A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਵੇਖੀ-ਸੁਣੀ ਤੋਂ ਅੱਗੇ ! (ਨਿੱਕੀ ਕਹਾਣੀ )

“ਤੂੰ ਵੀ ਕਿਸੇ ਦੇ ਭਗਤਾਂ ਵਿੱਚੋਂ ਐਂ?”

ਇੱਕ ਨੇ ਟਕੋਰ ਕੀਤੀ।

ਬਜ਼ੁਰਗ ਮੁਸਕਰਾ ਪਿਆ।

“ਨਾ ਭਾਈ! ਨਾ ਮੈਂ ਕਿਸੇ ਦਾ ਭਗਤ ਹਾਂ, ਨਾ ਕਿਸੇ ਦੀ ਵਿਰੋਧੀ ਟੋਲੀ ਵਿੱਚ। ਮੈਂ ਤਾਂ ਸਿੱਧਾ ਬੰਦਾ ਹਾਂ ! ਜੋ ਅੱਖੀਂ ਵੇਖਦਾ ਹਾਂ, ਉਹੀ ਲਿਖਦਾ ਹਾਂ।”

“ਪਰ ਤੂੰ ਤਾਂ ਬਦਲਾਅ ਦੀ ਗੱਲ ਕਰਦਾ ਏਂ?”

“ਹਾਂ, ਕਿਉਂਕਿ ਬਦਲਾਅ ਆਪਣੀ ਅੱਖੀਂ ਵੇਖਿਆ ਏ।”

ਉਹ ਥੋੜ੍ਹਾ ਰੁਕ ਕੇ ਬੋਲਿਆ : “ਕੱਲ੍ਹ ਤੱਕ ਜਿਨ੍ਹਾਂ ਨੂੰ ਲੋਕ ਸਿਰ ’ਤੇ ਬਿਠਾਉਂਦੇ ਸਨ, ਉਨ੍ਹਾਂ ਦੇ ਨਾਮ ਦੇ ਨਾਅਰੇ ਲਾਉਂਦੇ ਸਨ, ਉਨ੍ਹਾਂ ਨੂੰ ਆਪਣਾ ਰਾਖਾ ਦੱਸਦੇ ਸਨ… ਅੱਜ ਉਹੀ ਲੋਕ ਉਨ੍ਹਾਂ ਨੂੰ ਕੋਸਦੇ ਫਿਰਦੇ ਨੇ। ਤੇ ਜਿਨ੍ਹਾਂ ਨੂੰ ਕੱਲ੍ਹ ਤੱਕ ਕੋਸਦੇ ਸਨ, ਅੱਜ ਉਨ੍ਹਾਂ ਵਿੱਚੋਂ ਹੀ ਕੁਝ ਦੀਆਂ ਸਿਫ਼ਤਾਂ ਹੋ ਰਹੀਆਂ ਨੇ।”

“ਇਹ ਕਿਵੇਂ?”

ਬਜ਼ੁਰਗ ਹੱਸਿਆ।

“ਸਿਆਸਤ ਵਿੱਚ ਮਜ਼ਬੂਰੀਆਂ ਵੀ ਹੁੰਦੀਆਂ ਨੇ ਤੇ ਮਜ਼ਬੂਤੀਆਂ ਵੀ। ਕਈ ਵਾਰ ਇਹੋ ਦੋਵੇਂ ਮਿਲ ਕੇ ਸਿਆਸਤ ਦੀ ਦਿਸ਼ਾ ਤੈਅ ਕਰ ਦਿੰਦੇ ਨੇ।”

ਨੌਜਵਾਨ ਨੇ ਪੁੱਛਿਆ,
“ਫਿਰ ਪੰਜਾਬੀਆਂ ਦਾ ਪੱਖ ਕਿਹੜਾ ਏ?”

“ਪੱਖ?”

ਬਜ਼ੁਰਗ ਨੇ ਡੂੰਘਾ ਸਾਹ ਲਿਆ।

“ਪਿਛਲੇ ਕੁਝ ਦਹਾਕਿਆਂ ਤੋਂ ਤਾਂ ਇਹੀ ਵੇਖਿਆ ਏ ਕਿ ਪੰਜਾਬੀ ਕਿਸੇ ਨੂੰ ਲੋੜ ਵੇਲੇ ਸਿਰ ਦਾ ਤਾਜ ਬਣਾ ਲੈਂਦੇ ਨੇ ਤੇ ਕੰਮ ਨਿਕਲ ਜਾਵੇ ਤਾਂ ਉਹੀ ਤਾਜ ਭੁਆਂ ਕੇ ਥੱਲੇ ਮਾਰ ਦਿੰਦੇ ਨੇ। ਝੱਟ ਸਿਰ ’ਤੇ ਚੁੱਕ ਲੈਂਦੇ ਨੇ… ਤੇ ਝੱਟ ਹੀ ਰੂੜੀ ’ਤੇ ਸੁੱਟ ਆਉਂਦੇ ਨੇ।”

ਨੌਜਵਾਨ ਕੁਝ ਪਲ ਚੁੱਪ ਰਿਹਾ।

ਫਿਰ ਪੁੱਛਿਆ,
“ਤਾਂ ਤੂੰ ਕਿਸ ’ਤੇ ਯਕੀਨ ਕਰਦਾ ਏਂ?”

ਬਜ਼ੁਰਗ ਹੌਲੀ ਜਿਹੀ ਮੁਸਕਰਾਹਟ ਨਾਲ ਬੋਲਿਆ : “ਹੁਣ ਤਾਂ ਅੱਖੀਂ ਵੇਖੀ ਤੇ ਕੰਨੀਂ ਸੁਣੀ ਗੱਲ ’ਤੇ ਵੀ ਅੱਖਾਂ ਮੀਚ ਕੇ ਯਕੀਨ ਕਰਨ ਨੂੰ ਚਿੱਤ ਨਹੀਂ ਕਰਦਾ।
ਵੇਖਣਾ ਤੇ ਸੁਣਨਾ ਪਹਿਲੀ ਪੌੜੀ ਹੈ… ਪਰ ਮੰਨਣ ਤੋਂ ਪਹਿਲਾਂ ਵਿਚਾਰ ਕਰਨਾ ਜ਼ਰੂਰੀ ਹੈ।”

Leave a Comment

Reader Comments