ਸਿਆਸਤ ਦੀ ਚੌਪੜ ! (ਨਿੱਕੀ ਕਹਾਣੀ)

Share this story: WhatsApp X

ਧਰਮ ਦੀ ਦਰੀ ਉੱਤੇ ਸਿਆਸਤ ਦੀ ਚੌਪੜ ਵਿਛ ਚੁੱਕੀ ਹੈ, ਪੰਥ ਨੂੰ ਕੌਣ ਸੇਧ ਦੇਵੇਗਾ ? (ਕੁਲਤਾਰ ਸਿਘ ਪੇਸ਼ਾਨੀ ਤੇ ਬਲ ਪਾਏ ਬੁੜਬੁੜਾ ਰਿਹਾ ਸੀ)

ਉਸਦਾ ਬੁੱਢਾ ਪਿਤਾ ਹਰਕੀਰਤ ਸਿੰਘ ਕੁਝ ਦਿਨਾਂ ਤੋਂ ਉਸਨੂੰ ਪਰੇਸ਼ਾਨ ਹਾਲਤ ਵਿੱਚ ਵੇਖ ਰਿਹਾ ਸੀ, ਜਦੋਂ ਰਹਿਆ ਨਹੀਂ ਗਿਆ ਤੇ ਆਖਿਰ ਉਸਨੇ ਕੁਲਤਾਰ ਨੂੰ ਪੁੱਛ ਹੀ ਲਿਆ ...

ਹਰਕੀਰਤ ਸਿੰਘ : ਕੀ ਗੱਲ ਹੈ ਪੁੱਤਰ ਜੀ ! ਕੁਝ ਦਿਨਾਂ ਤੋਂ ਬੜੇ ਹੀ ਪਰੇਸ਼ਾਨ ਲੱਗ ਰਹੇ ਹੋ ?

ਕੁਲਤਾਰ ਸਿੰਘ : ਪਿਤਾ ਜੀ, ਪੰਥ ਦੀ ਦਿਨੋਂਦਿਨ ਡੁੱਬ ਰਹੀ ਸਾਖ, ਆਪਸੀ ਭਰਾਮਾਰੂ ਲੜਾਈ ਅਤੇ ਪੰਥਕ ਧਾਰਾ ਤੋਂ ਬਾਹਰਲੀਆਂ ਧਿਰਾਂ ਵੱਲੋਂ ਨਿੱਤ ਨਵੇਂ ਵਿਵਾਦਾਂ ਨੂੰ ਹਵਾ ਦੇਣ ਦੀ ਕੋਝੀਆਂ ਚਾਲਾਂ ਨੇ ਪੰਥ ਦਰਦੀਆਂ ਦੇ ਹਿਰਦੇ ਛੇਦ ਦਿੱਤੇ ਹਨ! ਗੁਰੂ ਦੇ ਹੁਕਮ ਨਾਲੋ ਸਿਆਸੀਆਂ ਦੇ ਹੁਕਮਾਂ ਨੂੰ ਗੁਰਮਤ ਸਮਝਿਆ ਜਾਉਣ ਲੱਗਿਆ ਹੈ ! ਸਭ ਪਾਸੇ ਹਨੇਰਾ ਹੀ ਹਨੇਰਾ ! ਅਗਿਆਨ ਦੀ ਮਿੱਟੀ ਭਰੀ ਹਨੇਰੀ ਤੋਂ ਬਣੇ ਧੁੰਧਲੇ ਨੂੰ ਕੋਹਰਾ ਕਹ ਕੇ ਪਰਚਾਇਆ ਜਾ ਰਿਹਾ ਹੈ !

