ਇਹ ਵੀ ਵਰਤ ਰਖ ਲਿਆ ਕਰ ! (ਨਿੱਕੀ ਕਹਾਣੀ)

Share this story: WhatsApp X

ਹਰਪਾਲ : ਅੱਜ ਕੀ ਗੱਲ ਹੈ, ਸਵੇਰੇ ਸਵੇਰੇ ਤਿਆਰ ਹੋ ਕੇ ਬਹ ਗਈ ਹੈਂ ? (ਗੱਲ ਗੱਲ ਤੇ ਪਤੀ ਹਰਪਾਲ ਨੂੰ ਖਾਉਣ ਨੂੰ ਪੈਣ ਵਾਲੀ ਅੰਜੂ ਅੱਜ ਤਿਆਰ ਹੋ ਕੇ ਬੜੇ ਹੀ ਪਿਆਰ ਨਾਲ ਸ਼ਾਂਤ ਬੈਠੀ ਸੀ !)

ਅੰਜੂ : ਅੱਜ ਮੈਂ ਤੁਹਾਡੀ ਲੰਮੀ ਉਮਰ ਵਾਸਤੇ ਵਰਤ ਰਖਿਆ ਹੈ, ਪੂਰਾ ਦਿੰਨ ਭੁੱਖੇ ਰਹਿਣਾ ਪੈਂਦਾ ਹੈ ! ਤੁਹਾਨੂੰ ਮਰਦਾਂ ਨੂੰ ਕੀ ਪਤਾ ਕੀ ਅਸੀਂ ਜਨਾਨੀਆਂ ਤੁਹਾਡੇ ਵਾਸਤੇ ਕੀ ਕੀ ਨਹੀਂ ਕਰਦਿਆਂ ! ਦੇਖੋ ਨਾਲੇ ਪੁੰਨ ਤੇ ਨਾਲੇ ਫਲੀਆਂ ! ਤੁਹਾਡੀ ਲੰਮੀ ਉਮਰ ਵੀ ਮੰਗ ਲਈ ਤੇ ਨਾਲ ਉਪਵਾਸ ਵੀ ਹੋ ਗਿਆ ਤੇ ਸ਼ਰੀਰ ਵੀ ਠੀਕ ਰਹੇਗਾ !

ਹਰਪਾਲ : ਪਰ ਸਵੇਰੇ ਸਵੇਰੇ ਤੇ ਤੂੰ ਸਰਗੀ ਖਾ (ਅੰਨ-ਤਿਆਗ ਕਰਨ ਦਾ ਅਡੰਬਰ ਕਰਕੇ) ਹੀ ਲਈ ਸੀ ਨਾ ? ਉਪਵਾਸ ਕਿਥੋਂ ਹੋਇਆ ਤੇ ਨਾਲੇ ਸ਼ਰੀਰ ਨੂੰ ਉਲਟਾ ਜਿਆਦਾ ਕੈਲੋਰੀਆਂ ਦੇ ਦੇਣੀਆਂ ਨੇ ਅੱਜ ਸ਼ਾਮੀ ਆਲੂ ਖਾ ਖਾ ਕੇ ! ਹਾਂ ਫਾਇਦਾ ਇਹ ਜਰੂਰ ਹੋਇਆ ਹੈ ਮੈਨੂੰ, ਤੂੰ ਅੱਜ ਕੁਛ ਚੁਪ-ਚਾਪ ਜਹੀਂ ਹੈ ਤੇ ਲੜਾਈ ਨਹੀਂ ਕਰ ਰਹੀ !

ਅੰਜੂ : ਬੱਸ ਤੁਸੀਂ ਵਿਹਲੀਆਂ ਹੀ ਮਾਰਦੇ ਰਹਿਆ ਕਰੋ ਹਮੇਸ਼ਾ ! ਤੁਹਾਨੂੰ ਕੀ ਪਤਾ ਕੀ ਮੈਂ ਤੁਹਾਨੂੰ ਕਿਤਨਾ ਪਿਆਰ ਕਰਦੀ ਹਾਂ !

ਹਰਪਾਲ : ਜੇਕਰ ਪਿਆਰ ਕਰਦੀ ਹੈ ਤੇ ਭਾਗਵਾਨੇ, ਹਫਤੇ ਵਿਚ ਇੱਕ ਦਿਨ ਮੌਨ-ਵਰਤ ਰਖ ਲਿਆ ਕਰ ! ਓਹ ਇਨ੍ਹਾਂ ਸਾਰੇ ਵਹਿਮਾ-ਭਰਮਾਂ ਤੋਂ ਵਧ ਕੰਮ ਕਰੇਗਾ ! ਜੇਕਰ ਤੂੰ ਹਫਤੇ ਵਿਚ ਇੱਕ ਦਿਨ ਵੀ ਚੁੱਪ ਰਹ ਗਈ ਤੇ ਮੇਰੀ ਉਮਰ ਕਿਤਨੀ ਵਧ ਜਾਣੀ ਹੈ ਇਹ ਤੂੰ ਸੋਚ ਵੀ ਨਹੀਂ ਸਕਦੀ ! ਇੱਕ ਵਰਤ ਇਹ ਵੀ ਰਖ ਲਿਆ ਕਰ ! (ਹਸਦਾ ਹੈ)

