ਪੰਥ ਕੀ ਜੀਤ ! (ਨਿੱਕੀ ਕਹਾਣੀ)

Share this story: WhatsApp X

ਸਿੱਖਾਂ ਦੇ ਧਾਰਮਿਕ ਅੱਤੇ ਸਿਆਸੀ ਮਸਲੇ ਲਟਕਦੇ ਅੱਜ ਸੌ ਸਾਲਾਂ ਤੋਂ ਵਧ ਹੋ ਗਏ ਹਨ ! ਨਾ ਤਾਂ ਕੋਈ ਸਰਕਾਰ ਸੁਣਦੀ ਹੈ ਤੇ ਨਾ ਅਕਾਲੀ ਲੀਡਰਾਂ ਜਾਂ ਜੱਥੇਦਾਰਾਂ ਕੋਲ ਸਮਾਂ ਹੈ, ਇਨ੍ਹਾਂ ਨੂੰ ਹਲ ਕਰਨ ਦਾ ! (ਰਣਜੋਧ ਸਿੰਘ ਪਰੇਸ਼ਾਨ ਸੀ)

ਇੰਦਰਜੀਤ ਸਿੰਘ : ਸਾਰਾ ਕਸੂਰ ਸਰਕਾਰਾਂ ਦਾ ਹੈ, ਤੁਸੀਂ ਐਵੇਂ ਹੀ ਲੀਡਰਾਂ ਜਾਂ ਜੱਥੇਦਾਰਾਂ ਨੂੰ ਬੁਰਾ-ਭਲਾ ਨਾ ਆਖਿਆ ਕਰੋ, ਉਨ੍ਹਾਂ ਕੋਲ ਬਹੁਤ ਸਾਰੇ ਪੰਥਕ ਕੰਮ ਹੁੰਦੇ ਹਨ !

ਰਣਜੋਧ ਸਿੰਘ (ਹੈਰਾਨੀ ਨਾਲ) : ਸਵਿੰਧਾਨ ਦੀ ਧਾਰਾ ਪੱਚੀ-ਬੀ ਨੂੰ ਬਦਲਵਾਉਣ ਤੋਂ ਜਿਆਦਾ ਵੱਡਾ ਕਿਹੜਾ ਪੰਥਕ ਕੰਮ ਹੈ ? ਕਿਓਂ ਨਹੀਂ ਸਾਰੇ ਇੱਕ ਜੁੱਟ ਹੋ ਕੇ ਪਹਿਲਾਂ ਇੱਕ ਇਸੀ ਮਸਲੇ ਪਿਛੇ ਪੈ ਜਾਂਦੇ ? ਗੱਲ ਉਠਦੀ ਹੈ... ਬੈਠਦੀ ਹੈ... ਉਠਦੀ ਹੈ... ਬੈਠਦੀ ਹੈ... ਲਮਕਦੀ ਹੈ... ਬਸ ਇਹੀ ਤਾਂ ਹੋ ਰਿਹਾ ਹੈ ਇਤਨੇ ਸਮੇਂ ਤੋਂ ਵੱਖ-ਵੱਖ ਪੰਥਕ ਮਸਲਿਆਂ ਨੂੰ ਹਲ ਕਰਵਾਉਣ ਵੇਲੇ !

ਇੰਦਰਜੀਤ ਸਿੰਘ (ਮਜਾਕ ਵਿੱਚ) : ਛੱਡੋ ਵੀਰ ! ਤੁਸੀਂ ਐਵੇਂ ਹੀ ਔਖੇ ਹੋ ਰਹੇ ਹੋ, ਅਜੇ ਕਲ ਹੀ ਇੱਕ ਪੰਥਕ ਆਗੂ ਨੇ ਪ੍ਰਭਾਤ ਫੇਰੀ ਦੀ ਸਪੀਕਰਾਂ ਵਾਲੀ ਰੇਹੜੀ ਪੁਲਿਸ ਤੋਂ ਆਜ਼ਾਦ ਕਰਵਾ ਕੇ "ਪੰਥ ਕੀ ਜੀਤ" ਕਰਵਾਈ ਹੈ ! ਉਨ੍ਹਾਂ ਨੇ ਸੰਗਤਾਂ ਦੇ ਨਾਮ ਸੰਦੇਸ਼ ਵਿੱਚ ਕਿਹਾ ਹੈ ਕੀ ਇਸ "ਰੇਹੜੀ ਛੁੜਾਉਣ ਦੇ ਪੰਥਕ ਮਸਲੇ" ਤੇ "ਸਰਕਾਰ ਤੁਹਾਡੇ ਚਰਣਾਂ 'ਤੇ ਝੁਕ ਗਈ ਹੈ" !

ਰਣਜੋਧ ਸਿੰਘ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਹੈ "ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਨੇ ਪੁੱਛੀ, ਗਰੀਬ ਦੀ ਮਰ ਗਈ ਮਾਂ, ਉਹਦਾ ਕਿਸੇ ਵੀ ਨਾ ਲਿਆ ਨਾਂ" ! ਇਨ੍ਹਾਂ ਲੀਡਰਾਂ ਨੂੰ ਸਿਰਫ ਹਰ ਮਾਹੌਲ ਨੂੰ ਕੈਸ਼ ਕਰਨਾ ਹੀ ਆਉਂਦਾ ਹੈ ! ਜੋ ਅਸਲ ਮੁੱਦੇ ਹਨ, ਉਨ੍ਹਾਂ ਵੱਲ ਝਾਤੀ ਮਾਰਣ ਨਾਲ ਇਨ੍ਹਾਂ ਨੂੰ ਰਾਸ਼ਟਰੀ ਪਾਰਟੀਆਂ ਦੀ ਸਪੋਰਟ ਬੰਦ ਹੋ ਜਾਂਦੀ ਹੈ, ਇਸ ਲਈ ਇਹ ਕਦੀ ਕਦੀ ਅਵੇਸਲੇ ਜਾਗਣ ਦਾ ਨਜ਼ਾਰਾ ਕਰਵਾ ਦਿੰਦੇ ਹਨ !

ਇੰਦਰਜੀਤ ਸਿੰਘ (ਹਮਦਰਦੀ ਪ੍ਰਗਟਾਉਂਦਾ ਹੋਇਆ) : ਵੀਰ ਯਾਦ ਰਹੇ ਕੀ "ਸਿਆਣੇ ਹੱਥਾਂ ਵਿੱਚ ਸੱਪ ਦੀ ਜ਼ਹਿਰ ਕੁਝ ਨਹੀਂ ਕਰ ਸਕਦੀ" ਪਰ "ਮੂਰਖ ਦੇ ਹੱਥਾਂ ਵਿੱਚ ਸ਼ਹਿਦ ਵੀ ਨੁਕਸਾਨ ਪਹੁੰਚਾ ਸਕਦਾ ਹੈ।" ਪਤਾ ਨਹੀਂ ਕਦੋਂ ਸਿੱਖ ਕੌਮ ਕੋਲ ਸੁਚੱਜੇ ਆਗੂ ਆਉਣਗੇ ?

ਪੁਰਾਣਾ ਅਖਾਣ ਹੈ ਕੀ "ਬਿਨਾਂ ਯੋਗ ਕਾਰਨ ਦੇ ਕਟਾਰ ਨਾ ਕੱਢੋ ਪਰ ਜੇ ਕੱਢਣੀ ਪੈ ਜਾਏ, ਤਾਂ ਇੰਜ ਚਲਾਓ ਕਿ ਘੋੜੀ ਤੇ ਸਵਾਰ ਦੋਹਾਂ ਨੂੰ ਚਿੱਤ ਕਰ ਦਿਓ।" ਰੱਬ ਇਨ੍ਹਾਂ ਨੂੰ ਸੁਮਤ ਬਕਸ਼ਿਸ਼ ਕਰੇ ! ਚਲ ਚਲੀਏ ਘਰ ਵਰਨਾ ਪੰਥਕ ਮਸਲਾ ਸੁਲਝੇ ਜਾਂ ਨਾ ਸੁਲਝੇ, ਪਰ ਆਪਣੇ ਘਰ ਇੱਕ ਮਸਲਾ ਖੜਾ ਹੋ ਜਾਵੇਗਾ ! (ਰਣਜੋਧ ਸਿੰਘ ਨੇ ਕਿਹਾ)

Leave a Comment

Reader Comments