ਤੀਜਾ ਫ੍ਰੰਟ ! (ਨਿੱਕੀ ਕਹਾਣੀ)
ਕੁੱਝ ਵੀ ਠੀਕ ਨਹੀਂ ਹੋ ਰਿਹਾ ! ਪਤਾ ਨਹੀਂ ਕਦੋਂ ਬਣੇਗਾ ਤੀਜਾ ਫ੍ਰੰਟ ? (ਸਤਨਾਮ ਸਿੰਘ ਨੇ ਕੌਫ਼ੀ ਦਾ ਘੁੱਟ ਭਰਦੇ ਹੋਏ ਕਿਹਾ)
ਲੀਡਰ ਅੱਤੇ ਟੀਮ ਵਿੱਚ ਕੁੱਝ ਸ਼ਰਤਾਂ ਪੂਰੀਆਂ ਹੋ ਜਾਣ, ਤਾਂ ਤੀਜਾ ਫ੍ਰੰਟ ਬਣਨ ਤੋਂ ਕੋਈ ਨਹੀਂ ਰੋਕ ਸਕਦਾ ! ਵੈਸੇ ਐਥੇ ਦੀ ਕੌਫ਼ੀ ਹੈ ਬੜੀ ਲਾਜ਼ਵਾਬ ! ਸੈਂਡਵਿਚ ਤਾਂ ਕਮਾਲ ਹੈ ! ਕਮਾਲ ! (ਜਸਬੀਰ ਸਿੰਘ ਨੇ ਆਪਣਾ ਪੱਖ ਰਖਿਆ)
ਕਿਹੋ ਜਹੀਆਂ ਸ਼ਰਤਾਂ ? (ਪੜਚੋਲ ਸਿੰਘ ਨੇ ਪੁਛਿਆ)
ਜਸਬੀਰ ਸਿੰਘ : ਪੈਸੇ ਪੱਖੋਂ ਸੌਖਾ ਹੋਵੇ ਤੇ ਕਿਰਤ ਵੀ ਕਰਦਾ ਹੋਵੇ ! ਗੁਰਸਿੱਖੀ ਸਰੂਪ ਵਿੱਚ ਹੋਵੇ ਅੱਤੇ ਗੁਰਬਾਣੀ ਦੀ ਪੂਰੀ ਜਾਣਕਾਰੀ ਰਖਦਾ ਹੋਵੇ ! ਕੋਈ ਸਿਆਸੀ ਟੀਚਾ ਨਾ ਹੋਵੇ ! ਹਉਮੈ ਘੱਟ ਤੋਂ ਘੱਟ ਹੋਵੇ ! ਸਭ ਨਾਲ ਮਿੱਠਾ ਬੋਲਣ ਵਾਲਾ ਹੋਵੇ ! ਇਮਾਨਦਾਰ ਹੋਵੇ ! ਉਸਦਾ ਟੱਬਰ ਗੁਰਸਿਖ ਹੋਵੇ ! ਆਪਣੀ ਗੱਲ ਰਖਣ ਲਈ ਸੜਕਾਂ ਤੇ ਉਤਰ ਸਕਦਾ ਹੋਵੇ !
ਪੜਚੋਲ ਸਿੰਘ : ਇਹ ਗੁਣ ਤਾਂ ਹਰ ਅਕਾਲੀ ਦਲ ਦੀ ਟੀਮ ਵਿੱਚ ਮਿਲ ਜਾਣਗੇ, ਤਾਂ ਫਿਰ ਤੀਜੇ ਫ੍ਰੰਟ ਦੀ ਜ਼ਰੂਰਤ ਕੀ ਹੈ ? ਵਿਖਾਉਣ ਲਈ ਕਿਸੀ ਪ੍ਰਧਾਨ-ਸੱਕਤਰਾਂ ਵਿੱਚ ਇਹ ਸਾਰੇ ਗੁਣ ਵਕਤੀ ਤੌਰ 'ਤੇ ਵਿਖਾਏ ਜਾ ਸਕਦੇ ਹਨ ! ਮੇਰੇ ਵਿਚਾਰ ਵਿੱਚ ਇਨ੍ਹਾਂ ਗੁਣਾ ਤੋਂ ਬਿਨਾਂ ਹੋਰ ਕੁਝ ਗੁਣ ਵੀ ਲੋੜੀਂਦੇ ਹਨ !
