ਅੰਦਰਲਾ-ਬਾਹਰਲਾ ! (ਨਿੱਕੀ ਕਹਾਣੀ)

Share this story: WhatsApp X

ਪਾਪਾ, ਇਹ ਗੁਰੂਦੁਆਰਿਆਂ ਵਿਚ ਇਤਨਾ ਸੋਨਾ ਕਿਓਂ ਲੱਗਾ ਹੁੰਦਾ ਹੈ ? ਕਿੱਥੇ ਸੋਨੇ ਦੀ ਪਾਲਕੀ, ਸੋਨੇ ਦੇ ਗੁੰਬਦ, ਸੋਨੇ ਦੀਆਂ ਦੀਵਾਰਾਂ ਆਦਿ ਆਦਿ ! (ਗੁਰਲੀਨ ਕੌਰ ਆਪਣੇ ਪਿਤਾ ਜਗਤਾਰ ਸਿੰਘ ਪਾਸੋ ਪੁੱਛ ਰਹੀ ਸੀ)

ਜਗਤਾਰ ਸਿੰਘ : ਤੈਨੂੰ ਇਹ ਸਵਾਲ ਕਿਵੇਂ ਸੁਝਿਆ ਧੀਏ ?

ਗੁਰਲੀਨ ਕੌਰ : ਪਾਪਾ ਜੀ, ਸਵਾਲ ਤੇ ਅਜੇ ਹੋਰ ਵੀ ਹੈ ਅੱਗੇ !

ਜਗਤਾਰ ਸਿੰਘ : ਓਹ ਵੀ ਪੁੱਛ ਲੈ ਪਹਿਲਾਂ, ਕੱਠੇ ਹੀ ਜਵਾਬ ਦੇਣ ਕੀ ਕੋਸ਼ਿਸ਼ ਕਰਾਂਗਾ !

ਗੁਰਲੀਨ ਕੌਰ : ਇਤਨਾ ਸੋਨਾ ਤੇ ਸੰਗਮਰਮਰ ਲਗਾ ਕੇ ਗੁਰੁਦੁਆਰੇ ਤੇ ਸੋਹਣੇ ਬਣਾ ਲਿੱਤੇ ਪਰ ਸਿੱਖ ਕੋਝੇ ਕਿਓਂ ਦਿੱਸਣ ਲੱਗੇ ਨੇ ਅੱਜ-ਕਲ ? ਜਿਥੇ ਵੇਖੋ ਕੋਈ ਨਾ ਕੋਈ ਕੇਸ਼ਾਂ ਦੀ ਬੇਅਦਬੀ ਕਿੱਤਾ ਹੋਇਆ ਮਿਲ ਜਾਉਂਦਾ ਹੈ ! ਕੋਈ ਨਸ਼ੇੜੀ, ਕੋਈ ਸ਼ਰਾਬੀ ! ਗਾਲਾਂ ਕਢਨਿਆਂ ਤੇ ਸ਼ਾਇਦ ਅੱਜ ਸਾਡਾ ਰਾਸ਼ਟਰੀ ਖੇਡ ਹੋ ਚੁੱਕਾ ਹੈ ! ਇਹ ਕੀ ਹੁੰਦਾ ਜਾ ਰਿਹਾ ਹੈ ਪੰਥ ਵਿਚ ? (ਭੋਲੇਪਨ ਨਾਲ ਪਿਤਾ ਵੱਲ ਵੇਖਦੀ ਹੈ )

ਜਗਤਾਰ ਸਿੰਘ (ਹੈਰਾਨੀ ਨਾਲ) : ਤੂੰ ਇਤਨੀ ਵੱਡੀ ਹੋ ਗਈ ਹੈਂ ? ਮੈਂ ਤੇ ਸੋਚਦਾ ਸੀ ਕੀ ਅੱਜ ਕੱਲ ਦੇ ਬੱਚੇ ਸਿਰਫ ਇੰਟਰਨੇਟ ਉੱਤੇ ਚੈਟ ਕਰਨ ਜੋਗੇ ਹੀ ਰਿਹ ਗਏ ਨੇ ! ਪਰ ਤੇਰੇ ਪ੍ਰਸ਼ਨ ਨੇ ਮੇਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ !

