Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਅੰਕਲ ਜੀ ! (ਨਿੱਕੀ ਕਹਾਣੀ)

ਮੇਰੇ ਦੋਸਤ ਮੈਨੂੰ ਕਹਿੰਦੇ ਹਨ ਕੀ ਗੁਆਂਡ ਦੇ ਅੰਕਲ ਦੀ ਸ਼ਕਲ ਭਾਪਾ ਜੀ ਨਾਲ ਦਸ ਪ੍ਰਤਿਸ਼ਤ ਮਿਲਦੀ ਜੁਲਦੀ ਹੈ, ਇਸ ਕਰਕੇ ਓਹ ਵੀ ਮੇਰੇ ਪਿਤਾ ਹੀ ਹੋਏ ਤੇ ਮੈਂ ਉਨ੍ਹਾਂ ਨੂੰ ਵੀ ਭਾਪਾ ਜੀ ਆਖਿਆ ਕਰਾਂ ? (ਨਿੱਕਾ ਕੁਲਜੀਤ ਸਿੰਘ ਆਪਣੀ ਮੰਮੀ ਹਰਜੀਤ ਕੌਰ ਨਾਲ ਗੱਲ ਕਰ ਰਿਹਾ ਸੀ)
ਪੁੱਤਰ ! ਰੱਬ ਨੇ ਇੱਕ ਮਾਂ-ਪਿਓ ਦਿੱਤੇ ਹਨ ਤੇ ਉਨ੍ਹਾਂ ਦੀ ਥਾਂ ਕੋਈ ਵੀ ਨਹੀਂ ਮੱਲ ਸਕਦਾ ! ਪਿਤਾ ਹੋਣਾ ਤੇ ਪਿਤਾ ਵਾਕਰ ਹੋਣਾ ਦੋ ਵਖਰੀਆਂ ਗੱਲਾਂ ਹਨ ! (ਹਰਜੀਤ ਕੌਰ ਨੇ ਸਮਝਾਇਆ)
ਕੁਲਜੀਤ ਸਿੰਘ : ਪਰ ਮੰਮੀ ਮੈਨੂੰ ਵੀ ਓਹ ਬਹੁਤ ਚੰਗੇ ਲਗਦੇ ਹਨ ਤੇ ਉਨ੍ਹਾਂ ਦੀਆਂ ਸੁਣਾਈਆਂ ਕਹਾਣੀਆਂ ਨਾਲ ਮੇਰਾ ਦਿਲ ਵੀ ਖੁਸ਼ ਰਹਿੰਦਾ ਹੈ ! ਓਹ ਮੈਨੂੰ ਡਾਂਟ ਵੀ ਨਹੀਂ ਲਗਾਉਂਦੇ, ਤਾੜਨਾ ਵੀ ਕਰਦੇ ਹਨ ਤਾਂ ਨਾਲ ਨਾਲ ਜਿੰਦਗੀ ਖੁੱਲੇ ਆਮ ਜਿਉਣ ਦੀ ਆਜ਼ਾਦੀ ਵੀ ਦਿੰਦੇ ਹਨ ! ਆਪਣੇ ਪਿਤਾ ਜੀ ਤਾਂ ਸਿਰਫ ਚੰਗਾ ਜੀਵਨ ਜਿਉਣ ਦੇ ਉਪਦੇਸ਼ ਹੀ ਦਿੰਦੇ ਰਹਿੰਦੇ ਹਨ ਤੇ ਮੈਂ ਆਪਣੇ ਮਨ ਦੀਆਂ ਕਰਨਾ ਚਾਹੁੰਦਾ ਹਾਂ ! ਕਿਤਨਾ ਚੰਗਾ ਹੁੰਦਾ ਜੇਕਰ ਮੈਂ ਉਨ੍ਹਾਂ ਅੰਕਲ ਜੀ ਨੂੰ ਵੀ ਭਾਪਾ ਜੀ ਕਹਿੰਦਾ ਤੇ ਓਹ ਵੀ ਸਾਡੇ ਨਾਲ ਰਹਿੰਦੇ !
ਹਰਜੀਤ ਕੌਰ (ਪੁੱਤਰ ਦਾ ਬਚਪਨਾ ਵੇਖ ਕੇ ਸਮਝਾਉਂਦੀ ਹੋਈ) : ਜਦੋਂ ਕੋਈ ਅੰਕਲ ਨੂੰ ਵੀ ਭਾਪਾ ਜੀ ਕਹਿਣ ਲੱਗੇ ਤੇ ਆਪਣੇ ਪਿਤਾ ਜੀ ਵਾਕਰ ਹੀ ਉਨ੍ਹਾਂ ਨੂੰ ਘਰ ਵਾੜ ਲਵੇ ਤਾਂ ਫਿਰ ਇਸ ਰਿਸ਼ਤੇ ਤੋਂ ਜੋ ਬੱਚੇ ਹੋਣਗੇ ਉਨ੍ਹਾਂ ਬਾਬਤ ਸੋਚਣਾ ਪਵੇਗਾ ਕਿ "ਯੇ ਰਿਸ਼ਤਾ ਕਿਆ ਕਹਲਾਤਾ ਹੈ ?" ਪਰਮਾਤਮਾ ਸਾਡਾ ਪਤੀ ਹੈ ਤੇ ਅਸੀਂ ਸਾਰੇ ਉਸ ਦੀ ਇਸਤਰੀਆਂ ! ਜਦੋਂ ਅਸੀਂ ਖ਼ਸਮ ਛੱਡ ਕੇ ਦੂਜੇ ਪਾਸੇ ਜਾਉਂਦੇ ਹਾਂ ਸਾਡਾ ਕਿਰਦਾਰ ਡਿੱਗ ਜਾਉਂਦਾ ਹੈ ਤੇ ਅਜੇਹੀ ਇਸਤਰੀ ਸੁਹਾਗਨ ਦੀ ਥਾਂ ਦੁਹਾਗਣ ਕਹਾਉਂਦੀ ਹੈ ! ਮੇਰਾ ਪਤੀ ਇੱਕ ਹੈ ਤੇ ਦੂਜੇ ਦੀ ਕੋਈ ਤਾਂਘ ਨਹੀਂ !
ਕੁਲਜੀਤ ਸਿੰਘ (ਪਰੇਸ਼ਾਨ ਹੋ ਕੇ) : ਇਸਦਾ ਮਤਲਬ ਕੀ ਮੈਂ ਅੰਕਲ ਜੀ ਨੂੰ ਛੱਡ ਦੇਵਾਂ ? ਪਰ ਮੇਰਾ ਬਹੁਤ ਪਿਆਰ ਬਣ ਚੁੱਕਾ ਹੈ ਉਨ੍ਹਾਂ ਨਾਲ !
ਹਰਜੀਤ ਕੌਰ : ਹਜ਼ਾਰਾਂ ਅੰਕਲ ਹਨ ਤੇਰੇ ! ਇਨ੍ਹਾਂ ਅੰਕਲ ਜੀ ਨੂੰ ਵੀ ਉਨ੍ਹਾਂ ਵਾਕਰ ਹੀ ਸਮਝ ਭਾਵੇਂ ਤੇਰਾ ਇਨ੍ਹਾਂ ਨਾਲ ਪਿਆਰ ਜਿਆਦਾ ਬਣ ਗਿਆ ਹੈ ਪਰ ਹੈਗੇ ਇਹ ਅੰਕਲ ਜੀ ਹੀ ! ਗਿਆਤ ਰਹੇ ਕੀ "ਪਿਤਾ ਇੱਕੋ ਹੀ ਹੋ ਸਕਦਾ ਹੈ" ! ਸਾਡਾ ਗੁਰੂ ਗਿਆਨ - ਗੁਰੂ ਗਰੰਥ ਸਾਹਿਬ ਜੀ ਇੱਕ ਹਨ ! ਪਰਮੇਸ਼ਵਰ ਵੀ ਇੱਕ ਹੀ ਹੈ ! ਅਸੀਂ ਇੱਕ ਦਾ ਹੀ ਰੂਪ ਹੋਣਾ ਹੈ ! ਦ੍ਵ੍ਵੈਤ ਛੱਡ ਕੇ ਹੀ ਇੱਕ ਨੂੰ ਪਾਈਦਾ ਹੈ !
ਕੁਲਜੀਤ ਸਿੰਘ (ਸਮਝਦੇ ਹੋਏ) : ਕੋਈ ਵੀ ਭਾਪਾ ਜੀ ਵਰਗੀ ਸ਼ਕਲ ਬਣਾ ਕੇ ਤੇ ਉਨ੍ਹਾਂ ਵਰਗੇ ਕਪੜੇ ਪਾ ਕੇ ਕੁਝ ਸਮੇਂ ਲਈ ਧੋਖਾ ਪੈਦਾ ਕਰ ਸਕਦਾ ਹੈ ਤੇ ਮੋਹਿਤ ਕਰ ਸਕਦਾ ਹੈ ! ਪਰ ਅਖੀਰ ਆਪਣਾ ਪਿਓ ਆਪਣਾ ਹੀ ਹੁੰਦਾ ਹੈ ਤੇ ਮੈਨੂੰ ਮੇਰੀ ਮਾਂ ਨੇ ਦਸ ਦਿੱਤਾ ਹੈ ਕਿ ਮੇਰਾ ਪਿਓ ਕੌਣ ਹੈ, ਹੁਣ ਮੈਂ ਗੁਆਂਡੀਆਂ ਦੇ ਕਹਿਣ ਤੇ ਕਿਸੀ ਹੋਰ ਨੂੰ ਆਪਣਾ ਪਿਓ ਨਹੀੰ ਬਣਾਵਾਂਗਾ ਤੇ ਨਾ ਹੀ ਪਿਓ ਤੁੱਲ ਸਮਝਾਂਗਾ! ਦੁਨਿਆਵੀ ਪਿਤਾ ਬਾਰੇ ਮਾਂ ਨੇ ਦੱਸ ਦਿੱਤਾ ਹੈ ਤੇ ਰੂਹਾਨੀ ਪਿਤਾ ਗੁਰੂ ਗਰੰਥ ਸਾਹਿਬ ਜੀ ਬਾਬਤ ਗੁਰੂ ਸਾਹਿਬ ਆਪ ਹੁਕਮ ਦੇ ਗਏ ਸਨ !

Leave a Comment

Reader Comments