ਪਰੰਪਰਾ - ਪ੍ਰਤਿਸ਼ਠਾ - ਅਨੁਸ਼ਾਸ਼ਨ ! (ਨਿੱਕੀ ਕਹਾਣੀ)

Share this story: WhatsApp X

ਗੁਰਕੀਰਤ ਕਾਲਜ ਵਿੱਚ ਹੋਣ ਵਾਲੇ ਭਾਸ਼ਣ ਮੁਕਾਬਲੇ ਦੀ ਤਿਆਰੀ ਕਰ ਰਿਹਾ ਸੀ। ਵਿਸ਼ਾ ਸੀ—‘ਕੇਸ: ਪਰੰਪਰਾ ਜਾਂ ਧਾਰਮਿਕ ਸੋਚ ?’

ਗੁਰਕੀਰਤ : ਦਾਦਾ ਜੀ, ਮੈਂ ਭਾਸ਼ਣ ਵਿੱਚ ਕਹਾਂਗਾ ਕਿ ਸਾਡੇ ਵੱਡੇ-ਵਡੇਰੇ ਕੇਸ ਰੱਖਦੇ ਸਨ, ਇਸ ਲਈ ਅਸੀਂ ਵੀ ਰੱਖਦੇ ਹਾਂ। ਇਹ ਸਾਡੀ ਪਰੰਪਰਾ ਹੈ, ਪ੍ਰਤਿਸ਼ਠਾ ਹੈ, ਅਨੁਸ਼ਾਸ਼ਨ ਹੈ ।

ਦਾਦਾ ਗੁਰਬਚਨ ਸਿੰਘ : ਪਹਿਲੀ ਗੱਲ ਤਾਂ ਇਹ ਹੈ ਪੁੱਤਰਾ ਕਿ ਕੇਸ ਅਸੀਂ ਰੱਖਦੇ ਨਹੀਂ; ਕੁਦਰਤ ਸਾਨੂੰ ਆਪ ਦਿੰਦੀ ਹੈ। ਸਿੱਖ ਉਨ੍ਹਾਂ ਨੂੰ ਗੁਰੂ ਦੀ ਦਾਤ ਸਮਝ ਕੇ ਕਬੂਲਦਾ ਅਤੇ ਸੰਭਾਲਦਾ ਹੈ। ਜੇ ਇਹ ਕੇਵਲ ਪੁਰਾਣੀ ਪਰੰਪਰਾ ਹੁੰਦੀ ਤਾਂ ਇਸ ਨੂੰ ਅਜਾਇਬਘਰ ਵਿੱਚ ਸੰਭਾਲ ਲੈਂਦੇ। ਸਿੱਖੀ ਵਿਖਾਉਣ ਦੀ ਨਹੀਂ, ਜਿਊਣ ਦੀ ਚੀਜ਼ ਹੈ।

ਗੁਰਕੀਰਤ : ਫਿਰ ਕੇਸਾਂ ਪਿੱਛੇ ਧਾਰਮਿਕ ਸੋਚ ਕੀ ਹੈ?

ਦਾਦਾ : ਕੇਸ ਕੁਦਰਤੀ ਸਰੂਪ ਨੂੰ ਕਬੂਲਣ, ਗੁਰੂ ਦੀ ਬਖ਼ਸ਼ੀ ਪਛਾਣ ਨੂੰ ਨਿਭਾਉਣ ਅਤੇ ਅਨੁਸ਼ਾਸਨ ਵਿੱਚ ਰਹਿਣ ਦਾ ਪ੍ਰਣ ਹਨ। ਇਹ ਸਿੱਖ ਨੂੰ ਹਰ ਵੇਲੇ ਯਾਦ ਕਰਾਉਂਦੇ ਹਨ ਕਿ ਉਸ ਦੀ ਪਛਾਣ ਨਾਲ ਕੁਝ ਜ਼ਿੰਮੇਵਾਰੀਆਂ ਵੀ ਜੁੜੀਆਂ ਹਨ।

ਗੁਰਕੀਰਤ : ਕੀ ਕੇਸਾਂ ਨਾਲ ਹੀ ਕੋਈ ਚੰਗਾ ਸਿੱਖ ਬਣ ਜਾਂਦਾ ਹੈ?

