A space for stories that matter

Every life hides a powerful story

Short stories, poems & fearless ideas

Balvinder Singh Bison

ਕਮਰਾ ਖਾਲੀ ਨਹੀਂ ! (ਨਿੱਕੀ ਕਹਾਣੀ)

ਸ਼ਾਮੀ ਆਉਣਾ ! ਅਜੇ ਕਮਰਾ ਖਾਲੀ ਨਹੀਂ ਹੈ ! (ਬੁਕਿੰਗ ਸੇਵਾਦਾਰ ਨੇ ਸੰਗਤ ਸਿੰਘ ਦੇ ਪਰਿਵਾਰ ਨੂੰ ਕਿਹਾ)

ਸ਼ਾਮ ਤਕ ? ਪੂਰਾ ਦਿਨ ਕਿੱਥੇ ਰਹੀਏ ? (ਪਰੇਸ਼ਾਨ ਜਿਹੇ ਸੰਗਤ ਸਿੰਘ ਨੇ ਕਿਹਾ)

ਬੁਕਿੰਗ ਸੇਵਾਦਾਰ (ਗੁੱਸੇ ਵਿੱਚ) : ਤੁਹਾਨੂੰ ਕਿਹਾ ਨਾ, ਸ਼ਾਮੀ ਆਉਣਾ ! ਸਮਾਨ ਰੱਖ ਦਿਓ ਗਠੜੀ ਘਰ ਵਿੱਚ !

ਸ਼ਾਮ ਨੂੰ ਕਮਰਾ ਮੰਗਣ ਤੇ ਸੇਵਾਦਾਰ ਕਹਿੰਦਾ ਹੈ ਕੀ ਕੋਈ ਕਮਰਾ ਖਾਲੀ ਨਹੀਂ ਹੈ ! ਤੁਸੀਂ ਕੋਈ ਹੋਰ ਇੰਤਿਜ਼ਾਮ ਕਰ ਲਵੋ ! ਇਤਨੀ ਦੇਰ ਵਿੱਚ ਇੱਕ ਹੋਰ ਪਰਿਵਾਰ ਕਾਉਂਟਰ 'ਤੇ ਆਉਂਦਾ ਹੈ ਤੇ ਇੱਕ ਚਿੱਠੀ ਸੇਵਾਦਾਰ ਨੂੰ ਫੜਾਉਂਦਾ ਹੈ !

ਸੇਵਾਦਾਰ (ਚਿੱਠੀ ਪੜ੍ਹ, ਖੜਾ ਹੋ ਕੇ) : ਆਓ ਜੀ ! ਕਮਰੇ ਬਥੇਰੇ ! ਫੜੋ ਜੀ ਚਾਬੀ ਤੇ ਇੱਥੇ ਦਸਤਖਤ ਕਰ ਦਿਓ !

ਬੜੀ ਕੋਸ਼ਿਸ਼ ਤੋ ਬਾਅਦ ਵੀ ਕਮਰਾ ਨਾ ਮਿਲਣ ਤੇ ਖੱਜਲ ਖੁਆਰ ਹੋਇਆ ਸੰਗਤ ਸਿੰਘ ਦਾ ਪਰਿਵਾਰ ਨੇੜਲੇ ਹੋਟਲ ਜਾ ਕੇ ਕਮਰਾ ਲੈ ਲੈਂਦਾ ਹੈ !

ਸੰਗਤ ਸਿੰਘ (ਹੋਟਲ ਵਾਲੇ ਨੂੰ) : ਕੀ ਕਹਾਣੀ ਹੈ ? ਸਰਾਂ ਵਿੱਚ ਕਮਰੇ ਖਾਲੀ ਕਿਓਂ ਨਹੀਂ ਮਿਲਦੇ ? ਬਾਹਰ ਸਾਡੇ ਵਰਗੇ ਘੱਟੋ-ਘੱਟ ਪੰਜਾਹ ਬੰਦੇ ਅਜੇ ਵੀ ਖੜੇ ਸਨ, ਪਰ ਮੈਂ ਵੇਖਿਆ ਕੀ ਕਮਰਾ ਜਾਂ ਤਾਂ ਚਿੱਠੀ ਵਾਲੇ ਨੂੰ ਮਿਲਿਆ ਤੇ ਜਾਂ ਫ਼ੋਨ ਤੇ ਗੱਲ ਕਰਣ ਤੋਂ ਬਾਅਦ ?

