ਇਹ ਦੁਨੀਆ ਪਿੱਤਲ ਦੀ ! (ਨਿੱਕੀ ਕਹਾਣੀ)
ਕਿਤਨਾ ਸ਼ਗਨ ਪਾਉਣਾ ਹੈ ਗੁਰਤੇਜ ਦੇ ਵਿਆਹ 'ਤੇ ? (ਹਰਮੀਤ ਕੌਰ ਨੇ ਆਪਣੇ ਪਤੀ ਖੁਸ਼ਵੰਤ ਸਿੰਘ ਨੂੰ ਪੁਛਿਆ)
ਤੈਨੂੰ ਪਤਾ ਹੀ ਹੈ ਕੰਮ ਕਾਜ ਦੀ ਹਾਲਤ ! ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜਕਲ ! ਫਿਰ ਵਿਆਹ ਵਾਸਤੇ ਕਪੜੇ-ਲੱਤੇ, ਆਣ-ਜਾਣ ਦਾ ਖਰਚਾ ! ਘੱਟੋ ਘੱਟ ਪੰਜ ਕੁ ਹਜ਼ਾਰ ਦਾ ਖਰਚਾ ਹੋ ਜਾਣਾ ਹੈ !ਸ਼ਗਨ ਵਖਰਾ ! (ਪਰੇਸ਼ਾਨ ਜਿਹਾ ਖੁਸ਼ਵੰਤ ਸਿੰਘ ਬੋਲਿਆ)
ਹਰਮੀਤ ਕੌਰ : ਸ਼ਗਨ ਵੀ ਗਿਆਰਾਂ ਸੌ ਤੋਂ ਘੱਟ ਕੀ ਪਵੇਗਾ ?
ਖੁਸ਼ਵੰਤ ਸਿੰਘ : ਯਾਰ ! ਸੋਚ ਕੇ ਬੋਲ ! ਸਾਡੀ ਔਕਾਤ ਹੈ ਗਿਆਰਾਂ ਸੌ ਸ਼ਗਨ ਪਾਉਣ ਦੀ ? ਮੈਂ ਤਾਂ ਜ਼ਿਆਦਾ ਤੋਂ ਜ਼ਿਆਦਾ ਸੋਚਾਂਗਾ ਤੇ ਸ਼ਾਇਦ ਪੰਜ ਸੌ ਦੇ ਪਾਵਾਂਗਾ !
ਹਰਮੀਤ ਕੌਰ : ਸ਼ਗਨ ਹੁਣ ਆਪਣੀ ਔਕਾਤ ਵੇਖ ਕੇ ਨਹੀਂ, ਬਲਕਿ ਦੂਜੇ ਦੀ ਔਕਾਤ ਵੇਖ ਕੇ ਦੇਣਾ ਪੈਂਦਾ ਹੈ ! ਕਪੜੇ ਇਧਰੋਂ ਉਧਰੋਂ ਮੰਗ ਕੇ ਕੰਮ ਚਲਾ ਲਵਾਂਗੇ, ਪਰ ਸ਼ਗਨ ਗਿਆਰਾਂ ਸੌ ਤੋਂ ਘੱਟ ਨਹੀਂ ਦੇਣਾ ! ਨੱਕ ਕਟਵਾਓਗੇ ਤੁਸੀਂ ਬਿਰਾਦਰੀ ਵਿੱਚ ਮੇਰੀ ! ਪਿਛਲੀ ਵਾਰ ਵੇਖਿਆ ਨਹੀਂ ਸੀ ਤੁਸੀਂ, ਕਿਵੇਂ ਨੱਕ-ਮੁੰਹ ਬਣਾ ਰਹੇ ਸੀ, ਇਹ ਲੋਕ ਕੁਲਤਾਰ ਦੇ ਵਿਆਹ 'ਤੇ, ਸ਼ਗਨ ਅੱਤੇ ਕਪੜਿਆਂ ਨੂੰ ਲੈ ਕੇ ? (ਮੁੰਹ ਫੂਲਾ ਲੈਂਦੀ ਹੈ)
ਖੁਸ਼ਵੰਤ ਸਿੰਘ (ਅੰਦਰੋਂ ਅੰਦਰੋਂ ਕਲਪਦਾ ਹੋਇਆ) : ਜਗਤ ਵਿਖਾਵਾ ਇਤਨਾ ਵੱਧ ਗਿਆ ਹੈ ਕਿ ਕੋਈ ਵੀ ਆਪਣੇ ਨੂੰ ਦੂਜੇ ਤੋਂ ਘੱਟ ਦਰਸ਼ਾਉਣ ਲਈ ਤਿਆਰ ਨਹੀਂ ਹੈ !
ਪਿਛੋਂ ਟੀ.ਵੀ. 'ਤੇ ਗਾਣਾ ਵੱਜ ਰਿਹਾ ਸੀ ... "ਇਹ ਦੁਨੀਆ ਪਿੱਤਲ ਦੀ.... ਬੇਬੀ ਡੋਲ ਹੈ ਸੋਨੇ ਦੀ !"
ਮੈਂ ਕਰਜ਼ੇ ਚੁੱਕ ਕੇ ਇਹ ਵਿਆਹ ਨਹੀਂ ਭੁਗਤਾਵਾਂਗਾ ! ਆਪਣੀ ਸਮਰਥਾ ਤੋਂ ਵੱਧ ਕੇ ਕੰਮ ਕਰਨ ਨਾਲ ਉਨ੍ਹਾਂ ਨੂੰ ਤੇ ਮੈਂ ਸ਼ਾਇਦ ਖੁਸ਼ ਨਾ ਕਰ ਪਾਵਾਂ, ਮੈਂ ਜਰੂਰ ਕੁਝ ਮਹੀਨਿਆਂ ਲਈ ਕਰਜ਼ਦਾਰ ਹੋ ਜਾਵਾਂਗਾ ! (ਮਨ ਹੀ ਮਨ ਆਪਣੀ ਵਿੱਤ ਤੋਂ ਜਿਆਦਾ ਖਰਚਾ ਨਾ ਕਰਨ ਦਾ ਫੈਸਲਾ ਕਰਦਾ ਹੈ)
Leave a Comment