ਹਿਰਦੇ ਨੂੰ ਠੰਡ ! (ਨਿੱਕੀ ਕਹਾਣੀ)

Share this story: WhatsApp X

ਸਤਿਗੁਰ ਜੀ ਦਾ ਨਾਮ ਲੈਣ ਮਾਤਰ ਨਾਲ ਹਿਰਦੇ ਵਿੱਚ ਠੰਡ ਪੈ ਜਾਂਦੀ ਹੈ ! ਜਿਵੇਂ ਏ.ਸੀ. ਕਮਰੇ ਦੇ ਅੰਦਰ ਦੀ ਗਰਮੀ ਨੂੰ ਬਾਹਰ ਕੱਢ ਕੇ ਸਾਨੂੰ ਸੀਤਲਤਾ ਪ੍ਰਦਾਨ ਕਰਦਾ ਹੈ! (ਪ੍ਰਚਾਰਕ ਸਟੇਜ ਤੋਂ ਗੁਰਬਾਣੀ ਦਾ ਮਹਾਤਮ ਦੱਸ ਰਹੇ ਸਨ)

ਤੁਹਾਡਾ ਆਖਣ ਦਾ ਭਾਵ ਇਹ ਹੈ ਕਿ ਸਤਿਗੁਰ ਜੀ ਆਪਣੇ ਸ਼ਬਦ ਦੀ ਠੰਡਕ ਨਾਲ ਸਾਡੀ ਗਰਮੀ (ਮਾਨਸਿਕ ਕਲੇਹ ਕਲੇਸ਼, ਕਰੋਧ, ਵਿਕਾਰਾਂ) ਨੂੰ ਆਪਣੇ ਵਿੱਚ ਜਜ਼ਬ ਕਰ ਕੇ ਸਾਨੂੰ ਸੀਤਲਤਾ ਭਾਵ ਸਾਡੇ ਹਿਰਦੇ ਨੂੰ ਠੰਡਾ ਕਰਦੇ ਹਨ ?

ਹਾਂ ਜੀ! ਇਸੀ ਕਰਕੇ ਅਸੀਂ ਗੁਰੂ ਸਾਹਿਬ ਦੇ ਸੁਖਆਸਨ ਵਾਲੇ ਕਮਰੇ ਵਿੱਚ 2 ਏ.ਸੀ. ਲਗਵਾਏ ਹਨ ਤਾਂ ਕਿ ਸੰਗਤਾਂ ਨੂੰ ਸਤਿਗੁਰ ਜੀ ਠੰਡਕ ਵੰਡ ਰਹੇ ਹਨ, ਉਨ੍ਹਾਂ ਨੂੰ ਗਰਮੀ ਨਾ ਲੱਗੇ! (ਪ੍ਰਚਾਰਕ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਪ੍ਰਧਾਨ ਜੀ ਨੇ ਆਪਣੀ ਬੁੱਧੀ ਦਾ ਪ੍ਰਗਟਾਵਾ ਕਰਦਿਆਂ ਕਿਹਾ)

ਪ੍ਰਚਾਰਕ ਨੇ ਪ੍ਰਧਾਨ ਦੀ ਇਹ ਬੇਤੁਕੀ ਜਿਹੀ ਗੱਲ ਸੁਣ ਕੇ ਆਪਣੇ ਮੱਥੇ ਤੇ ਹੱਥ ਮਾਰ ਕੇ ਹੱਥ ਜੋੜਦਿਆਂ ਆਖਿਆ, ਸੰਗਤ ਬਖਸ਼ਣਹਾਰ ਹੈ ! ਸ਼ਬਦ ਗੁਰੂ ਨੂੰ ਸੰਸਾਰਿਕ ਠੰਡ ਗਰਮੀ ਨਾਲ ਕੋਈ ਫ਼ਰਕ ਨਹੀਂ ਪੈਂਦਾ, ਹਾਂ ਜੇਕਰ ਉਨ੍ਹਾਂ ਨੂੰ ਜਾਗਤ ਜੋਤ ਤੇ ਪ੍ਰਗਟ ਗੁਰੂ ਸਮਝਣਾ ਹੀ ਹੈ ਤਾਂ ਸ਼ਰਧਾ ਅਤੇ ਸਤਿਕਾਰ ਨੂੰ ਦੁਨਿਆਵੀ ਵਿਖਾਵੇ ਮਾਤਰ ਗੁਰੂਦੁਆਰਿਆਂ ਉੱਤੇ ਬਿਜਲੀ ਦੇ ਬਿੱਲਾਂ ਦਾ ਬੋਝ ਵਧਾਉਣ ਦੀ ਥਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ। ਸ਼ਬਦ ਗੁਰੂ ਨੂੰ ਤੁਹਾਡੇ ਏ.ਸੀ. ਦੀ ਕੋਈ ਲੋੜ ਨਹੀਂ ! ਹੁਣ ਮੈਂ ਆਪਣੀ ਕਥਾ ਐਥੇ ਹੀ ਸੰਕੋਚਦਾ ਹੋਇਆ ਵਿਦਾ ਲੈਂਦਾ ਹਾਂ ! ਅਗਲੀ ਵਾਰ ਪ੍ਰਬੰਧਕ ਮੈਨੂੰ ਕਥਾ ਲਈ ਬੁਲਾਉਣ ਭਾਵੇਂ ਨਾ ਬੁਲਾਉਣ, ਮੈਂ ਸੰਗਤ ਦੀ ਹਜ਼ੂਰੀ ਵਿੱਚ ਤੁਹਾਨੂੰ ਖੁਸ਼ ਕਰਨ ਲਈ ਝੂਠ ਨਹੀਂ ਬੋਲ ਸਕਦਾ!

Leave a Comment

Reader Comments