ਗੁਰਲੀਨ ਕੌਰ (ਹਸਦੀ ਹੈ) : ਜਵਾਬ ਦੇਓ ਨਾ !

ਜਗਤਾਰ ਸਿੰਘ : ਧੀਏ, ਅਸਲ ਵਿਚ ਗੁਰੂ ਸਾਹਿਬ ਦੇ ਸਿਧਾਂਤ ਦੇ ਹਿਸਾਬ ਨਾਲ ਸਿੱਖ ਦਾ ਅੰਦਰਲਾ (ਆਤਮਿਕ ਅਵਸਥਾ) ਸੋਨੇ ਵਰਗੀ ਖਰੀ ਅੱਤੇ ਅਣਮੋਲ ਹੋਣੀ ਚਾਹੀਦੀ ਹੈ ਤੇ ਹੁੰਦੀ ਵੀ ਸੀ. ਸਾਡੇ ਅੰਦਰ ਜੋ ਗੁਰੂਦੁਆਰਾ ਹੈ (ਸਾਡਾ ਸ਼ਰੀਰ, ਜਿਥੇ ਪਰਮੇਸ਼ਵਰ ਆਪ ਬਹਿੰਦਾ ਹੈ) ਓਹ ਢਿਹ ਗਿਆ ਹੈ ! ਸਾਡਾ ਅੰਦਰਲਾ ਸੋਨਾ (ਚੰਗੇ ਗੁਣ) ਸਾਡੀਆਂ ਮਨਮਤਾਂ ਕਰਕੇ ਲੁਟਿਆ ਗਿਆ ਹੈ ਤੇ ਅਸੀਂ ਉਸ ਅੰਦਰਲੇ ਸੋਨੇ ਦੀ ਯਾਦ ਵਿਚ ਬਾਹਰ ਗੁਰੁਦੁਆਰੇ ਸੋਨੇ ਦੇ ਬਣਾ ਲਿੱਤੇ ਹਨ ਤੇ ਲੋਕਾਂ ਨੂੰ ਗੁਰੂ ਘਰ ਦਾ ਬਾਹਰਲਾ ਸੋਹਣਾ ਰੂਪ ਵਿਖਾ-ਵਿਖਾ ਕੇ ਆਪਣੇ ਅਵਗੁਣ ਛੁਪਾਉਣ ਦੀ ਕੋਸ਼ਿਸ਼ ਵਿਚ ਲੱਗੇ ਹਾਂ !

ਗੁਰਲੀਨ ਕੌਰ : ਤੁਹਾਡਾ ਕਹਿਣ ਦਾ ਮਤਲਬ ਹੈ ਕੀ ਗੁਰੂਦੁਆਰਾ ਸਾਹਿਬ ਭਾਵੇਂ ਸਾਦਾ ਹੀ ਬਣਿਆ ਹੋਵੇ ਪਰ ਸਿੱਖ ਗੁਰਮਤ ਦੇ ਧਾਰਣੀ ਹੋਣੇ ਜਿਆਦਾ ਜਰੂਰੀ ਹਨ ?

