ਝੁਕਣਾ ਕਿਸ ਅੱਗੇ? (ਨਿੱਕੀ ਕਹਾਣੀ )
“ਬਚਪਨ ਤੋਂ ਗੁਰਮਤ ਦੀਆਂ ਕਲਾਸਾਂ ਵਿੱਚ ਇੱਕ ਗੱਲ ਪੱਕੀ ਸਿੱਖ ਲਈ ਸੀ ਕਿ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀਂ।”
“ਇਸ ਕਰਕੇ ਤੂੰ ਕਿਸੇ ਵੱਡੇ ਦੇ ਪੈਰ ਵੀ ਨਹੀਂ ਛੂੰਹਦਾ?”
“ਨਹੀਂ, ਇਹ ਦੋਵੇਂ ਗੱਲਾਂ ਇੱਕੋ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ ਕਿ ਆਪਣੀ ਮੱਤ ਗੁਰੂ ਅੱਗੇ ਅਰਪਣ ਕਰਕੇ ਗੁਰਮਤ ਦੀ ਮੰਗ ਕਰਨੀ। ਇਹ ਪੂਰਨ ਨਿਮਰਤਾ ਤੇ ਸਮਰਪਣ ਦਾ ਪ੍ਰਗਟਾਵਾ ਹੈ।”
“ਤੇ ਵੱਡਿਆਂ ਦੇ ਪੈਰ ਛੂਹਣੇ?”
“ਉਹ ਆਦਰ ਤੇ ਅਸੀਸ ਲੈਣ ਦਾ ਸੰਕੇਤ ਹੈ। ਅਸੀਂ ਪੈਰ ਛੂੰਹਦੇ ਹਾਂ, ਉਹ ਪਿੱਠ ’ਤੇ ਹੱਥ ਰੱਖ ਕੇ ਅਸੀਸ ਦਿੰਦੇ ਨੇ। ਉਨ੍ਹਾਂ ਕੋਲੋਂ ਉਮਰ ਦਾ ਤਜਰਬਾ, ਗਿਆਨ ਤੇ ਸਿੱਖਿਆ ਲੈਣ ਦੀ ਭਾਵਨਾ ਹੁੰਦੀ ਹੈ।”
“ਫਿਰ ਕਿਸੇ ਸਿਆਸੀ ਨੇਤਾ ਦੇ ਪੈਰ?”
ਉਹ ਮੁਸਕਰਾਇਆ—
“ਅਹੁਦਾ ਵੱਡਾ ਹੋ ਸਕਦਾ ਹੈ, ਬੰਦਾ ਨਹੀਂ।
ਗੁਰੂ ਅੱਗੇ ਮੱਥਾ ਟੇਕਣਾ ਹੈ, ਵੱਡਿਆਂ ਕੋਲੋਂ ਅਸੀਸ ਲੈਣੀ ਹੈ, ਪਰ ਦੁਨਿਆਵੀ ਤਾਕਤ ਅੱਗੇ ਆਪਣੀ ਰੀੜ੍ਹ ਨਹੀਂ ਝੁਕਾਉਣੀ।”
“ਇਹ ਗੱਲ ਤੇਰੇ ਮਾਪਿਆਂ ਨੇ ਸਿਖਾਈ?”
“ਹਾਂ। ਉਨ੍ਹਾਂ ਨੇ ਕਦੇ ਕਿਸੇ ਦੇ ਪੈਰ ਛੂਹਣ ਲਈ ਮਜਬੂਰ ਨਹੀਂ ਕੀਤਾ। ਸ਼ਾਇਦ ਉਹ ਜਾਣਦੇ ਸਨ ਕਿ ਬੱਚੇ ਨੂੰ ਆਦਰ ਨਾਲ ਝੁਕਣਾ ਸਿਖਾਓ, ਗੁਲਾਮੀ ਨਾਲ ਨਹੀਂ।”
Leave a Comment