ਗੁਰੂ ਸ਼ਬਦ ਮੇਰੇ ਘਰ ਆਇਓ ! (ਨਿੱਕੀ ਕਹਾਣੀ)

Share this story: WhatsApp X

ਸੁਣਿਆ ਹੈ ਕਿ ਨਾਨਕ ਸ਼ਾਹ ਫ਼ਕੀਰ ਫਿਲਮ ਨੂੰ ਰੋਕ ਦਿੱਤਾ ਗਿਆ ਹੈ ਪਰ ਐਨੀਮੇਸ਼ਨ ਵਾਲੀ ਫਿਲਮਾਂ ਨੂੰ ਜੀ ਆਇਆ ਆਖਿਆ ਜਾ ਰਿਹਾ ! ਇਸ ਬਾਬਤ ਸੰਗਤਾਂ ਵਿੱਚ ਦੋ ਰੁੱਖ ਸਾਹਮਣੇ ਆ ਰਹੇ ਹਨ ! (ਜਸਪਾਲ ਸਿੰਘ ਨੇ ਦਸਿਆ)

ਹਾਂ ! ਇੱਕ ਕਹਿੰਦੇ ਹਨ ਕੀ ਕੋਈ ਮਨੁੱਖ ਗੁਰੂ ਸਾਹਿਬ ਦਾ ਰੋਲ ਨਹੀਂ ਨਿਭਾ ਸਕਦਾ ਪਰ ਦੂਜੇ ਪਾਸੇ ਓਹ ਐਨੀਮੇਸ਼ਨ ਨੂੰ ਪ੍ਰਚਾਰ ਦਾ ਉੱਤਮ ਸਾਧਨ ਦੱਸਦੇ ਨਹੀਂ ਥੱਕ ਰਹੇ ! ਕੁਝ ਲੋਕ ਦੋਹਾਂ ਢੰਗਾਂ ਨੂੰ ਇੱਕੋ ਸਿੱਕੇ ਦੇ ਦੋ ਰੂਪ ਦਸਦੇ ਹੋਏ ਦੋਹਾਂ ਦੇ ਖਿਲਾਫ਼ ਹਨ ! ਆਖਿਰ ਸੰਗਤ ਸੁਣੇ ਤਾਂ ਕਿਸ ਦੀ ਸੁਣੇ ? (ਹਰਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ)

ਜਸਪਾਲ ਸਿੰਘ : ਮਨੁੱਖ ਦਾ ਸ਼ਰੀਰ ਨਾ ਸਹੀ ਮਨੁੱਖ ਦੀ ਆਵਾਜ਼ ਹੀ ਸਹੀ ! ਸੰਗਤਾਂ ਨੂੰ ਜੁੜਨ ਲਈ ਕੁਝ ਨਾ ਕੁਝ ਤਾਂ ਚਾਹੀਦਾ ਹੀ ਹੈ "ਗੁਰੂ ਦੇ ਸ਼ਬਦ ਤੋ ਅਲਾਵਾ" ! ਆਖਣ ਨੂੰ ਗੁਰੂ ਹਾਜਰਾ ਹਜੂਰ ਹੈ - ਜਾਹਿਰ ਜ਼ਹੂਰ ਹੈ ਪਰ ਉਸ ਸ਼ਬਦ ਗੁਰੂ ਨੂੰ ਸਮਝਣ ਲਈ "ਬਿਚੋਲੇ" ਦੀ ਲੋੜ ਸਿਆਣੇ ਵੀ ਭਾਲਦੇ ਦਿਸਦੇ ਹਨ !

ਹਰਪਾਲ ਸਿੰਘ ; ਫਿਰ ਪਤਾ ਨਹੀਂ ਗੁਰੂ ਸਾਹਿਬ ਕਿਹੜੀ "ਸੰਗਤ" ਨੂੰ ਸੰਦੇਸ਼ ਜਾਰੀ ਕਰਦੇ ਸਨ ! ਅੱਜ ਆਪਸੀ ਵਿਚਾਰ ਵਟਾਂਦਰਾ (ਗੁਰਮਤ ਵਿਚਾਰ - ਸ਼ਬਦ ਵਿਚਾਰ) ਸੰਗਤ ਵਿੱਚ ਖਤਮ ਹੈ ਤੇ ਕਲਾਸ ਮੋਨੀਟਰ (ਰਾਗੀ / ਪ੍ਰਚਾਰਕ / ਗ੍ਰੰਥੀ ਆਦਿ ਆਦਿ) ਕਲਾਸ ਨੂੰ ਪੜਾ ਰਹੇ ਹਨ ਤੇ ਪੜਨ ਵਾਲੇ ਕਲਾਸ ਮੋਨੀਟਰ ਨੂੰ ਹੀ 11000 ਤੋਂ ਲੈ ਕੇ 51000 ਹਜ਼ਾਰ ਦੇ ਮੱਥੇ ਟੇਕ (ਭੇਟਾ ਅਰਪਣ) ਰਹੇ ਹਨ ! ਸੰਗਤ ਵੀ ਉਚੇਚੇ ਜਾ ਜਾ ਕੇ ਪੜ੍ਹਾਈ ਕਰਦੀ ਹੈ (ਕਲਾਸ ਵਰਕ) ਸਿਰ ਹਿਲਾਉਂਦੀ ਹੈ ਤੇ ਬਾਅਦ ਵਿੱਚ ਘਰ ਜਾ ਕੇ ਪੜ੍ਹਾਈ (ਹੋਮ-ਵਰਕ) ਦੀ ਥਾਂ ਆਪਣੀ ਆਪਣੀ ਮਨਮਤ ਨੂੰ ਆਪਣੀ ਆਪਣੀ ਮੱਤ ਦੇ ਹਿਸਾਬ ਨਾਲ ਵਰਤਦੀ ਹੈ !

