ਭੋਗੀ ਕੌਣ? (ਨਿੱਕੀ ਕਹਾਣੀ )
“ਹਰ ਔਰਤ ਵੇਸ਼ਵਾ ਨਹੀਂ ਹੁੰਦੀ, ਪਰ ਹਰ ਵੇਸ਼ਵਾ ਔਰਤ ਹੁੰਦੀ ਹੈ।”
ਇੱਕ ਬਜ਼ੁਰਗ ਨੇ ਪੁਰਾਣੀ ਕਹਾਵਤ ਦੁਹਰਾਈ।
ਨਾਲ ਬੈਠੇ ਨੌਜਵਾਨ ਨੇ ਕਿਹਾ,
“ਬਾਬਾ ਜੀ, ਇਹ ਗੱਲ ਆਪਣੇ ਸਮੇਂ ਵਿੱਚ ਸ਼ਾਇਦ ਠੀਕ ਲੱਗਦੀ ਹੋਵੇ। ਅੱਜ ਤਾਂ ਕਹਾਣੀ ਕੁਝ ਹੋਰ ਹੈ।”
“ਕਿਵੇਂ?”
“ਅੱਜ ਸਿਰਫ਼ ਔਰਤ ਹੀ ਵਿਕਦੀ ਨਹੀਂ, ਪੁਰਸ਼ ਵੀ ਵਿਕਦਾ ਹੈ। ਕਈ ਵਾਰ ਪੈਸੇ ਲਈ, ਕਈ ਵਾਰ ਸ਼ੌਕ ਲਈ, ਕਈ ਵਾਰ ਆਪਣੀ ਦੇਹ ਜਾਂ ਸਾਥ ਦਾ ਸੌਦਾ ਕਰਦਾ ਹੈ। ਤੇ ਕਈ ਵਾਰ ਤਾਂ ਮਰਦ ਭੋਗੀ ਨਹੀਂ, ਭੁਗਤਭੋਗੀ ਹੁੰਦਾ ਹੈ।”
ਬਜ਼ੁਰਗ ਚੁੱਪ ਹੋ ਗਿਆ।
ਨੌਜਵਾਨ ਨੇ ਗੁਰਬਾਣੀ ਦੀ ਪੰਕਤੀ ਯਾਦ ਕਰਵਾਈ :
“ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥”
ਫਿਰ ਬੋਲਿਆ,
“ਗੁਰੂ ਸਾਹਿਬ ਨੇ ਗਿਰਾਵਟ ਨੂੰ ਕਿਸੇ ਇੱਕ ਲਿੰਗ ਦੀ ਸਮੱਸਿਆ ਨਹੀਂ ਬਣਾਇਆ। ਜਦੋਂ ਸੰਜਮ ਟੁੱਟਦਾ ਹੈ, ਹਯਾ ਜਾਂਦੀ ਹੈ ਤੇ ਮਨੁੱਖ ਦੂਜੇ ਮਨੁੱਖ ਨੂੰ ਸਿਰਫ਼ ਭੋਗ ਦੀ ਵਸਤੂ ਸਮਝਣ ਲੱਗ ਪੈਂਦਾ ਹੈ, ਉਦੋਂ ਸਮਾਜ ਡਿਗਦਾ ਹੈ।”
ਬਜ਼ੁਰਗ ਨੇ ਸਿਰ ਹਿਲਾਇਆ।
“ਫਿਰ ਅਸਲ ਵੇਸ਼ਵਾ ਕੌਣ?”
ਨੌਜਵਾਨ ਮੁਸਕਰਾਇਆ : “ਜੋ ਆਪਣੀ ਦੇਹ ਵੇਚਦਾ ਹੈ, ਉਹੀ ਨਹੀਂ। ਬਲਕਿ ਜੋ ਕਿਸੇ ਦੀ ਮਜਬੂਰੀ, ਦੇਹ, ਇੱਜ਼ਤ ਜਾਂ ਭਾਵਨਾ ਨੂੰ ਆਪਣੇ ਸੁਆਰਥ ਲਈ ਖਰੀਦਦਾ ਹੈ, ਉਸ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।”
ਕੁਝ ਪਲ ਚੁੱਪ ਰਹੀ।
ਫਿਰ ਬਜ਼ੁਰਗ ਨੇ ਕਿਹਾ : “ਗੱਲ ਔਰਤ ਜਾਂ ਮਰਦ ਦੀ ਨਹੀਂ…
ਗੱਲ ਮਨੁੱਖ ਦੇ ਅੰਦਰੋਂ ਮੁੱਕ ਰਹੇ ਸੰਜਮ ਦੀ ਹੈ।”
Leave a Comment