ਬਿੱਲੀ ਨੂੰ ਘੰਟੀ ਕੌਣ ਬੰਨੇਗਾ? (ਨਿੱਕੀ ਕਹਾਣੀ)

Share this story: WhatsApp X

ਦਿਮਾਗ ਦੀ ਦਹੀ ਕਰ ਦਿੱਤੀ ਇਸ ਫਿਲਮ ਨੇ (ਰਣਜੀਤ ਸਿੰਘ ਬੁੜ-ਬੁੜ ਕਰ ਰਿਹਾ ਸੀ) !

ਕੀ ਗੱਲ ਹੋ ਗਈ ਰਣਜੀਤ ? ਕਿਓਂ ਕਲਪ ਰਿਹਾ ਹੈਂ ? (ਜਸਵੰਤ ਸਿੰਘ ਨੇ ਪੁਛਿਆ)

ਰਣਜੀਤ : ਪਤਾ ਨਹੀਂ ਕੀ ਸੋਚ ਕੇ ਸੈਂਸਰ ਬੋਰਡ “ਸਨ ਆਫ਼ ਸਰਦਾਰ” ਵਰਗੀਆਂ ਵਾਹੀਆਤ ਫਿਲਮਾਂ ਪਾਸ ਕਰ ਦਿੰਦਾ ਹੈ ! ਨਾ ਕੋਈ ਸਿਰ, ਨਾ ਕੋਈ ਪੈਰ .. ਸਿਰਫ ਤੇ ਸਿਰਫ ਇੱਕ ਖਾਸ ਸਭਿਆਚਾਰ ਨੂੰ ਜੋਕਰਾਂ ਵਰਗਾ ਵਿਖਾਉਣ ਦਾ ਕੋਝਾ ਜਤਨ ! ਨੌਜਵਾਨਾਂ ਨੂੰ ਉਨ੍ਹਾਂ ਦੇ ਧਰਮ ਤੋਂ ਤੋੜਨ ਲਈ ਹੱਲਾਸ਼ੇਰੀ ! ਫੋਕੇ ਦਿਖਾਵੇ ... ਫੋਕੀਆਂ ਫੜਾਂ !

ਜਸਵੰਤ : ਇਹ ਖਾਲੀ ਇੱਕ ਧਰਮ ਦੀ ਗੱਲ ਨਹੀਂ ਹੈ ਵੀਰ, ਜੇਕਰ ਤੁਸੀਂ ਧਿਆਨ ਨਾਲ ਵੇਖੋਗੇ ਤੇ ਤਕਰੀਬਨ ਸਾਰੀਆਂ ਘੱਟ-ਗਿਣਤੀ ਕੌਮਾਂ ਨਾਲ ਫਿਲਮਾਂ ਵਿਚ ਇਹੋ ਜਿਹਾ ਹੀ ਮਜਾਕ ਕੀਤਾ ਜਾਂਦਾ ਹੈ ! ਉਨ੍ਹਾਂ ਬਾਰੇ ਗਲਤ ਬਿਆਨੀ ਹੁੰਦੀ ਹੈ ਪਰ ਕਿਓਂਕਿ ਸੇੰਸਰ ਬੋਰਡ ਨੂੰ ਘੱਟ ਗਿਣਤੀਆਂ ਦੇ ਸਮਾਜਿਕ ਤੇ ਧਾਰਮਿਕ ਮਸਲਿਆਂ ਬਾਰੇ ਜਿਆਦਾ ਜਾਣਕਾਰੀ ਨਹੀਂ ਹੁੰਦੀ ਇਸ ਕਰ ਕੇ ਇਹੋ ਜਿਹੀਆਂ ਫਿਲਮਾਂ ਪਾਸ ਹੋ ਜਾਂਦੀਆਂ ਹਨ !

