ਵਿਆਹ ਪੁਰਬ ! (ਨਿੱਕੀ ਕਹਾਣੀ)
ਪਾਪਾ ਇੱਕ ਗੱਲ ਦੱਸੋ ਕਿ ਵਿਆਹ ਪੁਰਬ ਸਿਰਫ ਪਹਿਲੀ ਪਾਤਸ਼ਾਹੀ ਦਾ ਹੀ ਮਨਾਇਆ ਜਾਂਦਾ ਹੈ ਜਾਂ ਬਾਕੀ ਗੁਰੂ ਸਾਹਿਬਾਨ ਦਾ ਵੀ ਮਨਾਇਆ ਜਾਂਦਾ ਹੈ ? (ਪੁੱਤਰ ਇਸ਼ਮੀਤ ਸਿੰਘ ਨੇ ਪਿਤਾ ਅਮਿਤ ਸਿੰਘ ਨੂੰ ਸਵਾਲ ਪੁਛਿਆ)
ਪੁੱਤਰ ਮੇਰੀ ਜਾਣਕਾਰੀ ਤਾਂ ਸਿਰਫ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਮਨਾਉਣ ਤੀਕ ਹੀ ਹੈ ! ਤੇਰੇ ਮਨ ਵਿਚ ਅਜੇਹਾ ਸਵਾਲ ਕਿਵੇਂ ਆਇਆ ? (ਅਮਿਤ ਸਿੰਘ ਨੇ ਪੁਛਿਆ)
ਸਵਾਲ ਤਾਂ ਹੋਰ ਵੀ ਹਨ ਪਰ ਪਤਾ ਨਹੀਂ ਕਿ ਤੁਸੀਂ ਗੁੱਸਾ ਨਾ ਕਰ ਜਾਓ !
ਕਰ ਲੈ ਸਵਾਲ ਪੁੱਤਰ !
ਜੇਕਰ ਅਜੋਕੇ ਸਮੇਂ ਵਿੱਚ ਜਿਵੇਂ ਇਹ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਤਾਂ ਜਿਵੇਂ ਕਿ ਅਸੀਂ ਵੇਖਦੇ ਹੀ ਹਾਂ ਕਿ ਭਾਂਤ ਭਾਂਤ ਦੇ ਸਵਾਂਗ ਚਿੱਤਰ ਜਿਵੇਂ ਗੁਰੂ ਸਾਹਿਬ ਘੋੜੀ ਤੇ ਬੈਠ ਕੇ ਵਿਆਉਣ ਚਲੇ ਹਨ ਆਦਿ ਪ੍ਰਚਲਤ ਕੀਤੇ ਜਾ ਰਹੇ ਨੇ ! ਕੀ ਓਹ ਸਿਆਣੇ ਅਤਿ ਉਤਸ਼ਾਹ ਵਿੱਚ ਇਹ ਨਾ ਕਰ ਦੇਣ ਕਿ ਗੁਰੂ ਨਾਨਕ ਸਾਹਿਬ ਦੀਆਂ ਲਾਵਾਂ ਵੀ ਹਰ ਸਾਲ ਕਰਵਾਉਣ ਤੀਕ ਨਾ ਚਲੇ ਜਾਣ! ਵੈਸੇ ਜੇਕਰ ਲਾਵਾਂ ਹੁਣ ਕਰਵਾਉਣਗੇ ਤਾਂ ਕਿਹੜੀਆਂ ਵਾਲੀਆਂ ਕਰਵਾਉਣਗੇ ? ਵੇਦੀ ਦੁਆਲੇ 7 ਫੇਰੇ ਜਾਂ ਫਿਰ 4 ਲਾਵਾਂ ਵਾਲਾ ਆਨੰਦ ਕਾਰਜ ਕਰਵਾਉਣਗੇ ?
ਅਮਿਤ ਸਿੰਘ (ਰੋਂਦਾ ਹੋਇਆ) : ਬੱਸ ਕਰ ਪੁੱਤਰ, ਸਾਨੂੰ ਹੋਰ ਨਾ ਜ਼ਲੀਲ ਕਰ ! ਮਨਮਤਿ ਕਿਸ ਹੱਦ ਤੀਕ ਜਾਵੇਗੀ ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ ! ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਾ ਜੋੜ ਕੇ ਅਜਿਹੀਆਂ ਅੰਧ ਵਿਸ਼ਵਾਸੀ ਰੀਤਾਂ ਨਾਲ ਜੋੜਨ ਦਾ ਉੱਦਮ ਐਵੇਂ ਹੀ ਚਲਦਾ ਰਿਹਾ ਤਾਂ ਸਿੱਖਾਂ ਨੂੰ ਕੋਈ ਵੀ ਬਚਾ ਨਹੀਂ ਪਾਵੇਗਾ ! ਤੇਰੀਆਂ ਇਹ ਗੱਲਾਂ ਸੁਣ ਕੇ ਮੈਨੂੰ ਐਵੇਂ ਲਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਗੁਰੂ ਦੀ ਭਾਲ ਵਿੱਚ ਨਿਕਲੇਗਾ ਤੇ ਜਿਵੇਂ ਹੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣਗੇ ਤਾਂ ਉਹ ਜਰੂਰ ਜੋਰ ਜੋਰ ਦੀ ਬੋਲੇਗਾ ਕਿ "ਗੁਰੂ ਲਾਧੋ ਰੇ ! ਗੁਰੂ ਲਾਧੋ ਰੇ ! (ਪਿਓ ਦੀਆਂ ਗਿੱਲੀਆਂ ਅੱਖਾਂ ਵੇਖ ਕੇ ਇਸ਼ਮੀਤ ਦਾ ਵੀ ਦਿਲ ਭਰ ਆਇਆ)
0 Likes
Leave a Comment