ਦਾਦਾ : ਨਹੀਂ ਪੁੱਤਰਾ! ਦੁਕਾਨ ਉੱਤੇ ਵੱਡਾ ਬੋਰਡ ਲਗਾ ਦੇਣ ਨਾਲ ਅੰਦਰਲਾ ਮਾਲ ਚੰਗਾ ਨਹੀਂ ਹੋ ਜਾਂਦਾ। ਕੇਸ ਰੱਖ ਕੇ ਝੂਠ, ਹੰਕਾਰ ਅਤੇ ਬੇਈਮਾਨੀ ਕਰਨੀ ਇਉਂ ਹੈ ਜਿਵੇਂ, ‘ਉੱਚੀ ਦੁਕਾਨ, ਫਿੱਕਾ ਪਕਵਾਨ!’ ਸਰੂਪ ਦੀ ਸੋਭਾ ਚੰਗੇ ਆਚਰਨ ਨਾਲ ਹੀ ਹੈ।

ਗੁਰਕੀਰਤ : ਪਰ ਕੇਸ ਸੰਭਾਲਣੇ ਵੀ ਤਾਂ ਔਖੇ ਹਨ।

ਦਾਦਾ : ਗੁਰੂ ਨੇ ਕੇਸਾਂ ਦੇ ਨਾਲ ਕੰਘਾ ਵੀ ਦਿੱਤਾ ਹੈ। ਭਾਵ ਇਹ ਨਹੀਂ ਕਿ ਸਰੂਪ ਧਾਰ ਕੇ ਬੇਪਰਵਾਹ ਹੋ ਜਾਓ; ਪਛਾਣ ਵੀ ਰੱਖੋ ਅਤੇ ਅਨੁਸ਼ਾਸਨ ਵੀ। ਔਖਾ ਤਾਂ ਵਾਰ-ਵਾਰ ਨਾਈ ਅੱਗੇ ਸਿਰ ਝੁਕਾ ਕੇ ਹਜ਼ਾਮਤ ਬਣਵਾਉਣਾ ਹੈ! ਮਨੁੱਖ ਨਾਈ ਨੂੰ ਪੈਸੇ ਦੇ ਕੇ ਕੁਦਰਤ ਨਾਲ ਮੁਕਾਬਲਾ ਕਰਦਾ ਹੈ ਅਤੇ ਕੁਦਰਤ ਅਗਲੇ ਹੀ ਦਿਨ ਕੇਸ ਮੁੜ ਵਧਾਉਣ ਲੱਗ ਪੈਂਦੀ ਹੈ! ਤੂੰ ਦੱਸ, ਕੌਣ ਜੀਤੇਗਾ। . ਰੱਬ ਜਾਂ ਨਾਈ ?

ਗੁਰਕੀਰਤ ਹੱਸ ਪਿਆ।

ਅਗਲੇ ਦਿਨ ਭਾਸ਼ਣ ਦੇ ਅਖੀਰ ਵਿੱਚ ਉਸ ਨੇ ਕਿਹਾ : ਕੇਸ ਸਿਰਫ਼ ਪੁਰਖਿਆਂ ਤੋਂ ਮਿਲੀ ਪਰੰਪਰਾ ਨਹੀਂ, ਸਗੋਂ ਗੁਰੂ ਨਾਲ ਕੀਤੇ ਅੰਦਰਲੇ ਪ੍ਰਣ ਦੀ ਬਾਹਰਲੀ ਪਛਾਣ ਹਨ। ਸਰੂਪ ਸਾਨੂੰ ਪਛਾਣ ਦਿੰਦਾ ਹੈ ਅਤੇ ਚੰਗਾ ਆਚਰਨ ਉਸ ਪਛਾਣ ਦਾ ਮਾਣ ਰੱਖਦਾ ਹੈ।

ਇੱਕ ਵਿਦਿਆਰਥੀ ਨੇ ਪੁੱਛਿਆ : ਤਾਂ ਕੀ ਕੇਸ ਸਿੱਖ ਲਈ ਫ਼ੌਜੀ ਵਰਦੀ ਵਾਂਗ ਹਨ?

ਗੁਰਕੀਰਤ : ਫ਼ੌਜੀ ਡਿਊਟੀ ਤੋਂ ਬਾਅਦ ਆਪਣੀ ਵਰਦੀ ਉਤਾਰ ਸਕਦਾ ਹੈ, ਪਰ ਗੁਰੂ ਦੇ ਸਿੱਖ ਦੀ ਡਿਊਟੀ ਚੌਵੀ ਘੰਟੇ ਹੁੰਦੀ ਹੈ, ਨਾ ਉਸ ਦੀ ਵਰਦੀ ਉਤਰਦੀ ਹੈ ਅਤੇ ਨਾ ਹੀ ਜ਼ਿੰਮੇਵਾਰੀ ਮੁੱਕਦੀ ਹੈ !

ਹਾਲ ਤਾੜੀਆਂ ਨਾਲ ਗੂੰਜ ਉੱਠਿਆ।

Leave a Comment

Reader Comments