A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਦੋਸਤੀ ! (ਨਿੱਕੀ ਕਹਾਣੀ )

“ਤੇਰੇ ਇੱਕ ਪੁਰਾਣੇ ਦੋਸਤ ਦਾ ਮੈਸੇਜ ਮੈਨੂੰ ਆਇਆ ਹੈ। ਤੇਰੇ ਬਾਰੇ ਬੜਾ ਕੁਝ ਗਲਤ ਬੋਲ ਰਿਹਾ। ਭੇਜਾਂ?”

ਦੋਸਤ ਨੇ ਪੁੱਛਿਆ।

“ਨਹੀਂ, ਮੈਨੂੰ ਨਾ ਭੇਜੀਂ।”

“ਪਰ ਤੈਨੂੰ ਪਤਾ ਤਾਂ ਲੱਗੇ ਕਿ ਉਹ ਕੀ ਕਹਿ ਰਿਹਾ!”

“ਜਿਸ ਰਾਹ ਜਾਣਾ ਹੀ ਨਹੀਂ, ਉਸ ਬਾਰੇ ਪੜ੍ਹ ਕੇ ਆਪਣਾ ਮਨ ਕਿਉਂ ਖ਼ਰਾਬ ਕਰਾਂ?”

ਉਹ ਥੋੜ੍ਹਾ ਰੁਕ ਕੇ ਬੋਲਿਆ,

“ਕਦੇ ਉਹ ਮੇਰਾ ਦੋਸਤ ਸੀ। ਉਸ ਵੇਲੇ ਉਸ ਨੇ ਆਪਣੀਆਂ ਨਿੱਜੀ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ, ਮੈਂ ਆਪਣੀਆਂ ਉਸ ਨਾਲ। ਅੱਜ ਦੋਸਤੀ ਨਹੀਂ ਰਹੀ ਤਾਂ ਕੀ ਉਸ ਵੇਲੇ ਦਾ ਭਰੋਸਾ ਵੀ ਖਤਮ ਹੋ ਗਿਆ?

ਦੋਸਤ ਚੁੱਪ ਰਿਹਾ।

“ਦੋਸਤੀ ਸ਼ਾਇਦ ਕਦੇ ਮੁੜ ਜ਼ਿੰਦਾ ਹੋ ਜਾਵੇ... ਪਰ ਭਰੋਸਾ ਇੱਕ ਵਾਰ ਟੁੱਟ ਗਿਆ ਤਾਂ ਫਿਰ ਕੁਝ ਨਹੀਂ ਬਚਦਾ।”

ਫਿਰ ਮੁਸਕਰਾ ਕੇ ਕਿਹਾ,

“ਰੱਬ ਉਸਨੂੰ ਲੰਮੀ ਉਮਰ ਤੇ ਸਦਬੁੱਧੀ ਬਖ਼ਸ਼ੇ। ਉਹ ਮੇਰੇ ਬਾਰੇ ਜੋ ਮਰਜ਼ੀ ਕਹੇ।”

“ਤੂੰ ਗੁੱਸੇ ਨਹੀਂ?”

“ਨਹੀਂ। ਦੁਸ਼ਮਣੀ ਵੀ ਕਰਨੀ ਹੋਵੇ ਤਾਂ ਚੰਗੀ ਨਸਲ ਦੇ ਬੰਦੇ ਵਾਂਗ ਕਰੀਏ। ਜਿਸ ਨੇ ਕਦੇ ਆਪਣਾ ਸਮਝ ਕੇ ਦਿਲ ਦੀ ਗੱਲ ਦੱਸੀ ਹੋਵੇ, ਉਸ ਦੀ ਕਮਜ਼ੋਰੀ ਨੂੰ ਹਥਿਆਰ ਨਹੀਂ ਬਣਾਈਦਾ।”

ਫਿਰ ਉਸ ਨੂੰ ਗੁਰਬਾਣੀ ਦੀ ਪੰਕਤੀ ਯਾਦ ਆਈ—

“ਗੁਣਾਂ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥”

ਉਸਨੇ ਮੋਬਾਈਲ ਪਾਸੇ ਰੱਖ ਦਿੱਤਾ।

ਦੋਸਤੀ ਟੁੱਟ ਅਤੇ ਖੁੱਸ ਗਈ ਸੀ...
ਪਰ ਇਨਸਾਨੀਅਤ ਅਜੇ ਜ਼ਿੰਦਾ ਸੀ !

Leave a Comment

Reader Comments