ਗੁਰੂ ਨੂੰ ਖਾਲਸੇ ਨੇ ਰੋਕਿਆ, ਪਰ ਸਾਨੂੰ ? (ਨਿੱਕੀ ਕਹਾਣੀ)

Share this story: WhatsApp X


ਸ਼ਹੀਦੀ ਅਸਥਾਨ ਦੇ ਥੜੇ ਤੇ ਮਨਜੀਤ ਨੇ ਮੱਥਾ ਟੇਕਿਆ ਤੇ ਜਗ ਰਹੀ ਜੋਤ ਹਥਾਂ ਤੇ ਲੈ ਕੇ ਮਥੇ ਤੇ ਲਾਈ ਹੀ ਸੀ ਤੇ ਨਾਲ ਡਿਉਟੀ ਤੇ ਖੜੇ ਗੁਰਮੁਖ ਸੇਵਾਦਾਰ ਸੰਤੋਖ ਸਿੰਘ ਨੇ ਉਸਨੂੰ ਆਪਣੇ ਕੋਲ ਬੁਲਾ ਲਿਆ !

ਸੰਤੋਖ ਸਿੰਘ : ਕਾਕਾ, ਇਹ ਕੀ ਕਰ ਰਹੇ ਸੀ ?

ਮਨਜੀਤ : ਭਾਈ ਸਾਹਿਬ, ਮੈਂ ਸ਼ਹੀਦੀ ਅਸਥਾਨ ਤੇ ਮਥਾ ਟੇਕ ਰਿਹਾ ਸੀ !

ਸੰਤੋਖ ਸਿੰਘ : ਕੀ ਤੁਹਾਨੂੰ ਪਤਾ ਹੈ ਕੀ ਸਿੱਖਾਂ ਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਮਥਾ ਟੇਕਣਾ (ਮੱਤ ਅਰਪਣ ਕਰਨੀ) ਚਾਹੀਦਾ ਹੈ, ਤੇ ਮੜੀ, ਮੂਰਤੀ, ਤਸਵੀਰਾਂ, ਥੜੇ, ਪੇੜ, ਜੋਤਾਂ, ਬਾਉਲੀ, ਕੰਧਾਂ, ਫਰਸ਼ਾਂ, ਸਰੋਵਰਾਂ, ਨਿਸ਼ਾਨ (ਝੰਡੇ-ਬੁੰਗੇ), ਕਿਸੇ ਹੋਰ ਪੁਸਤਕ ਨੂੰ ਗੁਰੂ ਤੁੱਲ ਮੰਨਣਾ ਜਾਂ ਇਨ੍ਹਾਂ ਨਾਲ “ਸਾਹਿਬ” ਸ਼ਬਦ ਲਗਾਉਣਾ ਆਦਿ ਕਰਮ ਮਨਮਤ ਹਨ ?

ਮਨਜੀਤ : ਹੈਂ ! ਇੰਜ ਹੁੰਦਾ ਹੈ ? ਮੈਂ ਤੇ ਹੋਰ ਲੋਕਾਂ ਨੂੰ ਵੇਖ ਕੇ ਹੀ ਇਹ ਸ਼ੁਰੂ ਕਿੱਤਾ ਸੀ ! ਸ਼ਾਇਦ ਮੈਂ ਵੀ ਮਨਮੁਖ ਹਾਂ ਕਿਓਂਕਿ ਮੈਨੂੰ ਇੱਕ ਸ਼ਬਦ ਦੀ ਲਾਈਨ ਚੇਤੇ ਆ ਗਈ ਕੀ “ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ”

