ਹੁਣ ਜਦੋ ਭੀੜ (ਬਿਪਤਾ) ਆਈ ਤਾਂ ਕੌਣ ਖੜਾ ਹੋਇਆ ? ਆਇਆ ਕੋਈ ਹੋਰ ? ਜਾਨ ਤਲੀ ਤੇ ਰੱਖ ਕੇ ਅਸੀਂ ਹੀ ਸੈਂਕੜੇ ਸਾਲਾਂ ਤੋਂ ਅਜਿਹੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਾਂ । ਸਾਡੇ ਗੁਰੂਆਂ ਨੇ ਵੀ ਲੋਕਾਈ ਤੇ ਇਹਸਾਨ ਕੀਤੇ ਹਨ ਜੋ ਇਹ ਅਹਿਸਾਨ-ਫਰਾਮੋਸ਼ ਉਤਾਰ ਨਹੀਂ ਸਕਦੇ । (ਸੇਵਾ ਕਰਦੇ ਹੋਏ ਵੀ ਕੁਲਬੀਰ ਸਿੰਘ ਇਹ ਬੋਲੀ ਜਾ ਰਿਹਾ ਸੀ, ਸ਼ਾਇਦ ਹੰਕਾਰਿਆ ਗਿਆ ਸੀ)
ਹਰਜੀਤ ਸਿੰਘ (ਪਿਆਰ ਨਾਲ ਨਸੀਹਤ ਦਿੰਦੇ ਹੋਏ) : ਸਾਨੂੰ ਤਾਂ ਧੰਨਵਾਦੀ ਹੋਣਾ ਚਾਹੀਦਾ ਹੈ ਰੱਬ ਦਾ ਕਿ ਸਾਨੂੰ ਆਪਣੇ ਗੁਰੂ ਦੀ ਸਿਖਿਆ ਤੇ ਚਲਣ ਦਾ ਮੌਕਾ ਬਖਸ਼ਿਸ਼ ਕੀਤਾ ਹੈ । ਸੇਵਾ ਤਾਂ ਵੈਸੇ ਵੀ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਪਰ ਜੇਕਰ ਸੇਵਾ ਕਰਕੇ ਵੀ ਇਹਸਾਨ ਚਾੜਿਆ ਤਾਂ ਫਿਰ ਆਪਣੇ ਗੁਰੂ ਨੂੰ ਹੀ ਦਾਗ ਲਾਇਆ, ਇਹ ਜਾਣ ਲੈਣਾ । ਸਾਡੇ ਗੁਰੂ ਸਾਹਿਬਾਨ ਨੇ ਵੀ ਕਿਸੀ ਤੇ ਕੋਈ ਇਹਸਾਨ ਨਹੀਂ ਕੀਤਾ ਬਲਕਿ ਉਨ੍ਹਾਂ ਨੇ ਮਨੁਖਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਨਹੀਂ ਮਿਲੇਗੀ ।
ਕੁਲਬੀਰ ਸਿੰਘ ਬੈਚੈਨੀ ਵਿੱਚ ਪਾਸਾ ਪਰਤਦਾ ਹੈ ।
ਹਰਜੀਤ ਸਿੰਘ ਆਪਣੀ ਗੱਲ ਆਖੀ ਜਾ ਰਿਹਾ ਸੀ : ਅਸੀਂ ਪਤਾ ਨਹੀਂ ਕਿਉਂ ਗੁਰੂ ਸਾਹਿਬਾਨ ਦੀ ਅਦੁਤੀ ਸ਼ਹਾਦਤਾਂ ਨੂੰ ਇਹਸਾਨ ਆਖ ਆਖ ਕੇ ਉਸਦੀ ਮਹੱਤਤਾ ਖਤਮ ਕਰ ਰਹੇ ਹਾਂ ਕਿਓਂਕਿ ਇਹਸਾਨ ਤਾਂ ਓਹ ਭਾਵਨਾ ਹੈ ਜੋ ਭਲਾਈ ਹੋਣ ਤੋਂ ਬਾਅਦ ਉਸ ਮਨੁੱਖ ਦੇ ਮਨ ਵਿੱਚ ਰਹਿਣੀ ਚਾਹੀਦੀ ਹੈ ਜਿਸ ਦੀ ਭਲਾਈ / ਮਦਦ / ਬਾਂਹ ਫੜੀ ਜਾ ਰਹੀ ਹੈ, ਪਰ ਜਦੋਂ ਅਸੀਂ ਖੁਦ ਹੀ ਕੂਕ ਕੂਕ ਕੇ ਉਸ ਨੂੰ ਆਪਣੀ ਮਦਦ ਦਾ ਇਹਸਾਨ ਚਾੜ ਕੇ ਜਤਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਮਨੁੱਖ ਦੇ ਮਨ ਵਿੱਚ ਖਿਲਾਫਤ ਪੈਦਾ ਹੁੰਦੀ ਹੈ ਤੇ ਓਹ ਹੀਣਾ ਮਹਿਸੂਸ ਕਰਦਾ ਹੋਇਆ ਅਹਿਸਾਨ ਮੰਨਣ ਤੋ ਬਾਗੀ ਹੋ ਜਾਂਦਾ ਹੈ ਤੇ ਤੁਹਾਡਾ ਕੀਤਾ ਕਰਾਇਆ ਖੂਹ-ਖਾਤੇ ਚਲਾ ਜਾਂਦਾ ਹੈ । ਇਸ ਤਰ੍ਹਾਂ ਸੇਵਾ ਕਰਦਿਆਂ ਸਾਨੂੰ ਨਿਹਕਾਮੀ (ਭਾਵ ਫਲ ਦੀ ਇੱਛਾ ਨਾ ਰਖਣ ਵਾਲਾ) ਰਹਿਣਾ ਚਾਹੀਦਾ ਹੈ ਵਰਨਾ ਸੇਵਾ ਕੀਤੀ ਹੋਈ ਵੀ ਦਰਗਾਹ ਵਿੱਚ ਕਬੂਲ ਨਹੀਂ ਹੋਣੀ ।
ਬਸ ਕਰ ਯਾਰ ਮੈਂ ਗੁਰੂ ਦਾ ਉਪਦੇਸ਼ ਭੁੱਲ ਗਿਆ ਸੀ । ਮੈਨੂੰ ਆਪਣੀ ਗਲਤੀ ਸਮਝ ਗਈ ਹੈ ਤੂੰ ਕਿਓਂ ਭਿਓਂ-ਭਿਓਂ ਕੇ ਛਿੱਤਰ ਮਾਰ ਰਿਹਾ ਹੈ । ਵਕਤੀ ਤੌਰ ਤੇ ਮੈਂ ਗੁਰੂ ਦੀ ਗੱਲ ਵਿਸਾਰ ਬੈਠਾ ਸੀ ਪਰ ਤੂੰ ਸਮਾਂ ਰਹਿੰਦੇ ਮੈਨੂੰ ਸੰਭਾਲ ਲਿਆ ।
ਬਾਕੀ ਮਾਫ਼ ਕਰੀਂ ਵੀਰ, ਕੁਝ ਕੌੜਾ ਬੋਲਿਆ ਗਿਆ ਹੋਵੇ ਤਾਂ, ਪਰ ਤੇਰੇ ਵਰਗੇ ਚੰਗੇ ਅਤੇ ਸੇਵਾ ਵਾਲੇ ਬੰਦੇ ਦੇ ਮੂੰਹੋਂ ਗਲਤ ਬੋਲ ਮੈਥੋਂ ਸੁਣਿਆ ਨਹੀਂ ਗਿਆ । ਚੰਗਾ ਮਿੱਤਰ ਓਹੀ ਹੁੰਦਾ ਹੈ ਜੋ ਵਕਤ ਸੰਭਾਲ ਕੇ ਸਹੀ ਰਾਹ ਪਾਏ । ਇਹੀ ਗੁਰੂ ਦੀ ਵੀ ਸਿਖਿਆ ਹੈ ! ਜੇਕਰ ਤੁਸੀਂ ਸੱਚੇ ਮਾਰਗ ਚਲਦੇ ਰਹੋਗੇ ਤਾਂ ਇਹ ਦੁਨੀਆਂ ਉਸਤਤ ਆਪੇ ਹੀ ਕਰੇਗੀ ! (ਚੰਗਾ ਵੀਰ, ਮੈਂ ਚਲਦਾ ਹੁਣ ! ਰੱਬ ਰਾਖਾ)
0 Likes
Leave a Comment