ਹਰਕੀਰਤ ਸਿੰਘ : ਪੁੱਤਰ ਜੀ, ਇਹ ਸਿੱਖਾਂ ਲਈ ਕੋਈ ਨਵਾਂ ਵਰਤਾਰਾ ਨਹੀਂ ਹੈ, ਪੁਰਾਤਨ ਸਮੇਂ ਵਿੱਚ ਆਮ ਸਿੱਖ ਵੀ ਗੁਰੂ ਕਿਰਪਾ ਨਾਲ ਗੁਰਬਾਣੀ ਦੇ ਰਾਹ ਦਾ ਪਾਂਧੀ ਹੁੰਦਾ ਸੀ, ਇਸ ਕਰਕੇ ਕੁਪ੍ਰਚਾਰ ਨੂੰ ਫੱਟ ਪਹਿਚਾਣ ਲਿਆ ਜਾਂਦਾ ਸੀ ਤੇ ਅਗਾਂਹ ਹੋ ਕੇ, ਪੰਥਕ ਤੌਰ 'ਤੇ ਮਨਮਤ ਨੂੰ ਠੱਲ ਪਾਈ ਜਾਂਦੀ ਸੀ! ਪਰ ਅੱਜ ਦੇ ਹਾਲਾਤ ਵਿੱਚ ਇੱਕ ਆਮ ਸਿਖ ਤੇ ਅਗਿਆਨ ਦੇ ਹਨੇਰੇ ਵਿੱਚ ਡੁੱਬਿਆ ਪਿਆ ਹੈ, ਤੇ ਪੰਥ ਅੱਖਾਂ ਬੰਦ ਕਰਕੇ ਕੁੱਝ ਸਿਆਸੀਆਂ ਦੇ ਮਗਰ ਤੁਰ ਪਿਆ ਹੈ !

ਕੁਲਤਾਰ ਸਿੰਘ : ਪਰ ਪਿਤਾ ਜੀ, ਜੋ ਸੂਝਵਾਨ ਗੁਰਸਿੱਖ ਹਨ ਉਨ੍ਹਾਂ ਨੂੰ ਮੁੱਖ ਧਾਰਾ ਵਿਚੋਂ ਮੱਖੀ ਵਾਂਗ ਕਿਓਂ ਕਢ ਦਿੱਤਾ ਗਿਆ ਹੈ ? ਝੂਠ ਦੇ ਨਗਾਰ-ਖਾਨੇ ਵਿੱਚ ਤੂਤੀਆਂ ਵਾਂਗ ਉਨ੍ਹਾਂ ਦੀ ਅਵਾਜ਼ ਕਿਓਂ ਦਬਾ ਦਿੱਤੀ ਜਾ ਰਹੀ ਹੈ ? ਕਿਓਂ ਉਨ੍ਹਾਂ ਨੂੰ ਬਦਨਾਮ ਕਿੱਤਾ ਜਾ ਰਿਹਾ ਹੈ ? ਅੱਜ ਮੀਡਿਆ ਦਾ ਯੁਗ ਹੈ, ਜੇਕਰ ਸਿਆਸੀ ਇਤਨੇ ਹੀ ਗੁਰਮਤ ਦਾ ਪਰਚਾਰ ਕਰ ਰਹੇ ਨੇ, ਤੇ ਕਿਓਂ ਨਹੀਂ ਇੱਕ ਵਾਰ ਟੀ.ਵੀ. ਸ਼ੋ ਰਾਹੀ ਪੰਥਕ ਮਸਲਿਆਂ 'ਤੇ ਆਹਮਣੇ-ਸਾਹਮਣੇ ਬੈਠ ਕੇ ਵਿਚਾਰਾਂ ਕਰਦੇ ? ਪਰ ਮੀਡਿਆ ਦੀ ਵਰਤੋਂ ਕੁ-ਪਰਚਾਰ ਲਈ ਤੇ ਹੋ ਰਹੀ ਹੈ ,ਪਰ ਸੁ-ਵਿਚਾਰ ਲਈ ਕਿਓਂ ਨਹੀਂ ? (ਰੋਣ ਲੱਗ ਜਾਂਦਾ ਹੈ)

