ਨਕਲੀ ਲੇਬਰ ਪੇਨ ਤੋਂ ਜੰਮਿਆ ਇਤਿਹਾਸ ! (ਨਿੱਕੀ ਕਹਾਣੀ)

Share this story: WhatsApp X

ਸਾਡਾ ਇਤਨਾ ਵੱਡਾ ਗੁਰਮਤਿ ਭਰਿਆ ਇਤਿਹਾਸ ਹੈ ਪਰ ਅੱਜ ਕੱਲ ਦੇ ਕੁਝ ਬਾਬਿਆਂ, ਇਤਿਹਾਸਕਾਰਾਂ, ਪ੍ਰਚਾਰਕਾਂ, ਪ੍ਰਧਾਨਾਂ ਕੋਲੋਂ ਜਦੋਂ ਇਤਿਹਾਸ ਸੁਣਦੇ ਹਾਂ ਤਾਂ ਸਿਰ ਪਿੱਟਣ ਤੋ ਅਲਾਵਾ ਕੁਝ ਨਹੀਂ ਸੁਝਦਾ ! (ਦਿਲਦਾਰ ਸਿੰਘ ਨੇ ਕਿਹਾ)

ਰਣਜੀਤ ਸਿੰਘ : ਸਾਡੇ ਵੱਡਿਆਂ ਨੇ ਗੁਰੂ ਦਾ ਥਾਪੜਾ (ਗੁਰਬਾਣੀ ਦਾ ਆਸਰਾ) ਲੈ ਕੇ ਇਤਿਹਾਸ ਸਿਰਜਿਆ ਸੀ (ਆਪਣੇ ਪਿੰਡੇ ਹੰਡਾ ਕੇ) ! ਪਰ ਅੱਜ ਬਿੱਪ੍ਰ ਦਾ ਥਾਪੜਾ ਜਿਆਦਾ ਸੁਖਾਵਾਂ ਲੱਗਦਾ ਹੈ ਇਨ੍ਹਾਂ ਪ੍ਰਚਾਰਕਾਂ ਨੂੰ ! ਬਿੱਪ੍ਰ ਵੀ ਕਿਹੜਾ ਘੱਟ ਹੈ, ਓਹ ਵੀ ਸਿਰਜੇ ਹੋਏ ਇਤਿਹਾਸ ਦੇ ਮੁਹਰੇ ਆਪਣਾ ਇਤਿਹਾਸ ਖੜਾ ਕਰਨ ਵਿੱਚ ਮਾਹਿਰ ਹੈ ! ਓਹ ਪਹਿਲਾਂ ਆਪਣੇ ਕੂੜ ਦਾ ਬੀਜ ਪਾਉਂਦਾ ਹੈ ਫਿਰ ਉਸ ਮਨਮਤੀ ਬੀਜ ਨੂੰ ਗਰਭ ਵਿੱਚ ਪਲਾਂਟ ਕਰਵਾਉਣਾ ਹੈ (ਕੁਝ ਚੋਣਵੀਆਂ ਸਟੇਜਾਂ ਤੇ ਨਿੱਕੀ ਨਿੱਕੀ ਪੁਰਾਤਨ ਸਾਖੀਆਂ ਦਾ ਨਾਮ ਦੇ ਕੇ ਉਨ੍ਹਾਂ ਨੂੰ ਰਿਕਾਰਡ / ਲਿਖਵਾ ਕਰਕੇ, ਪਰ ਬਾਹਰ ਨਹੀਂ ਕਢਦਾ) ! ਕੁਝ ਚਿਰ ਬਾਅਦ ਉਨ੍ਹਾਂ ਵਿਚੋਂ ਇੱਕ ਇੱਕ ਵੀਡੀਓ / ਪੈਰਾ ਜਿਵੇਂ ਬੱਚਾ ਗਰਭ ਵਿੱਚ ਲੱਤਾਂ ਮਾਰਦਾ ਹੈ ਉਸੀ ਤਰੀਕੇ ਵਿੱਚ ਵਿੱਚ ਪੇਸ਼ਕਾਰੀ ਕਰਦਾ ਹੈ ਤਾਂਕਿ ਸੰਗਤਾਂ ਨੂੰ ਇਹ ਘੱਟ ਖੁਰਾਕ ਮਾਫਿਕ ਆਉਣੀ ਸ਼ੁਰੂ ਹੋ ਜਾਵੇ ! ਅੰਤ ਬੜੀ ਹੀ ਚਾਲਾਕੀ ਨਾਲ ਵੱਡੀ ਸਟੇਜਾਂ ਤੋ ਸਿਆਸੀਆਂ ਜਾਂ ਵੱਡੇ ਆਪਣੀ ਮੱਤ ਵਾਲੇ ਬਾਬੇਆਂ/ਪ੍ਰਚਾਰਕਾਂ/ਪ੍ਰਧਾਨਾਂ ਪਾਸੋਂ ਇਸ ਨਾਜਾਇਜ਼ ਬੱਚੇ (ਬਿਪ੍ਰਵਾਦੀ ਵੀਡੀਓ / ਲਿਖਤ) ਨੂੰ ਲੇਬਰ ਪੇਨ ਦਾ ਦਰਦ ਆਖ ਕੇ (ਪੰਥਕ ਦਰਦ ਆਖ ਕੇ) ਉਸਦੀ ਨਕਲੀ ਡਿਲਿਵਰੀ ਕਰਵਾਉਂਦਾ ਹੈ ਤੇ ਫਿਰ ਉਸ ਮਨਮਤਿ ਰੂਪੀ ਬੱਚੇ ਨੂੰ ਪੰਥ ਦਾ ਮਰਿਆਦਾ / ਇਤਿਹਾਸਿਕ / ਪੁਰਾਤਨ ਹਿੱਸਾ ਦਰਸ਼ਾ ਕੇ ਪੰਥ ਵਿੱਚ ਰਲਾ ਦਿੰਦਾ ਹੈ !

