ਲੱਕੜ ਤੇ ਸਿਉਂਕ! (ਨਿੱਕੀ ਕਹਾਣੀ)
ਇੱਕ ਨੌਜਵਾਨ ਨੇ ਬਜ਼ੁਰਗ ਸਿੰਘ ਨੂੰ ਪੁੱਛਿਆ :
“ਬਾਬਾ ਜੀ, ਕੀ ਚੰਗੀ ਲੱਕੜ ਨੂੰ ਵੀ ਸਿਉਂਕ ਲੱਗਦੀ ਹੈ?”
ਬਜ਼ੁਰਗ ਮੁਸਕਰਾ ਕੇ ਬੋਲੇ :
“ਪੁੱਤ, ਜੇ ਲੱਕੜ ਦੀ ਅੰਦਰੋਂ ਮਜ਼ਬੂਤੀ ਕਾਇਮ ਹੋਵੇ ਤਾਂ ਉਹ ਸਿਉਂਕ ਦਾ ਟਾਕਰਾ ਕਰ ਸਕਦੀ ਹੈ। ਪਰ ਜੇ ਅੰਦਰੋਂ ਖੋਖਲੀ ਹੋ ਜਾਵੇ ਤਾਂ ਸਿਉਂਕ ਨੂੰ ਕੌਣ ਰੋਕੇ?”
ਨੌਜਵਾਨ ਨੇ ਪੁੱਛਿਆ, “ਫਿਰ ਮਨੁੱਖ ਦੇ ਅੰਦਰ ਵੀ ਸਿਉਂਕ ਲੱਗ ਸਕਦੀ ਹੈ?”
ਬਜ਼ੁਰਗ ਹੱਸ ਕੇ ਬੋਲੇ :
“ਕਿਉਂ ਨਹੀਂ ਪੁੱਤ ! ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੀ ਸਿਉਂਕ ਜਦੋਂ ਮਨ ’ਤੇ ਹਾਵੀ ਹੋ ਜਾਵੇ ਤਾਂ ਮਨੁੱਖ ਅੰਦਰੋਂ ਖੋਖਲਾ ਹੋਣ ਲੱਗ ਪੈਂਦਾ ਹੈ।
ਇਸੇ ਲਈ ਸਿੱਖੀ ਵਿੱਚ ਸੱਚ, ਸੰਤੋਖ, ਦਇਆ, ਧਰਮ ਅਤੇ ਨਿਮਰਤਾ ਵਰਗੇ ਗੁਣਾਂ ਨੂੰ ਜੀਵਨ ਵਿੱਚ ਵਸਾਉਣ ਦੀ ਪ੍ਰੇਰਨਾ ਮਿਲਦੀ ਹੈ।”
ਨੌਜਵਾਨ ਨੇ ਪੁੱਛਿਆ, “ਤਾਂ ਕੀ ਇਨ੍ਹਾਂ ਗੁਣਾਂ ਨਾਲ ਮਨੁੱਖ ਦੀ ਲੱਕੜ ਮਜ਼ਬੂਤ ਰਹਿ ਸਕਦੀ ਹੈ?”
ਬਜ਼ੁਰਗ ਬੋਲੇ : “ਬਿਲਕੁਲ ਪੁੱਤ! ਗੁਰਬਾਣੀ ਫ਼ਰਮਾਉਂਦੀ ਹੈ :
‘ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ।’
ਉੱਤਮ ਜੀਵਨ ਜਿਊਣ ਵਾਲੇ ਵਿਰਲੇ ਹੀ ਹੁੰਦੇ ਹਨ। ਸਿਰਫ਼ ਬਾਹਰੋਂ ਧਾਰਮਿਕ ਦਿਸਣ ਨਾਲ ਕੋਈ ਉੱਤਮ ਨਹੀਂ ਬਣ ਜਾਂਦਾ; ਅੰਦਰਲੇ ਅਵਗੁਣਾਂ ਨੂੰ ਪਛਾਣ ਕੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਪੈਂਦਾ ਹੈ।”
ਨੌਜਵਾਨ ਹੱਸ ਕੇ ਬੋਲਿਆ : “ਫਿਰ ਤਾਂ ਬਾਬਾ ਜੀ, ਆਪਣੀ ਲੱਕੜ ਦੀ ਜਾਂਚ ਵੀ ਕਰਦੇ ਰਹਿਣਾ ਚਾਹੀਦਾ ਹੈ!”
ਬਜ਼ੁਰਗ ਮੁਸਕਰਾ ਕੇ ਬੋਲੇ : “ਹਾਂ ਪੁੱਤ! ਕਿਤੇ ਅਸੀਂ ਬਾਹਰੋਂ ਧਾਰਮਿਕ ਲੱਕੜ ਬਣੇ ਫਿਰਦੇ ਹੋਈਏ ਤੇ ਅੰਦਰੋਂ ਸਿਉਂਕ ਸਾਨੂੰ ਖੋਖਲਾ ਕਰ ਰਹੀ ਹੋਵੇ!”
Leave a Comment