ਚੈਕਮੇਟ ਤੋਂ ਪਹਿਲਾਂ ਲਾਈਵ ! (ਨਿੱਕੀ ਕਹਾਣੀ)

Share this story: WhatsApp X

ਪੰਥਕ ਦਫ਼ਤਰ ਵਿੱਚ ਗੁਪਤ ਮੀਟਿੰਗ ਚੱਲ ਰਹੀ ਸੀ।

ਕਰਤਾਰ ਸਿੰਘ : ਪਹਿਲਾਂ ਸੰਗਤ ਦੀ ਰਾਇ ਲੈ ਕੇ ਸਾਰੀਆਂ ਧਿਰਾਂ ਨੂੰ ਇਕੱਠਾ ਕਰਾਂਗੇ। ਪੂਰੀ ਤਿਆਰੀ ਹੋਣ ਤੋਂ ਪਹਿਲਾਂ ਯੋਜਨਾ ਬਾਹਰ ਨਹੀਂ ਜਾਣੀ ਚਾਹੀਦੀ।

ਮੀਟਿੰਗ ਖ਼ਤਮ ਹੁੰਦਿਆਂ ਹੀ ਨੌਜਵਾਨ ਆਗੂ ਬਲਤੇਜ ਸਿੰਘ ਫ਼ੋਨ ਕੱਢ ਕੇ ਲਾਈਵ ਹੋ ਗਿਆ। ਸੰਗਤ ਜੀ! ਅੱਜ ਦੀ ਗੁਪਤ ਮੀਟਿੰਗ ਦੀ ਅੰਦਰਲੀ ਖ਼ਬਰ ਸਿਰਫ਼ ਤੁਹਾਡੇ ਲਈ! ਅਗਲੇ ਮਹੀਨੇ ਵੱਡਾ ਪੰਥਕ ਮੋਰਚਾ ਸ਼ੁਰੂ ਹੋਵੇਗਾ। ਪੂਰੀ ਰਣਨੀਤੀ ਜਾਣਨ ਲਈ ਵੀਡੀਓ ਸ਼ੇਅਰ ਕਰੋ ਤੇ ਮੇਰੇ ਨਾਲ ਜੁੜੇ ਰਹੋ!

ਇੱਕ ਘੰਟੇ ਵਿੱਚ ਯੋਜਨਾ ਵਿਰੋਧੀ ਸਿਆਸੀ ਧਿਰਾਂ ਕੋਲ ਪਹੁੰਚ ਗਈ। ਉਨ੍ਹਾਂ ਨੇ ਕਿਸੇ ਆਗੂ ਨੂੰ ਅਹੁਦੇ ਦਾ ਲਾਲਚ ਦਿੱਤਾ ਅਤੇ ਕਿਸੇ ਦੇ ਕੰਨ ਵਿੱਚ ਪਾ ਦਿੱਤਾ ਕਿ ਸਾਰਾ ਸਿਹਰਾ ਕਰਤਾਰ ਸਿੰਘ ਲੈ ਜਾਵੇਗਾ। ਹੋਣਾ ਕੀ ਸੀ, ਬਸ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਜਥੇਬੰਦੀ ਵਿੱਚੋਂ ਤਿੰਨ ਨਵੀਆਂ ਜਥੇਬੰਦੀਆਂ ਨਿਕਲ ਆਈਆਂ।

ਅਗਲੀ ਮੀਟਿੰਗ ਵਿੱਚ ਬੰਦਿਆਂ ਨਾਲੋਂ ਕੁਰਸੀਆਂ ਵੱਧ ਸਨ। ਕਰਤਾਰ ਸਿੰਘ ਦਾ ਪੋਤਾ ਅਮਨ ਇੱਕ ਪਾਸੇ ਆਪਣੇ ਦੋਸਤ ਨਾਲ ਸ਼ਤਰੰਜ ਖੇਡ ਰਿਹਾ ਸੀ।

ਬਲਤੇਜ ਸਿੰਘ ਨੇ ਉਸ ਨੂੰ ਪੁੱਛਿਆ : ਪੁੱਤਰ, ਸ਼ਤਰੰਜ ਵਿੱਚ ਖਿਡਾਰੀ ਦਾ ਸਭ ਤੋਂ ਵੱਡਾ ਹਥਿਆਰ ਕੀ ਹੁੰਦਾ ਹੈ?

ਅਮਨ : ਆਪਣੀ ਅਗਲੀ ਚਾਲ ਨੂੰ ਚੁੱਪ ਰੱਖਣਾ।

ਬਲਤੇਜ ਸਿੰਘ : ਉਹ ਕਿਵੇਂ?

ਅਮਨ : ਜੇ ਮੈਂ ਚਾਲ ਚੱਲਣ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦੇਵਾਂ ਕਿ ਕਿਹੜਾ ਮੋਹਰਾ ਕਿੱਥੇ ਚੱਲਣਾ ਹੈ, ਤਾਂ ਤੁਸੀਂ ਕੀ ਕਰੋਗੇ?

