ਕੈਲੇੰਡਰ ਅੱਤੇ ਸਿਆਸਤ ! (ਨਿੱਕੀ ਕਹਾਣੀ)

Share this story: WhatsApp X

ਮੈਂ ਅੱਜ ਤੋਂ ਕਿਸੀ ਵੀ ਗੁਰਪੁਰਬ ਦੀਆਂ ਵਧਾਈਆਂ ਨਹੀਂ ਦੇਵਾਂਗਾ ! (ਰਣਜੀਤ ਸਿੰਘ ਨੇ ਰੋਸ ਵਿਚ ਆ ਕੇ ਕਿਹਾ)

ਕੁਲਜੀਤ ਸਿੰਘ (ਹੈਰਾਨੀ ਨਾਲ) : ਕਿਓਂ ਮੇਰੇ ਵੀਰ, ਕੀ ਗੱਲ ਹੋ ਗਈ ! ਇਤਨਾ ਗੁੱਸਾ ਕਿਓਂ ?

ਰਣਜੀਤ ਸਿੰਘ : ਕਿਓਂਕਿ ਪੰਥ ਦੀਆਂ ਸਿਰਮੋਰ ਸੰਸਥਾਵਾਂ ਨੇ ਲੋਕ-ਤੰਤਰ ਨੂੰ ਫਾਹੇ ਲਾ ਕੇ ਰਾਜ-ਤੰਤਰ ਨੂੰ ਵਧਾਵਾ ਦਿੰਦੇ ਹੋਏ ਪੰਥ ਨੂੰ ਪਿਛਲੇ 100 ਤੋਂ ਵੱਧ ਸਾਲਾਂ ਤੋ ਬਹੁਤ ਸਾਰੇ ਮਸਲਿਆਂ ਉੱਤੇ ਟੰਗਿਆ ਹੋਇਆ ਹੈ ! ਕੁਝ ਗੁਰਪੁਰਬਾਂ ਦੀ ਤਾਰੀਖਾਂ ਦਾ ਮਸਲਾ ਵੀ ਬਹੁਤ ਸਮੇਂ ਤੋਂ ਵਿਵਾਦਿਤ ਹੈ, ਸੂਰਜ-ਚੰਦ ਅੱਤੇ ਬਿਪਰਨ ਕੀ ਰੀਤ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ "ਦਿਖ ਵਿੱਚ ਧਰਮੀ, ਆਚਾਰ ਵਿੱਚ ਕਪਟੀ" ਧਾਰਮਿਕ ਅੱਤੇ ਸਿਆਸੀ ਆਗੂ ਪੰਥ ਦੀ ਸ਼ਾਨ ਨੂੰ ਰੋਲਣ ਤੋਂ ਬਾਜ ਨਹੀਂ ਆ ਰਹੇ !

ਆਗੂਓ, ਪੰਥ ਵਿੱਚ ਦੋ ਫਾੜ ਕਰਕੇ ਆਪਸ ਵਿੱਚ ਲੜਾ ਕੇ ਤੁਸੀਂ ਜੋ ਵੀ ਸਿਧ ਕਰਨਾ ਚਾਹੋ, ਕਰੀ ਚਲੋ ! ਤੁਹਾਡੇ ਕਿਰਾਏ ਦੇ ਬੰਦੇ ਸਾਨੂੰ ਆਪਸ ਵਿੱਚ ਲੜਾ ਰਹੇ ਹਨ ! ਆਪਸ ਵਿੱਚ ਟਿੱਚਰਾਂ ਦਾ ਦੌਰ ਚਲ ਰਿਹਾ ਹੈ ... ਅਖੇ "ਤੁਸੀਂ ਕਿਹੜੇ ਸਿੱਖ ਹੋ, 5 ਜਨਵਰੀ ਵਾਲੇ ? ਜਾਂ 7 ਜਨਵਰੀ ਵਾਲੇ ? ਕੱਤਕ - ਵਿਸਾਖ ! ਪੋਹ-ਸੁਦੀ ..... ਆਦਿ ਆਦਿ !