ਅੱਜ ਸਿੱਖਾਂ ਦੀਆਂ ਅੱਖਾਂ ਅਤੇ ਕੰਨਾਂ ਨੂੰ ਹਰ ਤਰੀਕੇ ਨਾਲ ਸਭ ਕੁਝ ਹਾਸਿਲ ਹੈ ਪਰ ਇਨ੍ਹਾਂ ਦੋਹਾਂ ਦੇ ਰਾਹੀਂ ਜੋ ਅੰਦਰ ਗਿਆਨ ਵੜਨਾ ਸੀ ਓਹ ਬਿਚੋਲਿਆਂ ਕਰਕੇ ਦਿਨੋੰ ਦਿਨ ਘੱਟਦਾ ਜਾ ਰਿਹਾ ਹੈ ! ਇੱਕ ਬੱਚਾ ਜੋ ਆਪ ਸਕੂਲ ਦੀ ਕਿਤਾਬ ਪੜ੍ਹਦਾ ਹੈ ਤੇ ਇੱਕ ਬੱਚਾ ਜੋ ਕੁੰਜੀ-ਗਾਈਡ ਦੀ ਮਦਦ ਲੈ ਕੇ ਕਾਪੀ-ਪੇਸਟ ਕਰਦਾ ਹੈ, ਦੋਹਾਂ ਵਿੱਚ ਫਰਕ ਹੈ !

ਜਸਪਾਲ ਸਿੰਘ : ਗੁਰੂ ਦਾ ਇੱਕ ਸ਼ਬਦ ਹੀ ਜਿੰਦਗੀ ਵਿੱਚ ਬਦਲਾਓ ਲਿਆ ਸਕਦਾ ਹੈ ! ਭਾਵੇਂ ਇੱਕ ਹਫਤੇ ਵਿੱਚ ਹੀ ਸਹੀ ਪਰ ਜੇਕਰ 2-4 ਮਿੱਤਰ ਜਾਂ ਸਹੇਲੀਆਂ ਬੈਠ ਕੇ ਸ਼ਬਦ ਦੇ ਅਰਥਾਂ ਦੀ ਵਿਚਾਰ ਕਰਨ ਤਾਂ ਓਹ ਕਿਸੀ ਵੀ ਹੋਰ ਪ੍ਰਚਾਰ ਨਾਲੋਂ ਜਿਆਦਾ ਕੰਮ ਕਰੇਗਾ ! ਬਾਕੀ ਸਭ ਸਿਆਣੇ ਹਨ, ਮੈਂ ਤਾਂ ਸਿਰਫ ਆਪਣੇ ਮਨ ਦੀ ਗੱਲ ਕੀਤੀ ਹੈ ! ਖਬਰੇ ਕੋਈ ਬੁਰਾ ਹੀ ਨਾ ਮੰਨ ਜਾਵੇ !

ਗੁਰਬਾਣੀ ਅਨੁਸਾਰ ਗੁਰੂ ਕੇ ਸ਼ਬਦ ਦੀ ਵਿਚਾਰ ਅੱਗੇ ਲੈ ਜਾਂਦੀ ਹੈ ਪਰ ਅਸੀਂ ਪਿੱਛੇ ਜਾ ਜਾ ਕੇ ਸਿਰਫ ਇਤਿਹਾਸ ਵਿਖਾਉਣਾ ਲੋਚਦੇ ਹਾਂ ! ਨਿੱਤ ਨਵਾਂ ਨਰੋਆ ਇਤਿਹਾਸ ਸਿਰਜਣ ਦੀ ਜਰੂਰਤ ਹੈ ਕੌਮ ਨੂੰ ... ਪੁਰਾਣੇ ਨੂੰ ਸਾਂਭਿਆ ਤਾਂ ਹੈ ਨਹੀਂ ਸਿਰਫ ਇੱਕ ਦੂਜੇ ਨਾਲ ਲੜਨ ਲਈ ਇਤਿਹਾਸ ਇਤਿਹਾਸ ਦੀ ਖੇਡ ਹੋ ਰਹੀ ਹੈ ! ਸ਼ਬਦ ਵੀਚਾਰ ਕਰੋ - ਨਿੱਤ ਕਰੋ -- ਕਰਦੇ ਰਹੋ ਤਾਂਕਿ ਪ੍ਰੀਤ ਨਾਲ ਕਹਿਏ ਕਿ ਗੁਰੂ ਸ਼ਬਦ ਮੇਰੇ ਘਰ ਆਇਓ !

Leave a Comment

Reader Comments