ਧਾਗੇ ! (ਨਿੱਕੀ ਕਹਾਣੀ )

Share this story: WhatsApp X

“ਇੱਕ ਗੱਲ ਦੱਸੋ,” ਇੱਕ ਨੇ ਪੁੱਛਿਆ,
“ਜਦੋਂ ਵੀ ਲੋਕ ਇੱਕ ਮੱਤ ਹੋ ਕੇ ਇਕੱਠੇ ਹੋਣ ਲੱਗਦੇ ਨੇ, ਉਦੋਂ ਹੀ ਨਵਾਂ ਵਿਵਾਦ ਕਿਉਂ ਖੜ੍ਹਾ ਹੋ ਜਾਂਦਾ ਹੈ ?”

“ਇਹ ਤਾਂ ਤੂੰ ਵੀ ਜਾਣਦੈਂ!” ਦੂਜੇ ਨੇ ਹੱਸ ਕੇ ਕਿਹਾ।

“ਨਹੀਂ, ਦੱਸੋ ਤਾਂ ਸਹੀ?”

ਉਸ ਨੇ ਮੇਜ਼ ’ਤੇ ਪਿਆ ਇੱਕ ਧਾਗਾ ਚੁੱਕ ਲਿਆ।

“ਇਹ ਤੋੜ।”

ਚੁਟਕੀ ਵਿੱਚ ਧਾਗਾ ਟੁੱਟ ਗਿਆ।

ਫਿਰ ਉਸਨੇ ਵੀਹ-ਪੱਚੀ ਧਾਗੇ ਇਕੱਠੇ ਕਰਕੇ ਕਿਹਾ, “ਹੁਣ ਤੋੜ!”

ਕਾਫ਼ੀ ਜ਼ੋਰ ਲਾਇਆ, ਪਰ ਧਾਗੇ ਨਾ ਟੁੱਟੇ।

“ਬਸ!” ਉਹ ਬੋਲਿਆ, “ਇਹੀ ਸਾਰੀ ਖੇਡ ਹੈ।”

“ਕਿਹੜੀ ਖੇਡ?”

“ਲੋਕ ਵੱਖਰੇ ਰਹਿਣ ਤਾਂ ਹਰ ਕੋਈ ਆਪਣੀ-ਆਪਣੀ ਉਂਗਲੀ ਨਾਲ ਧਾਗਾ ਤੋੜ ਲੈਂਦਾ, ਭਾਵ ਉਨ੍ਹਾਂ ਨੂੰ ਇੱਕ ਦੂਜੇ ਖਿਲਾਫ ਭੜਕਾ ਕੇ ਵੱਖ ਵੱਖ ਕਰ ਦਿੰਦਾ। ਜਦੋਂ ਧਾਗੇ ਰੱਸੀ ਬਣ ਜਾਣ ਭਾਵ ਸਿਧਾਂਤਿਕ ਤੌਰ ਤੇ ਇੱਕਜੁੱਟ ਹੋ ਜਾਣ.. ਤਾਂ ਫਿਰ ਰੱਸੀ ਖਿੱਚਣ ਵਾਲੇ ਨੂੰ ਵੀ ਡਰ ਲੱਗਦਾ।”

ਇੰਨੇ ਨੂੰ ਕਿਸੇ ਨੇ ਪੁੱਛਿਆ,
“ਫਿਰ ਜਦੋਂ ਲੋਕ ਇਕੱਠੇ ਹੋਣ ਲੱਗਦੇ ਨੇ ਤਾਂ ਵਿਵਾਦ ਕੌਣ ਪੈਦਾ ਕਰਦਾ?”

ਉਹ ਮੁਸਕਰਾਇਆ,
ਇਹ ਸਵਾਲ ਪੁੱਛਦੇ ਰਹੋ... ਪਰ ਇੱਕ ਹੋਰ ਸਵਾਲ ਜ਼ਰੂਰ ਪੁੱਛਣਾ "ਇਸ ਵਿਵਾਦ ਨਾਲ ਫਾਇਦਾ ਕਿਸ ਦਾ ਹੋ ਰਿਹਾ ਹੈ?”

ਕੁਝ ਪਲ ਚੁੱਪ ਰਹੀ।

ਫਿਰ ਇੱਕ ਆਵਾਜ਼ ਆਈ,
“ਪਰ ਜਿਹੜੇ ਕੱਲ੍ਹ ਦੂਜਿਆਂ ਦੇ ਧਾਗੇ ਤੋੜ ਰਹੇ ਸਨ, ਅੱਜ ਆਪਣੇ ਧਾਗੇ ਟੁੱਟਣ ’ਤੇ ਰੌਲਾ ਕਿਉਂ ਪਾ ਰਹੇ ਨੇ?”

ਜਵਾਬ ਆਇਆ : “ਕਿਉਂਕਿ ਵੰਡ ਦੀ ਖੇਡ ਵਿੱਚ ਵਾਰੀ ਕਿਸ ਦੀ ਕਦੋਂ ਆ ਜਾਵੇ, ਇਹ ਕੋਈ ਖਿਡਾਰੀ ਵੀ ਨਹੀਂ ਜਾਣਦਾ।”

ਆਪਸੀ ਬਹਿਸ ਸ਼ੁਰੂ ਹੋ ਗਈ ! ਇਲਜ਼ਾਮਾਂ ਦੇ ਤੀਰ ਇੱਕ ਦੂਜੇ ਤੇ ਸੁੱਟੇ ਜਾਣ ਲੱਗੇ ! ਅੰਤ। ..

ਤੇ ਧਾਗੇ ਫਿਰ ਮੇਜ਼ ’ਤੇ ਪਏ ਸਨ... ਵੱਖ-ਵੱਖ।

Leave a Comment

Reader Comments