ਕੁਲਜੀਤ ਸਿੰਘ : ਹੈਂ ? ਪਰ ਸਾਨੂੰ ਤੇ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ ! ਅਸੀਂ ਤੇ ਬਸ, ਜੋ ਵੀ ਜੰਤਰੀ ਜਾਂ ਕੈਲੰਡਰ ਮਿਲ ਜਾਂਦਾ ਹੈ, ਕੇਵਲ ਉਸਨੂੰ ਵੇਖ ਕੇ ਹੀ ਸਮਝਦੇ ਹਾਂ ਕੀ ਸਭ ਕੁਝ ਠੀਕ ਹੈ ! ਜੇਕਰ ਤੁਹਾਡੀ ਗੱਲ ਸਹੀ ਹੈ ਕੀ ਬਹੁਤ ਸਾਲਾਂ ਤੋਂ ਇਸ ਕੈਲੇੰਡਰ ਦੇ ਮਸਲੇ ਦਾ ਹਲ ਨਹੀਂ ਹੋ ਪਾਇਆ, ਤਾਂ ਫਿਰ ਇਲਾਜ਼ ਕੀ ਹੈ ਇਸ ਗੱਲ ਦਾ ?

ਰਣਜੀਤ ਸਿੰਘ : ਮੇਰੇ ਵਿਚਾਰ ਨਾਲ ਤਾਂ ਦੋਵੇਂ ਧਿਰਾਂ ਆਪਣੀ ਆਪਣੀ ਕਠੋਰਤਾ ਛੱਡ ਕੇ ਸਭ ਤਰੀਕਾਂ ਅੱਤੇ ਥਿੱਤਾਂ-ਵਾਰਾਂ ਦੇ ਵਹਿਮ ਛਡਣ ਤੇ ਜਿਨ੍ਹਾਂ ਵੀ ਤਾਰੀਖਾਂ ਉੱਤੇ ਕੋਈ ਵਖਰੇਵੇਂ ਦੀ ਗੱਲ ਬਾਤ ਹੈ ਓਹ ਦੋਵਾਂ ਤਰੀਕਾਂ ਦੇ ਵਿਚਕਾਰਲੀ ਕੋਈ ਵੀ ਇੱਕ ਤਾਰੀਖ ਆਪਸੀ ਸਹਿਮਤੀ ਨਾਲ ਪੱਕੀ ਰੱਖ ਕੇ ਮੁਕਾ ਦਿਓ ! ਵਰਨਾ ਮਧਾਣੀ ਵਿੱਚ ਲੱਸੀ ਜਿਤਨੀ ਮਰਜ਼ੀ ਵਧਾਓ ਤੇ ਉਸ ਲੱਸੀ ਵਿੱਚ ਪਾਣੀ ਪਾਉਣ ਲਈ ਪੰਥ ਵਿਰੋਧੀ ਤਾਕਤਾਂ ਆਪਣਾ ਪੂਰਾ ਜੋਰ ਲਾ ਰਹੀਆਂ ਹਨ !

ਕੁਲਜੀਤ ਸਿੰਘ (ਹਾਂ ਪੱਖੀ ਸਿਰ ਹਿਲਾਉਂਦਾ ਹੋਇਆ) : ਸਹੀ ਗੱਲ ਹੈ ! ਹੁਣ ਵੀ ਸਮਝ ਜਾਓ, ਵਰਨਾ ਕਲ ਨੂੰ ਸਮਝਣ ਜਾਂ ਸਮਝਾਉਣ ਜੋਗੇ ਨਹੀਂ ਰਹੋਗੇ !

ਰਣਜੀਤ ਸਿੰਘ : ਵੈਸੇ, ਅੱਜ ਆਮ ਸਿੱਖ ਨੂੰ ਵੀ ਜਾਗਣ ਦੀ ਜਰੂਰਤ ਹੈ, ਕਿਓਂਕਿ ਜਿਵੇਂ ਅਸੀਂ ਚੌਂਕੀਦਾਰ ਦੇ ਭਰੋਸੇ ਆਪਣਾ ਘਰ ਖੁੱਲਾ ਨਹੀਂ ਛੱਡ ਸਕਦੇ; ਉਸੀ ਤਰਾਂ ਇਸ ਪੰਥ ਦੇ ਘਰ ਦੀ ਰਾਖੀ ਵੀ ਕੇਵਲ ਇਨ੍ਹਾਂ ਸਿਆਸਿਆਂ ਅੱਤੇ ਅਖੌਤੀ ਧਰਮੀਆਂ ਦੇ ਭਰੋਸੇ ਨਹੀਂ ਛੱਡੀ ਜਾ ਸਕਦੀ ! (ਕੁਲਜੀਤ ਸਿੰਘ ਸਿਰ ਹਿਲਾ ਕੇ ਉਸ ਗੱਲ ਦੀ ਪ੍ਰੋੜਦਾ ਕਰਦਾ ਹੈ)

Leave a Comment

Reader Comments