ਬਲਤੇਜ ਸਿੰਘ : ਤੇਰੀ ਚਾਲ ਦੀ ਕਾਟ ਲੱਭ ਲਵਾਂਗਾ! ਮੈਂ ਕੋਈ ਮੂਰਖ ਹਾਂ?

ਅਮਨ : ਬੱਸ ਅੰਕਲ ਜੀ! ਵਿਰੋਧੀ ਵੀ ਮੂਰਖ ਨਹੀਂ ਹੁੰਦੇ। ਤੁਸੀਂ ਵੀ ਤਾਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਚਾਲਾਂ ਦੱਸ ਦਿੰਦੇ ਹੋ!

ਸਾਰਿਆਂ ਦੀ ਨਜ਼ਰ ਬਲਤੇਜ ਸਿੰਘ ਵੱਲ ਹੋ ਗਈ।

ਕਰਤਾਰ ਸਿੰਘ : ਪੁੱਤਰ, ਸੰਗਤ ਤੋਂ ਆਪਣੀ ਨੀਅਤ ਅਤੇ ਸੱਚਾਈ ਨਹੀਂ ਲੁਕਾਉਣੀ ਚਾਹੀਦੀ, ਪਰ ਵਿਰੋਧੀਆਂ ਅੱਗੇ ਸਮੇਂ ਤੋਂ ਪਹਿਲਾਂ ਆਪਣੀ ਰਣਨੀਤੀ ਦੇ ਸਾਰੇ ਪੱਤੇ ਖੋਲ੍ਹ ਦੇਣਾ ਵੀ ਸਿਆਣਪ ਨਹੀਂ। ਅਸੀਂ ਕੰਮ ਕਰਨ ਤੋਂ ਪਹਿਲਾਂ ਐਲਾਨ ਅਤੇ ਜਿੱਤਣ ਤੋਂ ਪਹਿਲਾਂ ਵਧਾਈਆਂ ਵੰਡਣ ਲੱਗ ਪੈਂਦੇ ਹਾਂ। ਜਦੋਂ ਤੱਕ ਅਸੀਂ ਮੈਦਾਨ ਵਿੱਚ ਪਹੁੰਚਦੇ ਹਾਂ, ਵਿਰੋਧੀ ਸਾਡੀ ਚਾਲ ਦੀ ਕਾਟ ਕਰਕੇ ਸਾਡੇ ਵਿਚਕਾਰ ਫੁੱਟ ਵੀ ਪਾ ਚੁੱਕੇ ਹੁੰਦੇ ਹਨ।

ਅਚਾਨਕ ਅਮਨ ਉੱਚੀ ਆਵਾਜ਼ ਵਿੱਚ ਬੋਲਿਆ : "ਚੈਕਮੇਟ" !

ਬਲਤੇਜ ਸਿੰਘ : ਤੂੰ ਦੱਸਿਆ ਹੀ ਨਹੀਂ ਕਿ ਇਹ ਚਾਲ ਚੱਲਣੀ ਹੈ!

ਅਮਨ : ਅੰਕਲ ਜੀ, ਚੈਕਮੇਟ ਦੱਸਿਆ ਨਹੀਂ ਜਾਂਦਾ ਬਲਕਿ ਕਰਕੇ ਵਿਖਾਇਆ ਜਾਂਦਾ ਹੈ!

ਬਲਤੇਜ ਸਿੰਘ ਨੇ ਫ਼ੌਰਨ ਫ਼ੋਨ ਕੱਢ ਕੇ ਬੋਲਿਆ, ਇਹ ਵਧੀਆ ਗੱਲ ਮੈਂ ਹੁਣੇ ਲਾਈਵ ਹੋ ਕੇ .......

ਕਰਤਾਰ ਸਿੰਘ ਨੇ ਉਸ ਦੇ ਹੱਥੋਂ ਫ਼ੋਨ ਫੜਦਿਆਂ ਕਿਹਾ : ਰਹਿਣ ਦੇ ਪੁੱਤਰਾ! ਵਿਰੋਧੀਆਂ ਦਾ ਸਭ ਤੋਂ ਵੱਡਾ ਜਾਸੂਸ ਉਨ੍ਹਾਂ ਦੇ ਦਫ਼ਤਰ, ਜਾਂ ਸਾਡੇ ਵਿਚਕਾਰ ਵਿੱਚ ਨਹੀਂ ਬਲਕਿ ਤੇਰੇ ਹੱਥ ਵਿੱਚ ਬੈਠਾ ਹੈ!

ਦਫ਼ਤਰ ਵਿੱਚ ਹਾਸਾ ਗੂੰਜ ਉੱਠਿਆ।

Leave a Comment

Reader Comments