Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਮਿੱਠਤ ! (ਨਿੱਕੀ ਕਹਾਣੀ)

ਤੇਰਾ ਕੰਮ ਤੋਂ ਭੱਜਣਾ ਹੀ ਤੇਰਾ ਦੁਸ਼ਮਣ ਹੈ। ਮੇਰਾ ਪੁੱਤਰ ਇਸ ਤਰੀਕੇ ਹੁੰਦਾ ਤਾਂ ਜੰਮਦੇ ਹੀ ਗਿੱਚੀ ਦੱਬ ਦਿੰਦਾ। ਮਨਜੀਤ ਸਿੰਘ ਨੂੰ ਝਿੜਕਦੇ ਹੋਏ ਵਰਿਆਮ ਸਿੰਘ ਨੇ ਜੋ ਗੱਲਾਂ ਅਤੇ ਗਾਹਲਾਂ ਉਸ ਤੋਂ ਬਾਅਦ ਮੂੰਹ ' ਚੋਂ ਅੱਗ ਕਢਦਿਆਂ ਆਖੀਆਂ ਓਹ ਲਿੱਖਣ ਦੇ ਕਾਬਲ ਨਹੀਂ ਹਨ!
ਕੁਝ ਸਮੇਂ ਬਾਅਦ ਪ੍ਰਭਜੋਤ ਸਿੰਘ ਨੇ ਵਰਿਆਮ ਸਿੰਘ ਨੂੰ ਹੱਥ ਫੜਕੇ ਪੁੱਛਿਆ, ਵੀਰ ਤੈਨੂੰ ਲਗਦਾ ਹੈ ਕਿ ਤੇਰੇ ਇਸ ਤਰੀਕੇ ਮਨਜੀਤ ਨੂੰ ਝਿੜਕਣ ਨਾਲ ਉਸ ਦੇ ਸੁਧਰਨ ਦੀ ਕੋਈ ਆਸ ਹੈ ?
ਵਰਿਆਮ ਸਿੰਘ ਨੇ ਗੁੱਸੇ ਵਿੱਚ ਕੰਬਦੇ ਹੋਏ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਗੱਲ ਐਥੇ ਹੀ ਮੁਕਾਉਣ ਦਾ ਇਸ਼ਾਰਾ ਕੀਤਾ !
ਇਸ਼ਾਰੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪ੍ਰਭਜੋਤ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ : 100 ਵਿਚੋਂ 99 ਬੰਦੇ ਕਦੀ ਵੀ ਕਿਸੀ ਵੀ ਕੰਮ ਵਾਸਤੇ ਖੁਦ ਨੂੰ ਦੋਸ਼ੀ ਕਰਾਰ ਨਹੀਂ ਦਿੰਦੇ। ਭਾਵੇਂ ਇਹ ਕਿੰਨੇ ਹੀ ਗ਼ਲਤ ਕਿਉਂ ਨਾ ਹੋਣ ਪਰ ਉਨ੍ਹਾਂ ਪਾਸੋਂ ਗਲਤੀ ਮਨਵਾਉਣ ਦੀ ਆਸ ਰੱਖਣਾ ਹਜ਼ਾਰਾਂ ਬਹਾਨਿਆਂ ਅਤੇ ਹੁੱਜਤਾਂ ਨੂੰ ਜਨਮ ਦੇਣਾ ਹੁੰਦਾ ਹੈ। ਦੂਜਾ, ਓਹ ਬੰਦਾ ਆਪਣੀ ਗਲਤੀ ਨਾ ਸਮਝਦਾ ਹੋਇਆ ਇਸ ਨੂੰ ਬੇਇੱਜ਼ਤੀ ਸਮਝ ਲੈਂਦਾ ਹੈ ਤੇ ਉਲਟਾ ਮਨ ਵਿੱਚ ਤੁਹਾਡੇ ਪ੍ਰਤੀ ਕੁੜੱਤਣ ਪਾਲਦਾ ਹੋਇਆ ਹੋਰ ਢੀਠ ਹੁੰਦਾ ਜਾਂਦਾ ਹੈ !
ਫਿਰ ਕੀ ਮੈਂ ਚੁੱਪ ਚਾਪ ਬੈਠ ਕੇ ਉਨ੍ਹਾਂ ਦੀ ਇਹ ਬਦਤਮੀਜ਼ੀ ਝਲਦਾ ਰਹਾਂ? ਗ਼ਲਤ ਨੂੰ ਗ਼ਲਤ ਆਖਣਾ ਇੱਕ ਸੱਚੇ ਮਨੁੱਖ ਦੀ ਪਹਿਚਾਣ ਹੈ।
ਮੇਰਾ ਇਹ ਮੰਨਣਾ ਹੈ ਕਿ ਕੋਈ ਇੱਜ਼ਤ ਦੇ ਰਹਿਆ ਹੋਵੇ ਤਾਂ ਲੁੱਟ ਨਹੀਂ ਲੈਣੀ ਚਾਹੀਦੀ ! ਪਿਆਰ ਵਿੱਚ ਗੁੱਸੇ ਨਾਲੋ ਜਿਆਦਾ ਬਰਕਤ ਹੁੰਦੀ ਹੈ। ਗੁੱਸੇ ਵਿੱਚ ਆਖੇ ਤੁਹਾਡੇ ਕੌੜੇ ਬੋਲ ਉਸ ਮਨੁੱਖ ਦੇ ਆਤਮ ਬਲ ਨੂੰ ਕਮਜੋਰ ਕਰ ਦਿੰਦੇ ਹਨ ਅਤੇ ਉਨ੍ਹਾਂ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਹੁੰਦਾ, ਜਿਨ੍ਹਾਂ ਕਾਰਨਾਂ ਕਰਕੇ ਉਸ ਨੂੰ ਝਿੜਕਿਆ ਗਿਆ ਸੀ। ਪਰ ਪਿਆਰ ਨਾਲ ਦਿੱਤੀ ਸਖ਼ਤ ਝਿੜਕੀ ਉਸ ਨੂੰ ਆਤਮ ਪੜਚੋਲ ਲਈ ਪ੍ਰੇਰ ਸਕਦੀ ਹੈ!
ਵੈਸੇ ਤਾਂ ਮੈਨੂੰ ਤੇਰੀ ਗੱਲ ਪੱਲੇ ਨਹੀਂ ਪੈ ਰਹੀ, ਪਰ ਫਿਰ ਵੀ ਮੈਂ ਇੱਕ ਵਾਰ ਠੰਡੇ ਦਿਮਾਗ ਨਾਲ ਇਸ ਉੱਤੇ ਦੁਬਾਰਾ ਵਿਚਾਰ ਕਰਾਂਗਾ! ਚੰਗਾ, ਰੱਬ ਰਾਖਾ!

Leave a Comment

Reader Comments