ਵੀਰ ਜੀ ! ਤੁਸੀਂ ਜਰੂਰ ਆਉਣਾ ਹੈ ! ਅਸੀਂ ਪੰਥ ਦੇ ਮਹਾਨ ਪ੍ਰਚਾਰਕ ਫਲਾਣਾ ਸਿੰਘ ਨੂੰ ਸਦਿਆ ਹੈ, ਉਨ੍ਹਾਂ ਦੀ ਹਰ ਗੱਲ ਨਾਲ ਦਿਲ ਅਸ਼-ਅਸ਼ ਕਰ ਉਠਦਾ ਹੈ ! ਮਿਸ਼ਰੀ ਦੀ ਡਲੀ ਵਾਂਗੂ ਮਿੱਠੀ-ਮਿੱਠੀ ਇਤਿਹਾਸਿਕ ਕੌਤਕ ਭਰੀਆਂ ਸਾਖੀਆਂ ਸੁਣਾਉਂਦੇ ਨੇ ! (ਗੁਰਮੀਤ ਸਿੰਘ ਨੇ ਦਸਿਆ)
ਵੇਖਣਾ ਕਿੱਥੇ ਇਨਾਂ ਮਿੱਠਾ ਖਾ ਕੇ ਪੰਥ ਨੂੰ ਸ਼ੂਗਰ ਹੀ ਨਾ ਹੋ ਜਾਵੇ ! ਪਹਿਲਾਂ ਹੀ ਇਤਨੀ ਸ਼ੂਗਰ (ਮਨਮਤ) ਵਧੀ ਹੋਈ ਹੈ ਕੀ ਉਸਦਾ ਅਸਰ ਸ਼ਰੀਰ ਦੇ ਬਾਕੀ ਹਿੱਸਿਆ ਤੇ ਦਿਸਣਾ ਸ਼ੁਰੂ ਹੋ ਗਿਆ ਹੈ! ਸਮੇਂ ਸਿਰ ਦਵਾਈ (ਗੁਰਬਾਣੀ ਵਿਚਾਰ) ਨਹੀ ਖਾਦੀ ਗਈ ਤਾਂ "ਇਹ ਭੈੜੀ ਸ਼ੂਗਰ ਸ਼ਰੀਰ (ਕੌਮ) ਦੇ ਬਾਕੀ ਹਿੱਸਿਆਂ ਤੇ ਹਮਲਾ ਕਰ ਕੇ ਉਨ੍ਹਾਂ ਨੂੰ ਕਮਜੋਰ ਕਰ ਦੇਵੇਗੀ ! (ਰਣਜੀਤ ਸਿੰਘ ਨੇ ਹਸਦੇ ਹੋਏ ਕਿਹਾ)
ਗੁਰਮੀਤ ਸਿੰਘ : ਤੁਹਾਡਾ ਕੀ ਮਤਲਬ ਹੈ, ਇਹ ਸਭ ਪ੍ਰਚਾਰਕ ਝੂਠੀ ਸਾਖੀਆਂ ਸੁਣਾਉਂਦੇ ਨੇ ?
ਰਣਜੀਤ ਸਿੰਘ (ਪਿਆਰ ਨਾਲ) : ਜਦੋਂ ਸਮੇਂ ਦੀ ਖੇਡ ਵਿੱਚ ਹਰ ਚੀਜ਼ ਵਿੱਚ ਮਿਲਾਵਟ ਕਰ ਦਿੱਤੀ ਗਈ ਹੈ, ਤਾਂ ਮੇਰੇ ਵੀਰ ਹਰ ਪ੍ਰਚਾਰਕ, ਕਥਾਵਾਚਕ, ਇਤਿਹਾਸਕਾਰ, ਲਿਖਾਰੀ ਨੂੰ ਸ਼ੱਕ ਦੀ ਨਿਗਾਹ ਨਾਲ ਸੁਣਨਾ-ਪੜਨਾ (ਵਿਚਾਰਨਾ) ਵਕਤ ਦੀ ਮੰਗ ਹੈ, ਕਿਉਂਕਿ ਹੱਦ ਤੋਂ ਜਿਆਦਾ ਮਿੱਠਾ ਮਿੱਠਾ ਲਿਖ-ਸੁਣਾ ਕੇ ਸਿੱਖ ਕੌਮ ਨੂੰ "ਸ਼ੂਗਰ ਦੇ ਮਰੀਜ਼" ਵਾਂਗੂ ਅੰਦਰੋਂ ਖੋਖਲਾ ਕੀਤਾ ਜਾ ਰਿਹਾ ਹੈ ! ਕੌਤਕ, ਰੰਗ, ਤਮਾਸ਼ੇ ਜੋੜ ਦਿੱਤੇ ਗਏ ਨੇ ਸਾਖੀਆਂ ਵਿੱਚ !