ਜਗਤਾਰ ਸਿੰਘ : ਹਾਂਜੀ ਬੇਟਾ, ਅਸਲ ਵਿਚ ਸਾਡੇ ਫੋਕੇ ਵਿਖਾਵੇ ਨੇ ਸਾਨੂੰ ਬਹੁਤ ਮਾਰ ਮਾਰੀ ਹੈ ! ਜਦੋਂ ਵੀ ਕੋਈ ਲੁਟਿਆ ਗਿਆ ਹੈ ਤੇ ਇਸ ਕਰਕੇ ਕੀ ਉਸ ਪਾਸ ਕੋਈ ਕੀਮਤੀ ਵਸਤੁ ਹੁੰਦੀ ਹੈ ! ਉਨ੍ਹਾਂ ਠੱਗਾਂ ਨੂੰ ਪਤਾ ਸੀ ਕੀ ਸਿੱਖਾਂ ਪਾਸ ਗੁਰਮਤ ਦਾ ਕੀਮਤੀ ਸੋਨਾ ਹੈ ਤੇ ਉਨ੍ਹਾਂ ਨੇ ਚੁਹੇਆਂ ਵਾਂਗ ਅੰਦਰ ਵੜ੍ਹ ਕੇ ਇਹ ਸੋਨਾ ਲੁੱਟਣਾ ਸ਼ੁਰੂ ਕਰ ਦਿੱਤਾ ! ਉਨ੍ਹਾਂ ਨੇ ਭੇਖ ਵੀ ਸਿੱਖਾਂ ਵਾਲਾ ਅਪਣਾਇਆ ਕਿਓਂਕਿ ਠੱਗੀ ਤੱਦ ਹੀ ਵੱਜ ਸਕਦੀ ਹੈ ਜਦੋਂ ਠੱਗ ਤੁਹਾਡੇ ਨਾਲ ਗੂੜੀ ਦੋਸਤੀ ਵਿਖਾ ਕੇ ਫਿਰ ਠੱਗੀ ਮਾਰੇ !

ਗੁਰਲੀਨ ਕੌਰ : ਮੈਂ ਸਮਝ ਗਈ, ਸ਼ੋ-ਰੂਮ (ਬਾਹਰਲਾ ਦਿਖਾਵਾ, ਗੁਰੂਦੁਆਰਾ ਸਾਹਿਬ) ਸੋਹਣੇ ਕਰਨ ਦੇ ਚੱਕਰ ਵਿਚ ਅਸੀਂ ਆਪਣੇ ਗੋਦਾਮ (ਗੁਰਮਤ) ਖਾਲੀ ਕਰ ਲਿੱਤੇ ਨੇ ! ਅੱਜ ਜਰੂਰਤ ਹੈ ਦੁਬਾਰਾਂ ਤੋਂ ਗੋਦਾਮ ਭਰਣ ਦੀ ਤਾਂਕਿ ਜੋ ਵੀ ਗੁਰੂ ਘਰ ਵਿੱਚ ਸ਼ਬਦ ਦਾ ਪ੍ਰੇਮੀ ਗਾਹਕ ਆਵੇ ਉਸਨੂੰ ਗੁਰਮਤ ਅਤੇ ਸ਼ਬਦ ਦੀ ਕੀਮਤੀ ਵਸਤੁ ਹਰ ਵੇਲੇ ਹਰ ਸਿੱਖ ਪਾਸੋਂ ਮਿਲ ਸੱਕੇ ! ਬਾਣੀ (ਗੋਦਾਮ) ਅੱਤੇ ਬਾਣਾ [ਸਾਬਤ ਸੂਰਤ ਦਸਤਾਰ ਸਿਰਾ] (ਸ਼ੋ-ਰੂਮ) ਦੋਨਾ ਵਿੱਚ ਹੀ ਮਾਲ ਹੋਣਾ ਸਹੀ ਰਾਹ ਹੈ ! ਗੁਰੁਦੁਆਰੇ ਵੀ ਸੋਹਣੇ ਕਰੋ ਪਰ ਉਸ ਤੋਂ ਪਹਿਲਾਂ ਆਪਣੇ ਅੰਦਰਲਾ ਵੀ ਸੋਹਣਾ ਕਰੋ !

ਜਗਤਾਰ ਸਿੰਘ ਪਿਆਰ ਨਾਲ ਗੁਰਲੀਨ ਦੇ ਸਿਰ ਤੇ ਹੱਥ ਫੇਰਦਾ ਹੈ ਤੇ ਅੱਖਾਂ ਬੰਦ ਕਰ ਕੇ ਉਸ ਸੁਨਿਹਰੇ ਦਿਨ ਬਾਰੇ ਸੋਚਣ ਲਗਦਾ ਹੈ !

Leave a Comment

Reader Comments