ਜਾਤ, ਕੁਲ ਦਾ ਅਭਿਮਾਨ ! (ਨਿੱਕੀ ਕਹਾਣੀ)
ਤਮੀਜ਼ ਨਾਲ ਗੱਲ ਕਰ ਓਏ, ਅਸੀਂ ਗੁਰੂ ਕੁਲ ਵਿਚੋਂ ਹੈਗੇ ਹਾਂ, ਸ਼ਰਾਬ ਦਾ ਘੁਟ ਭਰਦੇ ਹੋਏ ਕਮਲਜੀਤ ਸਿੰਘ ਸੋਢੀ ਆਪਣੇ ਸਾਥੀ ਨੂੰ ਬੋਲ ਰਿਹਾ ਸੀ ! ਰੋਜ਼ ਅਸੀਂ ਖਾਉਣ-ਪੀਣ ਲਈ ਉਠਦੇ ਬੈਠਦੇ ਹਾਂ ਪਰ ਇਸਦਾ ਮਤਲਬ ਇਹ ਨਹੀ ਕੀ ਤੂੰ ਸਾਡੇ ਤੋਂ ਉੱਚਾ ਹੋ ਗਿਆ ?
ਕੋਲੋਂ ਲੰਘਦੇ ਹੋਏ ਹਰਕੀਰਤ ਸਿੰਘ ਨੇ ਇਹ ਗੱਲ ਸੁਣੀ ਤਾਂ ਓਹ ਹੈਰਾਨ-ਪਰੇਸ਼ਾਨ ਹੋ ਗਿਆ ! ਉਸ ਕੋਲੋਂ ਰੁਕਿਆ ਨਹੀਂ ਗਿਆ ਤੇ ਓਹ ਬੋਲ ਪਿਆ “ਇਸ ਵਿਚ ਤੇਰੀ ਕੀ ਵਡਿਆਈ ਜਾਂ ਪ੍ਰਾਪਤੀ ਹੈ ? ਗੁਰੂ ਦੇ ਨਾਮ ਤੇ, ਚੰਗੀ ਕੁਲ ਦੇ ਨਾਮ ਤੇ ਕਦੋਂ ਤਕ ਤੁਸੀਂ ਲੋਗ ਆਪਣੀ ਮਨਮਤ ਤੇ ਆਮ ਸਿੱਖ ਦੀ ਸ਼ਰਧਾ ਨੂੰ ਕੈਸ਼ ਕਰਦੇ ਰਹੋਗੇ ? ਤੈਨੂੰ ਤੇ ਚਾਹੀਦਾ ਸੀ ਕੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਅੱਗੇ ਹੋਰ ਚਲਦਾ ਪਰ ਓਹ ਤੇ ਆਪਣਾ ਜਨਮ ਸਵਾਰ ਗਏ ਤੇ ਨਾਲੇ ਕਰੋੜਾ ਦਾ ਹੋਰ, ਪਰ ਵੀਰ ਤੂੰ ਤੇ ਆਪਣਾ ਜਨਮ ਵੀ ਡੁਬੋ ਰਿਹਾ ਹੈ ਤੇ ਗੁਰੂ ਕੁਲ ਦਾ ਨਾਮ ਲੈ ਲੈ ਕੇ ਆਪਣੇ ਕੁਲ ਦਾ ਨਾਮ ਵੀ ! ਰੱਬ ਦਾ ਪ੍ਰੇਮ ਹੁੰਦਾ ਹੈ ਤੇ ਨੀਵੀਂ ਤੋਂ ਨੀਵੀਂ ਜਾਤ ਵਾਲਾ ਭੀ ਪ੍ਰਭੁ ਕਾ ਪਿਆਰਾ ਬਣ ਜਾਂਦਾ ਹੈ ਤੇ ਆਪਣੀ ਜਾਤ ਉੱਚੀ ਕਰ ਲੈਂਦਾ ਹੈ !
ਜਾਤ, ਕੁਲ ਦਾ ਅਭਿਮਾਨ ਚੰਗਾ ਨਹੀਂ, ਆਪਣੇ ਕਰਮ ਤੋ ਪਹਿਚਾਣੇ ਜਾਣ ਵਿਚ ਹੀ ਗੁਰਮਤਿ ਹੈ, ਨਾ ਕੀ ਆਪਣੇ ਵਡੇਰਿਆਂ ਦਿਆਂ ਕਮਾਈਆਂ ਤੇ ਐਸ਼ ਕਰਨਾ ! ਵੱਡੇ ਤੋਂ ਵੱਡਾ ਪਿਓ-ਦਾਦੇ ਦਾ ਖਜਾਨਾ ਖਤਮ ਹੋ ਜਾਂਦਾ ਹੈ, ਜੇਕਰ ਅੱਗੋ ਔਲਾਦ ਜਾਂ ਕੁਲ ਗੁਰਮਤਿ ਰਾਹ ਤੋਂ ਥਿੜ੍ਹਕ ਪਵੇ ! ਖੁਦ ਵੀ ਕੁੱਝ ਕਮਾਉਗੇ ਤੇ ਵੰਡੋਗੇ (ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ॥) ਤੱਦ ਹੀ ਇਹ ਖਜਾਨਾ ਵਧੇਗਾ (ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥)
ਯਾਦ ਰਖੀਂ ਵੀਰ ਕੀ ਕੋਈ ਕਿਤਨੀ ਹੀ ਚੰਗੀ ਕੁਲ ਤੋਂ ਹੋਵੇ, ਪਰ ਜੇਕਰ ਉਸ ਵਿਚ ਪ੍ਰਭੁ ਜੀ ਦੀ ਭਗਤੀ ਨਹੀਂ ਹੈ ਤੇ ਉਹ ਇੱਕ ਮੁਰਦੇ ਵਾਂਗ ਹੀ ਹੁੰਦਾ ਹੈ ! ( ਸਲੋਕੁ ॥ ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥)
ਕਮਲਜੀਤ ਸਿੰਘ ਸੋਢੀ ਸ਼ਰਮਿੰਦਾ ਹੋ ਕੇ ਕਹਿੰਦਾ “ਵੀਰ, ਅੱਜ ਤੂੰ ਮੇਰੀਆਂ ਅੱਖਾਂ ਖੋਲ ਦਿਤੀਆਂ, ਮੈਂ ਤੇ ਐਵੇ ਹੀ ਸੋਚੀ ਬੈਠਾ ਸੀ ਚੰਗੇ ਕੁਲ ਵਿਚ ਜਨਮ ਲੈਣ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਣਾ ਹੈ ! ਤੂੰ ਤੇ ਮੇਰੇ ਗੁਰੂ ਪਿਤਾ ਜੀ ਦੀ ਗੱਲ ਅੱਜ ਮੈਨੂੰ ਖੋਲ ਕੇ ਸਮਝਾ ਦਿੱਤੀ”। ਹੁਣ ਅੱਜ ਤੋਂ ਹੀ ਇਹ ਮਨਮਤਾਂ ਤੇ ਕੁਰਹਿਤਾਂ ਬੰਦ, ਤੇ ਸਚ ਦੇ ਰਾਹ ਦਾ ਸਫ਼ਰ ਸ਼ੁਰੂ”! ਇਹ ਕਹਿੰਦੇ ਹੋਏ ਓਹ ਜਾਰ ਜਾਰ ਰੋਣ ਲੱਗਾ ਤੇ ਸ਼ਰਾਬ ਦੀ ਬੋਤਲ ਪਰਾਂ ਸੁੱਟ ਦਿੱਤੀ !
Leave a Comment