ਜਿਸਦਾ ਧੜਾ "ਸੱਚੇ ਦਾ ਧਰਮ" ਹੋਵੇ, ਨਾ ਕਿ ਕਿਸੀ ਖਾਸ ਜੱਥੇ, ਧੜੇ, ਸੰਸਥਾ ਜਾਂ ਪਾਰਟੀ ਦੀ ਭੁੱਖ ਦਾ ਗੁਲਾਮ ! ਨਾਲ ਹੀ ਉਸਦਾ ਅੰਦਰਲਾ ਦਇਆਲੂ ਹੋਵੇ, ਕਿਉਂਕਿ ਜਿਨ੍ਹਾਂ ਦੇ ਦਿਲ ਕਠੋਰ ਹੁੰਦੇ ਨੇ, ਓਹ "ਸੱਚੇ ਦੇ ਧਰਮ" ਦੀ ਪਾਲਣਾ ਨਹੀਂ ਕਰ ਸਕਦੇ ! (ਸਤਨਾਮ ਸਿੰਘ ਜੋ ਹੁਣ ਤਕ ਦੋਹਾਂ ਦੀ ਗੱਲ ਸੁਣਦਾ ਪਇਆ ਸੀ ਬੋਲ ਉੱਠਿਆ !)
ਪੜਚੋਲ ਸਿੰਘ (ਨਾਲ ਸੁਰ ਮਿਲਾਉਂਦਾ ਹੋਇਆ) : ਸਿੱਖ ਸਿਆਸਤ ਵਿੱਚ ਗਿਰਾਵਟ ਆਪਣੀ ਹੱਦ ਪਾ ਕਰ ਚੁੱਕੀ ਹੈ ਤੇ ਹੁਣ ਇਸਦੀ ਅਗੁਆਈ ਬੰਦ ਕਮਰਿਆਂ ਵਿੱਚ ਬੈਠ ਕੇ ਜਾਂ ਹੋਟਲਾਂ ਦੀਆਂ ਲਾਬੀਆਂ ਵਿੱਚ ਮੀਟਿੰਗਾ ਕਰ ਕੇ ਨਹੀਂ ਹੋ ਸਕਦੀ ! ਇੱਕ ਵਾਰ ਫਿਰ ਇੱਕ ਲਹਿਰ ਬਣ ਕੇ ਸੜਕਾਂ ਤੇ ਆਉਣਾ ਪਵੇਗਾ ਅੱਤੇ "ਸਚ ਧਰਮ" ਨੂੰ "ਝੂਠ ਸਿਆਸਤ" ਤੋਂ ਆਜ਼ਾਦ ਕਰਵਾਉਣਾ ਪਵੇਗਾ ! ਧਰਮ ਦੀ ਪਾਲਣਾ ਅੱਤੇ ਪੰਥਕ ਸਿਆਸਤ ਦੋਹਾਂ ਨੂੰ ਇੱਕ ਦਰਿਆ ਦੇ ਦੋਵੇਂ ਪਾਸਿਆਂ ਵਾਂਗ ਨਾਲ-ਨਾਲ ਚਲਣਾ ਪਵੇਗਾ, ਨਾਂਕਿ ਅੱਜ ਵਾਂਗੂ ਜਿਸ ਵਿੱਚ ਸਿਆਸਤ ਤਾਂ ਦੀਰਘ ਕਹਾਉਂਦੀ ਹੈ ਤੇ ਧਰਮ ਲੱਗ-ਮਾਤ, ਜਿਸ ਕਰਕੇ ਪੰਥਕ ਤੌਰ ਤੇ ਅਸੀਂ ਦੋਜ਼ਖ (ਨਰਕਾਂ) ਵਾਲਾ ਜੀਵਣ ਬਤੀਤ ਕਰ ਰਹੇ ਹਾਂ !