ਦਿਲਦਾਰ ਸਿੰਘ : ਆਮ ਸੰਗਤਾਂ ਨੂੰ ਇਹ ਸਭ ਕੁਝ ਸਮਝ ਕਿਓਂ ਨਹੀਂ ਆਉਂਦਾ ?

ਰਣਜੀਤ ਸਿੰਘ : ਕਿਓਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪ ਕਦੀ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਪਾਠ ਕੀਤਾ ਹੀ ਨਹੀਂ ! ਜਿਸਨੇ ਕੁਝ ਪੜਿਆ ਨਹੀਂ, ਉਸਨੂੰ ਤੁਸੀਂ ਜੋ ਮਰਜ਼ੀ ਇਹ ਆਖ ਕੇ ਖੁਆ ਦਿਓ ਕਿ ਇਹ ਗੁਰੂ ਸਾਹਿਬਾਨ ਨੇ ਆਖਿਆ ਹੈ ਤੇ ਓਹ ਸਤਿਨਾਮ ਸ਼੍ਰੀ ਵਾਹਿਗੁਰੂ ਆਖ ਕੇ ਉਸਨੂੰ ਸੱਤ ਸੱਤ ਕਰ ਮੰਨ ਜਾਣਗੇ !

ਇਹੀ ਹਾਲ ਰਿਹਾ ਤਾਂ ਸਿੱਖ ਨਿੱਤ ਨਵੇਂ ਬੱਚੇ ਖੁਸ਼ੀ ਖੁਸ਼ੀ ਖਿਡਾਉਣਗੇ ਇਸ ਤਰੀਕੇ ਵਿਖਾਵਟੀ ਲੇਬਰ ਪੇਨ ਤੋਂ ਜਨਮੇ ! ਭਾਰੀ ਅਫਸੋਸ !

Leave a Comment

Reader Comments