ਗੁਰਮੀਤ ਸਿੰਘ (ਹੈਰਾਨੀ ਨਾਲ) : ਫਿਰ ਇਲਾਜ਼ ਕੀ ਹੈ ? ਕਿਵੇਂ ਜੁੜੀਏ ਗੁਰੂ ਨਾਲ ? ਕਿਵੇਂ ਗੁਰੂ ਦੇ ਗੁਣਾਂ ਦੀ ਸਾਂਝ ਕਰੀਏ ? ਕਿਸ ਤਰੀਕੇ ਨਾਲ ਮੁੜ ਓਹ ਸੁਨਹਿਰਾ ਸਿੱਖ ਇਤਿਹਾਸ ਦੋਹਰਾਇਆ ਜਾਵੇਗਾ ?
ਰਣਜੀਤ ਸਿੰਘ : ਵਿਚਾਰ ਸਭਦੇ ਸੁਣਨੇ ਚਾਹੀਦੇ ਹਨ, ਕਿਉਂਕਿ ਇੱਕ ਮਨੁੱਖ ਦੂਜੇ ਮਨੁੱਖ ਪਾਸੋਂ ਵੀ ਸਿਖਦਾ ਹੈ ! ਪਰ ਹਰ ਵਿਚਾਰ ਅੱਤੇ ਸਾਖੀ ਨੂੰ ਗੁਰਬਾਣੀ ਦੀ ਰੋਸ਼ਿਨੀ ਵਿੱਚ ਵਿਚਾਰਨਾ ਬਹੁਤ ਜਰੂਰੀ ਹੈ ! ਅੱਖਾਂ ਬੰਦ ਕਰਕੇ ਕਿਸੀ ਵੀ ਪ੍ਰਚਾਰਕ ਦੇ ਹਰ ਕਥਨ ਜਾਂ ਬਚਨ ਨੂੰ "ਸਤਬਚਨ" ਮੰਨ ਲੈਣਾ ਸਹੀ ਨਹੀਂ! ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਲਾਉਣੀ ਬਹੁਤ ਜਰੂਰੀ ਹੈ ਤੇ ਓਹ ਕਸਵੱਟੀ ਤੱਦ ਹੀ ਲੱਗੇਗੀ, ਜਦੋਂ ਅਸੀਂ ਆਪ ਖੁਦ "ਵਿਚਾਰ ਵਿਚਾਰ ਕੇ ਸਹਿਜ ਪਾਠ ਕਰਾਂਗੇ" ! ਫਿਰ ਜਦੋਂ ਗੁਰਬਾਣੀ ਦੀ ਕਸਵੱਟੀ 'ਤੇ ਪਰਖੀਆਂ "ਬਾਬਾਣੀਆਂ ਕਹਾਣੀਆਂ" ਸੁਣੀਆਂ ਅੱਤੇ ਸੁਣਾਈਆਂ ਜਾਣਗੀਆਂ, ਤਾਂ ਫਿਰ "ਪੁੱਤ-ਸਪੁੱਤ" ਉਨ੍ਹਾਂ ਕਹਾਣੀਆਂ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਦੋਬਾਰਾ ਕਰ ਕੇ ਵਿਖਾਉਣਗੇ, ਵਰਨਾ ਸਾਚਾ ਸਤਗੁਰ ਵੀ ਬਹੁੜੀ ਨਹੀਂ ਕਰੇਗਾ, ਜੇਕਰ ਸਾਡੀ ਜੀਵਨ ਜਾਚ ਵਿੱਚ ਹੀ ਚੂਕ ਹੋਵੇਗੀ!
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