ਜੇਕਰ ਖ਼ਾਲਸਾ ਵਾਹਿਗੁਰੂ ਦਾ ਹੈ, ਅਤੇ ਫਤਿਹ ਵੀ ਵਾਹਿਗੁਰੂ ਦੀ ਹੈ, ਤਾਂ ਫਿਰ ਰਾਜ ਭੀ ਵਾਹਿਗੁਰੂ ਦਾ ਹੀ ਚਲਣਾ ਚਾਹੀਦਾ ਹੈ ! ਟੈਕਨੋਲੋਜੀ ਨੇ ਅੱਜ "ਸਰਬਤ ਖਾਲਸਾ" ਬੁਲਾਉਣਾ ਬਹੁਤ ਸੌਖਾ ਕਰ ਦਿੱਤਾ ਹੈ! ਹਰ 1000 ਲੋਕਾਂ ਨਾਲ ਇੱਕ ਮੁੱਖ ਸੇਵਾਦਾਰ ਹੋਵੇ ਤੇ ਓਹ ਉਨ੍ਹਾਂ ਦੀ ਗੱਲ ਸਰਬਤ ਖਾਲਸਾ ਵਿੱਚ ਪੇਸ਼ ਕਰੇ ਅੱਤੇ ਜੇਕਰ ਓਹ "ਆਪਣੇ ਧਰਮ ਤੋਂ ਪਾਸਾ ਵੱਟੇ" ਤਾਂ ਉਸ ਨੂੰ ਹਟਾ ਦਿੱਤਾ ਜਾਵੇ ਅੱਤੇ ਆਪਣੇ ਵਿੱਚੋਂ ਹੀ ਇੱਕ ਨਵਾਂ ਮੁੱਖ ਸੇਵਾਦਾਰ ਬਣਾ ਲੈਣ !
ਜਸਬੀਰ ਸਿੰਘ (ਵਿੱਚ ਟੋਕ ਕੇ ਬੋਲਿਆ): ਬਸ ਕਰੋ ਯਾਰ ! ਤੁਸੀਂ ਤੇ ਅੱਜ ਹੀ ਤੀਜਾ ਫ੍ਰੰਟ ਬਣਾ ਦੇਣਾ ਹੈ ! ਜੇਕਰ ਸੇਬਾਂ ਦੀ ਟੋਕਰੀ ਵਿੱਚ ਕੁੱਝ ਸੇਬ ਸੜਨ ਲੱਗ ਪੈਣ ਤਾਂ ਟੋਕਰੀ ਬਦਲਣਾ ਕੋਈ ਸਹੀ ਤਰੀਕਾ ਨਹੀਂ ਹੈ, ਸੜੇ ਹੋਏ ਸੇਬ ਬਾਹਰ ਕੱਢ ਦੇਣੇ ਚਾਹੀਦੇ ਹਨ ! ਇਸ ਤਰੀਕੇ ਨਾਲ ਟੋਕਰੀ ਦੇ ਬਾਕੀ ਸੇਬ ਤੰਦਰੁਸਤ ਰਹਿਣਗੇ ! ਮੁਕਦੀ ਗੱਲ ਤੇ ਇਹ ਹੈ ਕੀ ਅਸੀਂ ਹੁਣ "ਸਿੱਖ" ਨਹੀਂ ਰਹੇ, ਬਲਕਿ ਅਸੀਂ "ਸਿਆਣੇ" ਹੋ ਗਏ ਹਾਂ ! ਕਿਉਂਕਿ ਅੱਜ ਸਿੱਖ ਨੇ ਸਿਖਣਾ ਬੰਦ ਕਰ ਦਿੱਤਾ ਹੈ ਤੇ ਸਿਆਣਿਆਂ ਨਾਲ ਰੱਬ ਦੀ ਪਟਰੀ ਬੈਠਦੀ ਨਹੀਂ, ਇਸ ਕਰਕੇ ਦਿਨੋਂ-ਦਿਨ ਢਹਿੰਦੀ ਕਲਾ ਵਰਤ ਰਹੀ ਹੈ! ਹੁਣ ਆਪਣੀ ਆਪਣੀ ਕੌਫ਼ੀ ਖਤਮ ਕਰੋ, ਵਹੁਟੀ ਰਾਹ ਉਡੀਕਦੀ ਹੋਵੇਗੀ ! ਵਰਨਾ ਪੰਥ ਵਿੱਚ ਸ਼ਾਂਤੀ ਜਦੋਂ ਹੋਵੇਗੀ ਤਦੋਂ ਹੋਵੇਗੀ, ਘਰ ਦੇ ਵਿੱਚ ਲੜਾਈ ਦੀ ਬਿਗੁਲ ਵੱਜ ਜਾਣੀ ਹੈ !