ਅੰਜੂ : ਬਸ ਤੁਸੀਂ ਨਾ ਹਮੇਸ਼ਾ ਹੀ ਮਜਾਕਾਂ ਹੀ ਉਡਾਇਆ ਕਰੋ ਮੇਰੀ ਭਾਵਨਾਵਾਂ ਦਿਆਂ ! ਪੰਡਤਾਇਨ ਦਸਦੀ ਹੈ ਕਰਵੇ ਦਿਆਂ ਗੱਲਾਂ ਕਿ ਕਿਵੇਂ ਓਹ ਰਾਣੀ ਦਾ ਪਤੀ ਮਰ ਗਿਆ ਸੀ, ਇਸ ਵਰਤ ਨੂੰ ਗਲਤ ਤਰੀਕੇ ਤੋੜਨ ਕਰਕੇ !

ਹਰਪਾਲ (ਥੋੜਾ ਗੰਭੀਰ ਹੋ ਕੇ) : ਵੇਖ ਅੰਜੂ, ਕਹਾਣੀਆਂ ਨੂੰ ਕਹਾਣੀ ਹੀ ਰਹਿਣ ਦੇ ! ਵਹਿਮ ਭਰਮ ਵਧਾਉਣ ਲਈ ਹੀ ਪੁਜਾਰੀ ਸ਼ਰੇਣੀ ਨੇ ਬਹੁਤ ਸਾਰੇ ਕਰਮ ਕਾਂਡ ਸ਼ੁਰੂ ਕਰਵਾਏ ਨੇ ! ਕਿਓਂਕਿ ਇਨ੍ਹਾਂ ਦਾ ਹਲਵਾ-ਮੰਡਾ ਚਲਦਾ ਹੈ ਇਨ੍ਹਾਂ ਆਪਾ-ਵਿਰੋਧੀ ਕਹਾਣੀਆਂ ਨਾਲ ! ਖਾਣਾ ਪੀਣਾ ਤੇ ਪਵਿੱਤਰ ਹੈ, ਤੇ ਮਰਣਾ-ਜੀਣਾ ਰੱਬੀ ਹੁਕਮ ਵਿਚ ! ਜੇਕਰ ਇਹ ਤਿਓਹਾਰ ਮਨਾਉਣ ਦਾ ਕੋਈ ਮੰਤਵ ਹੈ ਤੇ ਮਰਦਾਂ ਨੂੰ ਮਨਾਉਣਾ ਚਾਹੀਦਾ ਹੈ, ਕਿਓਂਕਿ ਘਰ, ਕਪੜੇ, ਭਾਂਡੇ, ਬੱਚੇ, ਪਤੀ, ਸਸੁਰਾਲ ਤੇ ਹੋਰ ਬਹੁਤ ਸਾਰੀਆਂ ਜਿੰਮੇਵਾਰੀਆ ਇੱਕ ਔਰਤ ਹੀ ਸੁਚੱਜੇ ਤਰੀਕੇ ਸਾਂਭਦੀ ਹੈ ਤੇ ਪਤੀ ਨੂੰ ਵਿਹਲਾ ਰਖਦੀ ਹੈ ! ਪਤੀ ਮਰ ਜਾਵੇ ਤੇ ਇੱਕ ਔਰਤ ਬੱਚੇ ਕੱਲੇ ਵੀ ਪਾਲ ਲੈਂਦੀ ਹੈ ਪਰ ਮਰਦ ਨੂੰ ਫਿੜ੍ਹਕੀ ਪੈ ਜਾਂਦੀ ਹੈ ! ਇਸ ਲਈ ਘਰ ਵਿਚ ਔਰਤ ਦੀ ਲੰਬੀ ਉਮਰ ਮੰਗਣੀ ਚਾਹੀਦੀ ਹੈ !

ਅੰਜੂ (ਹਰਪਾਲ ਦੇ ਗਲੇ ਲੱਗ ਕੇ) : ਸਹੀ ਕਹਿੰਦੇ ਹੋ ! ਪਿਆਰ ਲੰਬਾ ਚਲਣਾ ਚਾਹੀਦਾ ਹੈ, ਉਮਰਾਂ ਤੇ ਰੱਬ ਹੱਥ ਹਨ ! ਵਰਤਾਂ ਵਾਲਿਆਂ ਸ਼ਰਤਾਂ ਨਾਲ ਰੱਬ ਨਹੀਂ ਪਤੀਜਦਾ ! {ਗਾਣਾ ਗਾਉਂਦੀ ਹੈ} “ਹਮ ਬਨੇ, ਤੁਮ ਬਨੇ, ਇੱਕ ਦੂਜੇ ਕੇ ਲੀਏ!” ਦੋਵੇਂ ਇੱਕ ਦੂਜੇ ਨੂੰ ਵੇਖ ਕੇ ਮੁਸਕੁਰਾਉਂਦੇ ਹਨ।

Leave a Comment

Reader Comments