ਵਿਦੇਸ਼ ਵਾਲਾ ਸਟੇਟਸ ! (ਨਿੱਕੀ ਕਹਾਣੀ )
“ਓਏ ਅਮਨ, ਤੇਰਾ ਵੀਜ਼ਾ ਨਹੀਂ ਲੱਗਿਆ?”
“ਨਹੀਂ ਯਾਰ !"
ਜਸਜੀਤ ਹੱਸ ਪਿਆ: “ਓਏ, ਅੱਜਕੱਲ੍ਹ ਜਿਹੜਾ ਬਾਹਰ ਨਹੀਂ ਗਿਆ, ਉਹ ਤਾਂ ਪਿੱਛੇ ਰਹਿ ਗਿਆ!”
ਅਮਨ ਚੁੱਪ ਕਰ ਗਿਆ।
ਕੁਝ ਮਹੀਨੇ ਬਾਅਦ ਜਸਜੀਤ ਵਿਦੇਸ਼ ਚਲਾ ਗਿਆ। ਫਿਰ ਉਸਦੇ ਸਟੇਟਸ ਆਉਣ ਲੱਗੇ ! ਹਵਾਈ ਅੱਡਾ, ਬਰਫ਼, ਨਵੀਂ ਕਾਰ, ਨਵੇਂ ਕੱਪੜੇ, ਕਲਬਿੰਗ …
ਇੱਕ ਦਿਨ ਅਮਨ ਨੇ ਫੋਨ ਕੀਤਾ: “ਭਰਾ, ਹੁਣ ਤਾਂ ਤੂੰ ਸੈੱਟ ਹੋ ਗਿਆ?”
ਜਸਜੀਤ ਨੇ ਜਵਾਬ ਦਿੱਤਾ : ਨਾ ਪੁੱਛ ਭਰਾਵਾ ! “ਕੰਮ ਸਵੇਰੇ ਤੋਂ ਰਾਤ ਤੱਕ। ਕਿਰਾਇਆ ਵੱਖਰਾ। ਕਰਜ਼ਾ ਵੱਖਰਾ। ਘਰ ਦੀ ਯਾਦ ਵੱਖਰੀ। ਪਰ ਸਟੇਟਸ ਵਿਖਾਉਣ ਨੂੰ ਸਟੇਟਸ ਪਾਉਣੇ ਪੈਂਦੇ ਨੇ… ਨਹੀਂ ਤਾਂ ਪਿੰਡ ਵਾਲੇ ਪੁੱਛਦੇ ਨੇ, ‘ਉੱਥੇ ਕਰਦਾ ਕੀ ਐਂ?’”
ਅਮਨ ਹੱਸ ਪਿਆ। ਫਿਰ ਉਸ ਨੇ ਆਪਣੇ ਸ਼ੋ-ਰੂਮ ਦੀ ਫੋਟੋ ਭੇਜੀ ਤੇ ਬੋਲਿਆ, “ਮੈਂ ਵੀ ਸੈੱਟ ਹੋ ਰਿਹਾ ਹਾਂ ਵੀਰ। ਬਸ ਮੇਰਾ ਸਟੇਟਸ ਹਵਾਈ ਅੱਡੇ ਤੋਂ ਨਹੀਂ, ਆਪਣੇ ਅੱਡੇ ’ਤੇ ਕੀਤੀ ਮਿਹਨਤ ਤੋਂ ਬਣ ਰਿਹਾ ਹੈ।”
ਜਸਜੀਤ ਕੁਝ ਦੇਰ ਚੁੱਪ ਹੋ ਗਿਆ, ਫਿਰ ਉਸ ਨੇ ਪੁੱਛਿਆ : “ਯਾਰ… ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ?”
ਅਮਨ ਹੱਸਦੇ ਹੋਏ ਬੋਲਿਆ : “ਤੂੰ ਪੁੱਛਿਆ ਹੀ ਨਹੀਂ ਸੀ ਕਿ ਮੈਂ ਕਰ ਕੀ ਰਿਹਾ ਹਾਂ… ਤੂੰ ਤਾਂ ਸਿਰਫ਼ ਇਹ ਪੁੱਛਦਾ ਰਿਹਾ ਕਿ ਵੀਜ਼ਾ ਲੱਗਿਆ ਕਿ ਨਹੀਂ!”
ਵਿਦੇਸ਼ ਜਾਣਾ ਮਾੜਾ ਨਹੀਂ। ਪਰ ਵਿਦੇਸ਼ ਜਾਣ ਨੂੰ ਹੀ ਕਾਮਯਾਬੀ ਤੇ ਪੰਜਾਬ ਵਿੱਚ ਰਹਿਣ ਨੂੰ ਹੀ ਨਾਕਾਮਯਾਬੀ ਸਮਝਣਾ ਜ਼ਰੂਰ ਸੋਚਣ ਵਾਲੀ ਗੱਲ ਹੈ।
ਕੋਈ ਖ਼ਾਸ ਥਾਂ ਨਹੀਂ, ਆਪਣਾ ਰਸਤਾ ਤੇ ਆਪਣੀ ਮਿਹਨਤ ਹੀ ਬੰਦੇ ਦੀ ਪਛਾਣ ਬਣਾਉਂਦੀ ਹੈ ! ਭਾਵੇਂ ਦੇਸ਼ ਹੋਵੇ ਤੇ ਭਾਵੇਂ ਵਿਦੇਸ਼, ਮਿਹਨਤ ਦੋਵੇਂ ਪਾਸੇ ਜਰੂਰੀ ਹੈ !
Leave a Comment