ਰਣਜੀਤ : ਫਿਰ ਕਿਓਂ ਨਹੀਂ ਹਰ ਅਜੇਹੀ ਫਿਲਮ ਜੋ ਕਿਸੀ ਵੀ ਘੱਟ-ਗਿਣਤੀ ਕੌਮ ਉੱਤੇ ਅਧਾਰ ਕਰਕੇ ਬਣਾਈ ਜਾਂਦੀ ਹੈ ਉਸ ਨੂੰ ਪਾਸ ਕਰਨ ਲਈ ਘੱਟੋ-ਘੱਟ ਪੰਜ ਮੇੰਬਰ ਉਸ ਕੌਮ, ਧਰਮ ਵਿਚੋਂ ਲਿੱਤੇ ਜਾਂਦੇ, ਜਿਨ੍ਹਾਂ ਨੂੰ ਆਪਣੇ ਵਿਰਸੇ ਅਤੇ ਉਸ ਵਿਸ਼ੇ ਤੇ ਪੂਰੀ ਜਾਣਕਾਰੀ ਹੋਵੇ ! ਜੋ ਆਪਣਾ ਪੱਖ ਰਖਣ ਤੇ ਉਸ ਪੱਖ ਨੂੰ ਵੇਖ ਕੇ ਫਿਲਮ ਵਿਚ ਕਟ ਕਿੱਤੇ ਜਾਉਣ !

ਜਸਵੰਤ : ਗੱਲ ਤੇ ਤੇਰੀ ਠੀਕ ਹੈ ! ਇਹੋ ਜਿਹੀਆਂ ਫਿਲਮਾਂ ਕਰ ਕੇ ਜੇਕਰ ਪੂਰੀ ਕੌਮ ਦਾ ਅਕਸ ਖਰਾਬ ਹੁੰਦਾ ਹੈ ਤੇ ਉਸ ਉੱਤੇ ਵਾਕਈ ਹੀ ਸੋਚਣ ਦੀ ਜਰੂਰਤ ਹੈ ! ਇਨ੍ਹਾਂ ਉੱਤੇ ਕੋਈ ਕੰਡਾ ਹੋਣਾ ਬਹੁਤ ਜਰੂਰੀ ਹੈ ਤਾਂਕਿ ਸਭ ਨੂੰ ਬਰਾਬਰੀ ਤੇ ਅਣਖ ਨਾਲ ਜੀਉਣ ਦਾ ਹੱਕ ਮਿਲੇ !

ਰਣਜੀਤ : ਵੇਖਣ ਵਾਲਾ ਦਰਸ਼ਕ ਤੇ ਅਕਸਰ ਸਚ-ਝੂਠ ਦਾ ਫੈਸਲਾ ਕਰ ਹੀ ਨਹੀਂ ਪਾਉਂਦਾ ਤੇ ਓਹ ਆਪਣੇ ਮਨ ਵਿਚ ਉਸ ਕੌਮ (ਸਭਿਆਚਾਰ) ਬਾਰੇ ਗਲਤ ਜਾਣਕਾਰੀ ਵਸਾ ਲੈਂਦਾ ਹੈ, ਜਿਸ ਦਾ ਅਕਸਰ ਬੜਾ ਹੀ ਮਾੜਾ ਅਸਰ ਸਮਾਜ ਤੇ ਨਵੀ ਪਨੀਰੀ ਤੇ ਪੈਂਦਾ ਹੈ ! ਬੋਰਡ ਮੇਂਬਰਾਂ ਨੂੰ ਆਪਣੀ ਸਮਾਜਿਕ ਜਿੰਮੇਦਾਰੀ ਦਾ ਇਹਸਾਸ ਜਰੂਰ ਹੋਣਾ ਚਾਹੀਦਾ ਹੈ ਤੇ ਉਸ ਤੋਂ ਪਹਿਲਾਂ ਉਨ੍ਹਾਂ ਘੱਟ-ਗਿਣਤੀਆਂ ਦੇ ਮੋਢਿਆਂ ਨੂੰ ਵੀ ਇਹਸਾਸ ਹੋਣਾ ਜਰੂਰੀ ਹੈ !

ਜਸਵੰਤ : ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕੀ..... ਬਿੱਲੀ ਦੇ ਗਲੇ ਵਿਚ ਘੰਟੀ ਕੌਣ ਬੰਨੇਗਾ ? ਸਿਆਸੀ ਆਗੂ ? ਧਾਰਮਿਕ ਆਗੂ ? ਕੋਈ ਜਨ-ਆਂਦੋਲਨ ? ਜਾਂ ਸਭ ਘਟ-ਗਿਣਤੀਆਂ ਮਿਲਜੁਲ ਕੇ ?

{ਦੋਵੇਂ ਇਸ ਵਿਸ਼ੇ 'ਤੇ ਮਨ ਦੇ ਦੁਖ ਫਰੋਲਦੇ ਅਤੇ ਗੱਲਾਂ ਕਰਦੇ ਕਰਦੇ ਆਪਣੇ ਰਾਹ ਪੈਂਦੇ ਹਨ}

Leave a Comment

Reader Comments