ਸੰਤੋਖ ਸਿੰਘ : ਇਹ ਸਾਡੀ ਹੀ ਗਲਤੀ ਹੈ ਕਾਕਾ ! ਅਸੀਂ ਹੀ ਗੁਰੂ ਸਾਹਿਬ ਦਾ ਉਪਦੇਸ਼ ਆਮ ਸਿੱਖਾਂ ਤਕ ਪਹੁੰਚਾ ਨਹੀ ਪਾ ਰਹੇ ! ਪਹਿਲੇ ਸਮੇਂ ਵਿਚ ਖਾਲਸਾ ਇਤਨਾ ਨਿਆਰਾ ਸੀ ਕੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਮਜਾਰ ਤੇ ਤੀਰ ਮਾਰ ਕੇ ਸਲਾਮ ਕਿੱਤਾ ਤਾਂ ਨਾਲ ਹੀ ਨਾਲ ਖਾਲਸਾ ਜੀ ਨੇ ਉਨ੍ਹਾਂ ਨੂੰ ਗੁਰਮਤ ਚੇਤੇ ਕਰਵਾ ਦਿਤੀ ਤੇ ਗੁਰੂ ਜੀ ਵੀ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਖੁਸ਼ੀ ਨਾਲ ਫੂਲੇ ਨਹੀ ਸਮਾਏ, ਪਰ ਅੱਜ ਅਸੀਂ ਨਿੱਤ ਪ੍ਰਤੀ ਮਨਮਤਾਂ ਕਰਦੇ ਹਾਂ ਤੇ ਜੇਕਰ ਕੋਈ ਸਮਝਾਉਣ ਦਾ ਹੀਆ ਕਰ ਵੀ ਲਵੇ ਤੇ ਉਲਟਾ ਉਸਨੂੰ ਹੀ ਟੋਕਾ-ਟਾਕੀ ਵਾਲਾ ਜਾਂ ਕਿੰਤੁ-ਪ੍ਰੰਤੂ ਸਿੰਘ ਕਿਹ ਕਿਹ ਕੇ ਮਜਾਕਾਂ ਉਡਾਉਂਦੇ ਹਾਂ !

ਮਨਜੀਤ : ਨਹੀ ਭਾਈ ਸਾਹਿਬ ਜੀ ! ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਮੈਨੂੰ ਗੁਰਮਤ ਤੇ ਮਨਮਤ ਵਿਚਲਾ ਫ਼ਰਕ ਸਮਝਾ ਦਿੱਤਾ ਹੈ, ਜੇਕਰ ਹੋਰ ਵੀ ਭਾਈ ਸਾਹਿਬ ਆਪ ਜੀ ਵਾਂਗੂੰ ਗੁਰਮੁਖ ਹੋ ਜਾਣ ਤੇ ਇੱਕ ਆਮ ਸਿੱਖ ਨੂੰ ਉਸਾਰੂ ਕੰਮਾਂ ਲਈ ਸਮਾਂ ਮਿਲ ਜਾਵੇਗਾ ਵਰਨਾ ਅੱਜ ਤੇ ਹਰ ਪੰਥ-ਦਰਦੀ ਆਪਣੇ ਕੰਮ ਕਾਜ ਦਾ ਹਰਜਾ ਕਰ ਕਰ ਕੇ ਗੁਰਮਤ ਫੇਲਾਉਣ ਵਿਚ ਜੁਟਿਆ ਹੈ ! ਗੁਰੂਦੁਆਰਾ ਸਾਹਿਬ ਤੋਂ ਹੀ ਜੇਕਰ ਗੁਰਮਤ ਪ੍ਰਕਾਸ਼ ਹੋਵੇਗਾ ਤੇ ਮੈਨੂੰ ਯਕੀਨ ਹੈ ਕੀ ਇੱਕ ਦਿਨ ਫਿਰ ਤੋਂ ਪੰਥ ਦੀ ਚੜ੍ਹਦੀ ਕਲਾ ਹੋ ਜਾਵੇਗੀ !

ਸੰਤੋਖ ਸਿੰਘ : ਕਾਕਾ ਤੂੰ ਵਾਕਈ ਹੀ ਦਿਲੋਂ ਗੁਰਮੁਖ ਹੈ, ਕੇਵਲ ਦੇਖਾ-ਦੇਖੀ ਆਪਣੇ ਰਾਹ ਤੋਂ ਭਟਕ ਗਇਆ ਸੀ !

Leave a Comment

Reader Comments