ਆਪਣੀ ਕਲਾ ਪਛਾਣ ! (ਨਿੱਕੀ ਕਹਾਣੀ)

Share this story: WhatsApp X

ਜੰਗਲ ਵਿੱਚ ਇੱਕ ਦਿਨ ਐਲਾਨ ਹੋਇਆ :
“ਕੱਲ੍ਹ ਸਾਰਿਆਂ ਦਾ ਮੁਕਾਬਲਾ ਹੋਵੇਗਾ। ਜਿਹੜਾ ਜਿੱਤਿਆ, ਉਹ ਸੋਲ੍ਹਾਂ ਕਲਾ ਸੰਪੂਰਨ!”

ਖ਼ਰਗੋਸ਼ ਨੇ ਪੁੱਛਿਆ : “ਮੁਕਾਬਲਾ ਕਾਹਦਾ?”

ਬਾਂਦਰ ਬੋਲਿਆ : “ਰੁੱਖ ’ਤੇ ਚੜ੍ਹਨ ਦਾ!”

ਖ਼ਰਗੋਸ਼ ਦੇ ਕੰਨ ਲਟਕ ਗਏ।
ਮੱਛੀ ਬੋਲੀ—“ਮੇਰਾ ਨਾਂ ਹੁਣੇ ਕੱਟ ਦਿਓ!”
ਹਾਥੀ ਹੱਸ ਕੇ ਆਖਣ ਲੱਗਾ : “ਰੁੱਖ ’ਤੇ ਚੜ੍ਹਨਾ ਕਾਹਨੂੰ? ਰੁੱਖ ਢਾਹੁਣ ਦਾ ਮੁਕਾਬਲਾ ਰੱਖੋ!”

ਬਾਂਦਰ ਝੱਟ ਬੋਲਿਆ : “ਇਹ ਕਿਹੜੀ ਗੱਲ ਹੋਈ? ਫੇਰ ਤਾਂ ਤੂੰ ਜਿੱਤ ਜਾਵੇਂਗਾ!”

ਕੋਲ ਬੈਠਾ ਬਜ਼ੁਰਗ ਕੱਛੂਆ ਹੱਸ ਪਿਆ : “ਬੱਲੇ ਓਏ!
ਰੁੱਖ ਚੜ੍ਹਨ ਦੀ ਵਾਰੀ ਤੇਰੀ ਹੋਵੇ ਤਾਂ ਮੁਕਾਬਲਾ ਠੀਕ...
ਰੁੱਖ ਢਾਹੁਣ ਦੀ ਵਾਰੀ ਹਾਥੀ ਦੀ ਆਵੇ ਤਾਂ ਗੱਲ ਗ਼ਲਤ?”

ਸਾਰੇ ਇੱਕ-ਦੂਜੇ ਵੱਲ ਵੇਖਣ ਲੱਗ ਪਏ।

ਕੱਛੂਆ ਬੋਲਿਆ : “ਖ਼ਰਗੋਸ਼ ਤੇਜ਼ ਭੱਜ ਸਕਦਾ ਹੈ, ਮੱਛੀ ਤੇਜ਼ ਤੈਰ ਸਕਦੀ ਹੈ, ਬਾਂਦਰ ਰੁੱਖ ਚੜ੍ਹ ਸਕਦਾ ਹੈ ਤੇ ਹਾਥੀ ਆਪਣੀ ਤਾਕਤ ਨਾਲ ਵੱਡੇ ਕੰਮ ਕਰ ਸਕਦਾ ਹੈ।

ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਬਣਾਇਆ, ਫੇਰ ਅਸੀਂ ਸਾਰਿਆਂ ਨੂੰ ਇੱਕੋ ਤੱਕੜੀ ਵਿੱਚ ਕਿਉਂ ਤੋਲਦੇ ਹਾਂ?
ਹਰ ਬੰਦੇ ਵਿੱਚ ਕੋਈ ਘਾਟ ਹੁੰਦੀ ਹੈ ਤੇ ਕੋਈ ਵਡਿਆਈ। ਦੂਜੇ ਵਿੱਚ ਆਪਣੀ ਵਾਲੀ ਖ਼ੂਬੀ ਲੱਭਦੇ ਰਹੋਗੇ ਤਾਂ ਉਹ ਹਮੇਸ਼ਾ ਘੱਟ ਹੀ ਲੱਗੇਗਾ।”

ਬਾਂਦਰ ਬੋਲਿਆ : “ਪਰ ਮੈਨੂੰ ਤਾਂ ਹਰ ਕਲਾ ਆਉਣੀ ਚਾਹੀਦੀ ਹੈ!”

ਕੱਛੂਆ ਹੱਸਿਆ : “ਇਸੇ ਚੱਕਰ ਵਿੱਚ ਬੰਦਾ ਆਪਣੀ ਆਉਂਦੀ ਕਲਾ ਵੀ ਭੁੱਲ ਜਾਂਦਾ ਹੈ... ਦੂਜੇ ਵਰਗਾ ਬਣਨ ਤੁਰਦਾ ਹੈ ਤੇ ਆਪਣਾ ਆਪ ਵੀ ਗਵਾ ਬਹਿੰਦਾ ਹੈ!”

Leave a Comment

Reader Comments