ਹੋਟਲ ਵਾਲਾ (ਹਸਦੇ ਹੋਏ) : ਜਿਸ ਪਾਰਟੀ ਦੇ ਪ੍ਰਬਂਧ ਹੇਠ ਇਹ ਸਰਾਵਾਂ ਚਲਦਿਆਂ ਹਨ, ਉਨ੍ਹਾਂ ਦੇ ਆਪਣੇ ਧਾਰਮਿਕ ਅੱਤੇ ਸਿਆਸੀ ਆਗੂ, ਪ੍ਰਧਾਨ, ਸੱਕਤਰ, ਸਰਪੰਚ, ਵੀ.ਆਈ.ਪੀ. ਆਦਿ ਦੀ ਜੇਕਰ ਗਿਣਤੀ ਕਰੋਗੇ ਤਾਂ ਘੱਟੋ ਘੱਟ 500 ਬੰਦਾ ਹੋਵੇਗਾ ਤੇ ਅੱਗੋ ਉਨ੍ਹਾਂ ਦੇ ਰਿਸ਼ਤੇਦਾਰ ਆਦਿ ! ਲੋੜ ਪੈਣ ਤੇ ਜਿਸਨੂੰ ਕਮਰਾ ਨਹੀਂ ਮਿਲਦਾ, ਓਹ ਹੀ ਰੌਲਾ ਪਾਉਂਦਾ ਹੈ ਤੇ ਸੇਵਾਦਾਰਾਂ ਜਾਂ ਮੈਨੇਜਰਾਂ ਦੀ ਖਿਚ-ਧਰੂੰ ਕਰਦਾ ਹੈ ! ਉੱਤੋ ਫ਼ੋਨ ਕਰਵਾ ਦਿੱਤਾ ਜਾਂਦਾ ਹੈ ! ਬੜਾ ਪ੍ਰੇਸ਼ਰ ਹੈ ਜੀ ਇਨ੍ਹਾਂ ਤੇ ! ਇਸ ਕਰਕੇ ਵੀਚਾਰੇ ਤਕਰੀਬਨ 400-500 ਕਮਰੇ ਖਾਲੀ ਹੀ ਰਖਦੇ ਹਨ !

ਸੰਗਤ ਸਿੰਘ (ਹੈਰਾਨ ਜਿਹਾ ਹੋ ਕੇ) : "ਕੁੱਬੀ ਨੂੰ ਲੱਤ ਕਾਰੀ ਆ ਗਈ" ਵਾਂਗ ਇਹ ਤੁਹਾਡੇ ਵਰਗੇ ਹੋਟਲਾਂ ਲਈ ਵਧੀਆ ਕੰਮ ਹੋ ਗਿਆ ਹੈ ! ਜੇਕਰ ਓਹ ਕਮਰੇ ਨਾ ਖਾਲੀ ਛਡਣ ਤਾਂ ਕੋਈ ਹੋਟਲਾਂ ਵੱਲ ਆਵੇ ਵੀ ਨਾ ! ਜਾਂ ਤੁਹਾਡੀ ਵੀ ਕੋਈ ਅੱਟੀ-ਸੱਟੀ ਹੈ ?

ਹੋਟਲ ਵਾਲਾ (ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੋਇਆ) : ਦਸਵੰਧ ਜੋਰੀ ਜਾਵੇ ਜਾਂ ਮਰਜ਼ੀ ਨਾਲ, ਸਾਡੇ ਵੱਲੋਂ ਤਾਂ ਗਿਆ ਹੀ ! ਸਵੇਰੇ ਕਿੰਨੇ ਵਜੇ ਉਠਾਵਾਂ ? ਨਾਸ਼ਤਾ ਕਮਰੇ ਵਿੱਚ ਕਰੋਗੇ ਜਾਂ ਰੈਸਟੋਰੇਂਟ ਵਿੱਚ ? (ਗੱਲ ਦਾ ਰੁਖ ਮੋੜਦਾ ਹੈ)

ਸੰਗਤਾਂ ਦੀ ਮਾਇਆ ਨਾਲ ਚਲਦੇ ਇਨ੍ਹਾਂ ਅਦਾਰਿਆਂ ਵਿੱਚ ਸੰਗਤ ਹੀ "ਲਾਈਨ ਦੇ ਅਖੀਰ ਵਿੱਚ ਖੜੀ ਹੈ" ! ਭਾਰੀ ਅਫਸੋਸ ਹੈ ! (ਕਹਿੰਦਾ ਹੋਇਆ ਸੰਗਤ ਸਿੰਘ ਆਪਣੇ ਕਮਰੇ ਨੂੰ ਚਲ ਪੈਂਦਾ ਹੈ)