ਹਰਕੀਰਤ ਸਿੰਘ (ਥਾਪੜਾ ਦਿੰਦਾ ਹੋਇਆ) : ਪੁੱਤਰ ਜੀ, ਤੁਸੀਂ ਆਪਣੀ ਸਚ ਰਾਹ ਤੇ ਚਲਦੇ ਰਹੋ, ਤੇ ਚੰਗੇ ਕਿਰਦਾਰ ਵਾਲੇ ਗੁਰਸਿੱਖ ਭੱਜੋ ਨਾ, ਬਲਕਿ ਸਿਆਸਤ ਦੀ ਮੁੱਖ ਧਾਰਾ ਵਿੱਚ ਆਓ, ਕਿਓਂਕਿ ਅੱਜ ਸਮੇਂ ਦੀ ਮੰਗ "ਹੋਛੀ ਸਿਆਸਤ" ਨਹੀਂ ਬਲਕਿ "ਹੋਰ ਅੱਛੀ" ਸਿਆਸਤ ਕਰਨਾ ਹੈ ! ਜੇਕਰ ਦੋ ਚੋਰ - ਦੋ ਡਾਕੂ ਆਪਣੀ ਗੰਦੀ ਸੋਚ ਨਾਲ ਇੱਕ ਹੋ ਸਕਦੇ ਹਨ, ਤੇ ਗੈਂਗ ਬਣਾ ਸਕਦੇ ਹਨ, ਤੇ ਫਿਰ ਕਿਓਂ ਨਹੀ ਇੱਕ ਚੰਗੀ ਸੋਚ ਵਾਲੇ ਆਪਣਾ ਥੋੜਾ ਜਿਹਾ ਹੰਕਾਰ ਮਾਰ ਕੇ, ਇੱਕ "ਗੁਰਮਤੀ ਗੈਂਗ" ਬਣਾਉਂਦੇ ? ਵਖਰੀ ਵਖਰੀ ਲੱਕੜ ਨੂੰ ਤੋੜਨਾ ਸੌਖਾ ਹੈ ਤੇ ਇਹੀ ਕੰਮ ਕੀਤਾ ਜਾ ਰਿਹਾ ਹੈ, ਕਿ ਤੁਹਾਡੀਆਂ ਵਰਗਿਆਂ ਗੁਰਮਤਿ ਭਰਪੂਰ ਲੱਕੜਾਂ ਇੱਕ ਨਾ ਹੋ ਜਾਣ ! ਹੁਣ ਇਹ ਲਕੜਾਂ ਉੱਤੇ ਹੈ ਕੀ ਵਖਰਾ ਵਖਰਾ ਜਲ ਕੇ ਖਤਮ ਹੋਣਾ ਹੈ, ਜਾਂ ਕੱਠੇ ਹੋ ਕੇ ਇੱਕ ਜੰਗਲ ਦੀ ਅੱਗ ਵਾਂਗ ਫੈਲਣਾ ਹੈ !

ਕੁਲਤਾਰ ਸਿੰਘ ਇਹ ਵਿਚਾਰਾਂ ਸੁਣ ਕੇ ਇੱਕ ਨਵੇਂ ਜੋਸ਼ ਵਿੱਚ ਫੈਸਲਾ ਕਰਦਾ ਹੈ, ਕੀ ਜੰਗਲ ਦੀ ਅੱਗ ਵਾਂਗ ਸੱਚ ਦੀ ਅਵਾਜ਼ ਨੂੰ ਫੈਲਾਣਾ ਹੈ (ਗੁਰਮਤਿ ਸੋਚ ਨਾਲ) ਕਿਓਂਕਿ ਸੁਣਿਆਂ ਹੈ, ਕੀ ਜੰਗਲ ਦੀ ਅੱਗ ਇੱਕ ਨਵੇਂ ਜੀਵਨ ਨੂੰ ਜਨਮ ਦਿੰਦੀ ਹੈ !

Leave a Comment

Reader Comments